ਕਰਨਾਟਕ ਦੇ ਵਿਧਾਇਕਾਂ ਦੀ ਨਿਲਾਮੀ ਆਈਪੀਐਲ ਕ੍ਰਿਕਟਰਾਂ ਵਾਂਗ ਹੋਵੇਗੀ : ਯਸ਼ਵੰਤ ਸਿਨ੍ਹਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਜਪਾ ਦੇ ਸਾਬਕਾ ਨੇਤਾ ਯਸ਼ਵੰਤ ਸਿਨ੍ਹਾਂ ਨੇ ਟਿੱਪਣੀ ਕੀਤੀ ਹੈ ਕਿ ਕਰਨਾਟਕ ਦੇ ਰਾਜਪਾਲ ਵਜੂਭਾਈ ਵਾਲਾ ਦੇ ਰਾਜ ਵਿਚ ਸਰਕਾਰ ਬਣਾਉਣ ਲਈ ...

yashwant sinha

ਨਵੀਂ ਦਿੱਲੀ : ਭਾਜਪਾ ਦੇ ਸਾਬਕਾ ਨੇਤਾ ਯਸ਼ਵੰਤ ਸਿਨ੍ਹਾਂ ਨੇ ਟਿੱਪਣੀ ਕੀਤੀ ਹੈ ਕਿ ਕਰਨਾਟਕ ਦੇ ਰਾਜਪਾਲ ਵਜੂਭਾਈ ਵਾਲਾ ਦੇ ਰਾਜ ਵਿਚ ਸਰਕਾਰ ਬਣਾਉਣ ਲਈ ਭਾਜਪਾ ਨੂੰ ਸੱਦਾ ਦੇਣ ਨਾਲ ਅਜਿਹੀ ਸਥਿਤੀ ਪੈਦਾ ਹੋ ਗਈ ਹੈ, ਜਿਸ ਵਿਚ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਵਿਚ ਕ੍ਰਿਕਟਰਾਂ ਦੀ ਨਿਲਾਮੀ ਵਾਂਗ ਵਿਧਾਇਕਾਂ ਦੀ 'ਇੰਡੀਅਨ ਪੋਲੀਟੀਕਲ ਲੀਗ' ਤਹਿਤ ਨਿਲਾਮੀ ਕੀਤੀ ਜਾਵੇਗੀ। 

ਸਿਨ੍ਹਾ ਨੇ ਰਾਜਪਾਲ ਦੇ ਫ਼ੈਸਲੇ ਵਿਰੁਧ ਰਾਸ਼ਟਰਪਤੀ ਭਵਨ ਦੇ ਬਾਹਰ ਵਿਰੋਧ ਜ਼ਾਹਿਰ ਕੀਤਾ ਅਤੇ ਦੋਸ਼ ਲਗਾਇਆ ਕਿ ਇਸ ਅਸੰਵਿਧਾਨਕ ਕਦਮ ਨਾਲ ਲੋਕਤੰਤਰ ਦੀ ਹੱਤਿਆ ਹੋਈ ਹੈ। ਸਾਬਕਾ ਕੇਂਦਰੀ ਮੰਤਰੀ ਸਰਕਾਰ ਗਠਨ ਲਈ ਭਾਜਪਾ ਨੂੰ ਸੱਦਾ ਦੇਣ ਸਬੰਧੀ ਰਾਜਪਾਲ ਦੇ ਫ਼ੈਸਲੇ ਵਿਰੁਧ ਸੁਪਰੀਮ ਕੋਰਟ ਜਾਣ ਵਾਲੇ ਕਾਂਗਰਸ ਅਤੇ ਜੇਡੀਐਸ ਤੋਂ ਵੀ ਪ੍ਰਭਾਵਤ ਨਹੀਂ ਸਨ।

ਉਨ੍ਹਾਂ ਕਿਹਾ ਕਿ ਇਹ ਦੇਸ਼ ਦੀ ਰਾਜਨੀਤਕ ਵਿਵਸਥਾ ਦੀ ਕਮਜ਼ੋਰੀ ਹੈ ਕਿ ਇਸ ਤਰ੍ਹਾਂ ਦੇ ਮਾਮਲਿਆਂ ਵਿਚ ਉਹ ਨਿਆਂ ਦੇਣ ਵਿਚ ਅਸਫ਼ਲ ਰਿਹਾ। ਇਸ ਤੋਂ ਪਹਿਲਾਂ ਦਿਨ ਵਿਚ ਸਿਨ੍ਹਾ ਨੇ ਟਵੀਟ ਕੀਤਾ ਕਿ ਕਰਨਾਟਕ ਦਾ ਘਟਨਾਕ੍ਰਮ 2019 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਦਿੱਲੀ ਵਿਚ ਹੋਣ ਵਾਲੀਆਂ ਗਤੀਵਿਧੀਆਂ ਦਾ ਅਭਿਆਸ ਹੈ। ਉਨ੍ਹਾਂ ਕਿਹਾ ਕਿ ਭਾਜਪਾ ਕੋਲ ਬਹੁਮਤ ਲਈ ਅੱਠ ਵਿਧਾਇਕ ਘੱਟ ਹਨ। ਸਿਨ੍ਹਾਂ ਨੇ ਕਿਹਾ ਕਿ ਰਾਜਪਾਲ ਨੇ ਠੀਕ ਉਸ ਦੇ ਉਲਟ ਕੀਤਾ ਜੋ ਉਨ੍ਹਾਂ ਤੋਂ ਸੰਵਿਧਾਨ ਤਹਿਤ ਕੀਤੇ ਜਾਣ ਦੀ ਉਮੀਦ ਸੀ।

ਕ੍ਰਿਕਟ ਵਿਚ ਆਈਪੀਐਲ ਵਾਂਗ ਹੀ ਰਾਜਪਾਲ ਦੇ ਫ਼ੈਸਲੇ ਨਾਲ ਇੰਡੀਅਨ ਪੋਲੀਟੀਕਲ ਲੀਗ ਬਣ ਗਈ ਹੈ, ਜਿੱਥੇ ਵਿਧਾਇਕਾਂ ਦੀ ਨਿਲਾਮੀ ਕੀਤੀ ਜਾਵੇਗੀ। ਇਹ ਲੋਕਤੰਤਰ ਦੀ ਹੱਤਿਆ ਹੈ।  ਰਾਜਪਾਲ 'ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਜੇਕਰ ਰਾਜਪਾਲ ਪਾਰਟੀਆਂ ਦੇ ਸਿਪਾਹੀਆਂ ਦੇ ਰੂਪ ਵਿਚ ਕੰਮ ਕਰਨਾ ਸ਼ੁਰੂ ਕਰ ਦੇਣਗੇ ਤਾਂ ਲੋਕਤੰਤਰ ਕੰਮ ਨਹੀਂ ਕਰੇਗਾ।

ਭਾਜਪਾ ਨੇਤਾ ਬੀਐਸ ਯੇਦੀਯੁਰੱਪਾ ਨੇ ਵੀਰਵਾਰ ਨੂੰ ਕਰਨਾਟਕ ਦੇ ਮੁੱਖ ਮੰਤਰੀ ਦੇ ਰੂਪ ਵਿਚ ਸਹੁੰ ਲਈ। ਸੁਪਰੀਮ ਕੋਰਟ ਦੇ ਸਹੁੰ ਚੁਕਣ 'ਤੇ ਰੋਕ ਲਗਾਉਣ ਤੋਂ ਇਨਕਾਰ ਕਰਨ ਦੇ ਕੁੱਝ ਘੰਟਿਆਂ ਬਾਅਦ ਯੇਦੀਯੁਰੱਪਾ ਨੇ ਸਹੁੰ ਲਈ ਸੀ।