ਨੀਰਵ ਮੋਦੀ ਦੇ ਪਿਤਾ, ਭੈਣ ਅਤੇ ਜੀਜੇ ਨੂੰ ਈਡੀ ਦਾ ਸੰਮਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੀਐਨਬੀ ਘਪਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਤਿੰਨ ਲੋਕਾਂ ਨੂੰ ਸੰਮਨ ਜਾਰੀ ਕੀਤੇ ਹਨ। ਇਹਨਾਂ ਵਿਚ ਨੀਰਵ ਮੋਦੀ ਦੇ ਪਿਤਾ....

Nirav Modi

ਨਵੀਂ ਦਿੱਲੀ : ਪੀਐਨਬੀ ਘਪਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਤਿੰਨ ਲੋਕਾਂ ਨੂੰ ਸੰਮਨ ਜਾਰੀ ਕੀਤੇ ਹਨ। ਇਹਨਾਂ ਵਿਚ ਨੀਰਵ ਮੋਦੀ ਦੇ ਪਿਤਾ ਦੀਪਕ ਮੋਦੀ, ਭੈਣ ਪੂਰਵੀ ਮਹਿਤਾ ਅਤੇ ਉਸਦਾ ਪਤੀ ਮਯੰਕ ਮਹਿਤਾ  ਸ਼ਾਮਿਲ ਹੈ। 13 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੇ ਘਪਲੇ ਦੀ ਜਾਂਚ ਸਬੰਧੀ ਇਹ ਸੰਮਨ ਭੇਜੇ ਗਏ ਹਨ। ਤਿੰਨਾਂ ਨੂੰ ਮੁੰਬਈ ਸਥਿਤ ਈਡੀ ਦੇ ਦਫਤਰ ਵਿਚ ਹਾਜ਼ਰ ਹੋ ਕੇ ਆਪਣੇ ਬਿਆਨ ਦਰਜ ਕਰਾਉਣੇ ਹੋਣਗੇ।

ਇਸ ਮਾਮਲੇ ਵਿਚ ਈਡੀ, ਪ੍ਰਿਵੇਂਸ਼ਨ ਆਫ ਮਨੀ ਲਾਂਡਰਿੰਗ ਐਕਟ ਤਹਿਤ ਚਾਰਜਸ਼ੀਟ ਦਾਖਲ ਕਰਨ ਦੀ ਤਿਆਰੀ ਕਰ ਰਿਹਾ ਹੈ। ਈਡੀ ਦੇ ਜਾਂਚ ਅਧਿਕਾਰੀਆਂ ਮੁਤਾਬਕ ਇਸ ਮਹੀਨੇ ਦੇ ਪਹਿਲੇ ਹਫਤੇ ਵਿਚ ਸੰਮਨ ਭੇਜੇ ਗਏ ਸਨ। ਤਿੰਨਾਂ ਨੂੰ ਪੇਸ਼ ਹੋਣ ਲਈ 15 ਦਿਨ ਦਾ ਸਮਾਂ ਦਿਤਾ ਗਿਆ ਸੀ।ਜੇਕਰ ਤੈਅ ਸਮੇਂ ਦੇ ਅੰਦਰ ਜਵਾਬ ਨਹੀਂ ਆਉਂਦਾ ਤਾਂ ਨੋਟਿਸ ਭੇਜਿਆ ਜਾਵੇਗਾ। ਨੀਰਵ ਮੋਦੀ ਦੇ ਪਿਤਾ ਦੀਪਕ ਬੈਲਜ਼ੀਅਮ ਦੇ ਇੰਟਵਰਪ ਵਿਚ ਹਨ ਜਦੋਂ ਕਿ ਭੈਣ ਪੂਰਵੀ ਅਤੇ ਉਸਦਾ ਪਤੀ ਹਾਂਗਕਾਂਗ ਵਿਚ ਰਹਿੰਦੇ ਹਨ। ਸਾਰਿਆਂ ਨੂੰ ਈ-ਮੇਲ ਦੇ ਜ਼ਰੀਏ ਸੰਮਨ ਭੇਜੇ ਗਏ ਸਨ।

ਨੀਰਵ ਦੀ ਭੈਣ ਪੂਰਵੀ 'ਤੇ ਆਪਣੇ ਭਰੇ ਦੇ ਨਾਲ ਮਨੀ ਲਾਂਡਰਿੰਗ ਵਿਚ ਸ਼ਾਮਲ ਹੋਣ ਦਾ ਇਲਜ਼ਾਮ ਹੈ। ਉਥੇ ਹੀ ਉਸਦੇ ਪਤੀ 'ਤੇ ਵੀ ਨੀਰਵ ਮੋਦੀ ਦੀ ਮਦਦ ਕਰਨ ਦਾ ਸ਼ੱਕ ਹੈ। ਸਿੰਗਾਪੁਰ ਸਥਿਤ ਫਰਮ ਆਈਸਿੰਗਟਨ ਇੰਟਰਨੈਸ਼ਨਲ ਦੇ ਜ਼ਰੀਏ ਪ੍ਰਤੱਖ ਵਿਦੇਸ਼ੀ ਨਿਵੇਸ਼ ਦੇ ਤੌਰ 'ਤੇ ਹਜ਼ਾਰਾਂ ਕਰੋੜ ਰੁਪਏ ਭੇਜੇ ਗਏ ਸਨ। ਇਸ ਫਰਮ ਦਾ ਮਾਲਿਕ ਪੂਰਵੀ ਦੇ ਪਤੀ ਨੂੰ ਦਸਿਆ ਗਿਆ ਸੀ ਜੋ ਇਕ ਸ਼ੱਕੀ ਮਾਮਲਾ ਹੈ।

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਪੀਐਨਬੀ ਘੋਟਾਲੇ ਵਿਚ ਨੀਰਵ ਮੋਦੀ, ਭਰਾ ਨਿਸ਼ਾਲ, ਪਤਨੀ ਐਮੀ ਅਤੇ ਹੋਰ ਲੋਕਾਂ ਦੇ ਖਿਲਾਫ਼ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਕਰ ਰਿਹਾ ਹੈ। ਸੀਬੀਆਈ ਦੀ ਐਫਆਈਆਰ ਦੇ ਆਧਾਰ 'ਤੇ ਇਹ ਜਾਂਚ ਕੀਤੀ ਜਾ ਰਹੀ ਹੈ। ਸੀਬੀਆਈ ਨੇ ਪੀਐਨਬੀ ਦੀ ਪਹਿਲੀ ਸ਼ਿਕਾਇਤ ਦੇ ਆਧਾਰ 'ਤੇ 31 ਜਨਵਰੀ ਨੂੰ ਐਫਆਈਆਰ ਦਰਜ ਕੀਤੀ ਸੀ।

ਈਡੀ, ਨੀਰਵ ਮੋਦੀ ਅਤੇ ਮੇਹੁਲ ਚੌਕਸੀ ਵਿਰੁਧ ਇਨਕਮ ਟੈਕਸ ਵਿਭਾਗ ਦੀ ਉਸ ਰਿਪੋਰਟ ਦੇ ਆਧਾਰ 'ਤੇ ਵੀ ਜਾਂਚ ਕਰ ਰਿਹਾ ਹੈ ਜੋ ਫਰਵਰੀ ਮਹੀਨੇ ਵਿਚ ਸੀਬੀਡੀਟੀ ਅਤੇ ਵਿੱਤ ਮੰਤਰਾਲਾ ਨੂੰ ਸੌਂਪੀ ਗਈ ਸੀ| ਇਸ ਵਿਚ 4900 ਕਰੋੜ ਰੁਪਏ ਦੇ ਲੈਣ- ਦੇਣ ਦੇ ਬਾਰੇ ਵਿਚ ਸਾਫ਼ - ਸਾਫ਼ ਜਾਣਕਾਰੀ ਨਹੀਂ ਹੋਣ ਦਾ ਜ਼ਿਕਰ ਕੀਤਾ ਗਿਆ ਸੀ।