ਮੋਦੀ ਸਾਬ੍ਹ ਦੀ 5 ਸਾਲਾਂ ’ਚ ਪਹਿਲੀ ਪ੍ਰੈੱਸ ਕਾਨਫਰੰਸ ਹੋ ਨਿੱਬੜੀ ‘ਮਨ ਕੀ ਬਾਤ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

17 ਮਿੰਟ ਚੱਲਿਆ ਸਵਾਲ ਜਵਾਬ ਦਾ ਸਿਲਸਿਲਾ

Narendra Modi's First Press Conference

ਚੰਡੀਗੜ੍ਹ: ਸਿਆਸੀ ਪੰਡਿਤਾਂ ਮੁਤਾਬਕ ਜੇ ਕੁਝ ਦਿਨ ਹੋਰ ਬੀਤ ਜਾਂਦੇ, ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੁਤੰਤਰ ਭਾਰਤ ਦੇ ਇਤਿਹਾਸ ਵਿਚ ਦਰਜ ਅਜਿਹੇ ਪਹਿਲੇ ਪ੍ਰਧਾਨ ਮੰਤਰੀ ਹੁੰਦੇ ਜਿਨ੍ਹਾਂ ਅਪਣੇ ਪੂਰੇ ਕਾਰਜਕਾਲ ਦੌਰਾਨ ਇਕ ਵਾਰ ਵੀ ਪ੍ਰੈੱਸ ਕਾਨਫਰੰਸ ਨਹੀਂ ਕੀਤੀ। ਲੱਗਦਾ ਹੈ ਕਿ ਭਾਜਪਾ ਵਲੋਂ ਮੋਦੀ ਸਾਬ੍ਹ ਤੇ ਲੱਗਣ ਵਾਲਾ ਇਹ ਦਾਗ ਹਟਾਉਣ ਲਈ ਬੀਤੇ ਕੱਲ੍ਹ ਚੋਣਾਂ ਦੇ ਆਖਰੀ ਪੜਾਅ ਦੇ ਚੋਣ ਪ੍ਰਚਾਰ ਦੇ ਆਖਰੀ ਦਿਨ ਇਕ ਪ੍ਰੈੱਸ ਕਾਨਫਰੰਸ ਰੱਖੀ ਗਈ ਪਰ ਪ੍ਰੈੱਸ ਕਾਨਫਰੰਸ ਹੋ ਕੇ ਵੀ ਇਹ ਪ੍ਰੈੱਸ ਕਾਨਫਰੰਸ ਨਹੀਂ ਸੀ।

ਦੱਸਣਯੋਗ ਹੈ ਕਿ ਕਾਨਫਰੰਸ ਦੀ ਸ਼ੁਰੂਆਤ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਭਾਸ਼ਣ ਤੋਂ ਹੋਈ। ਉਨ੍ਹਾਂ ਨੇ ਭਾਸ਼ਣ ਇੰਝ ਦਿਤਾ ਜਿਵੇਂ ਕਿਸੇ ਚੋਣ ਰੈਲੀ ਵਿਚ ਬੋਲ ਰਹੇ ਹੋਣ। ਨਰਿੰਦਰ ਮੋਦੀ experiment ਯਾਨੀ ਕਿ ਨਰਿੰਦਰ ਮੋਦੀ ਪ੍ਰਯੋਗ ਦੇ ਸਫ਼ਲ ਹੋਣ ਦਾ ਐਲਾਨ ਕੀਤਾ ਅਤੇ ਚੱਲ ਰਹੀਆਂ ਚੋਣਾਂ ਦਾ ਨਤੀਜਾ ਵੀ ਐਲਾਨ ਦਿਤਾ। ਅਮਿਤ ਸ਼ਾਹ ਦੇ 22 ਮਿੰਟ ਦੇ ਭਾਸ਼ਣ ਤੋਂ ਬਾਅਦ ਵਾਰੀ ਆਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ। ਮੋਦੀ ਸਾਬ੍ਹ ਨੇ ਬੋਲਣਾ ਸ਼ੁਰੂ ਕੀਤਾ। ਇੰਝ ਲੱਗਿਆ ਜਿਵੇਂ ਰੇਡੀਓ ਤੇ ਹੋਣ ਵਾਲੀ ‘ਮਨ ਕਿ ਬਾਤ’ live television ਤੇ ਹੋ ਰਹੀ ਸੀ।

ਮੋਦੀ ਸਾਬ੍ਹ ਨੇ 12 ਮਿੰਟ ਆਪਣੇ ਮਨ ਕੀ ਬਾਤ ਕਹੀ। ਇਸ ਭਾਸ਼ਣ ਵਿਚ ਉਨ੍ਹਾਂ ਨੇ IPL, ਰਮਜ਼ਾਨ, ਬੱਚਿਆਂ ਦੇ exams ਸਭ ਚੀਜ਼ਾਂ ਦੀ ਗੱਲ ਕੀਤੀ। ਇੱਥੋਂ ਤੱਕ ਕਿ ਸੱਟਾ ਬਾਜ਼ਾਰ ਦੀ ਵੀ ਗੱਲ ਕੀਤੀ। ਭਾਰਤ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋ ਸਾਲ 2014 ਵਿਚ ਚੋਣਾਂ ਦੇ ਨਤੀਜਿਆਂ ਵਿਚ ਸਾਫ਼ ਹੋ ਗਿਆ ਕਿ ਭਾਜਪਾ ਦੀ ਬਹੁਮਤ ਵਾਲੀ ਸਰਕਾਰ ਆਏਗੀ, ਤਾਂ ਸੱਟਾ ਬਜ਼ਾਰ ਨੂੰ ਕਾਫ਼ੀ ਨੁਕਸਾਨ ਪੁਹੰਚਿਆ। ਇੱਥੇ ਇਹ ਗੱਲ ਹੈਰਾਨ ਕਰਨ ਵਾਲੀ ਸੀ ਕਿ ਕੀ ਦੇਸ਼ ਦੇ ਪ੍ਰਧਾਨ ਮੰਤਰੀ ਦੀ ਇਮਾਨਦਾਰੀ ਦਾ ਪ੍ਰਤੀਕ ਹੁਣ ਸੱਟਾ ਬਾਜ਼ਾਰ ਹੋਵੇਗਾ, ਇਹ ਗੱਲ ਸੋਚਣ ਵਾਲੀ ਹੈ।

ਭਾਸ਼ਣ ਤੋਂ ਬਾਅਦ ਪੂਰਾ ਦੇਸ਼ ਚੌਕੰਨਾ ਹੋ ਕੇ ਬੈਠ ਗਿਆ, ਕਿ ਅੱਜ 5 ਸਾਲ ਬਾਅਦ ਪ੍ਰਧਾਨ ਮੰਤਰੀ ਦੀ ਪਹਿਲੀ ਪ੍ਰੈੱਸ ਕਾਨਫਰੰਸ ਵਿਚ ਉਹ ਪਹਿਲੀ ਵਾਰ ਮੀਡੀਆ ਦੇ ਸਵਾਲਾਂ ਦੇ ਜਵਾਬ ਦੇਣਗੇ। ਸਵਾਲਾਂ ਦਾ ਸਿਲਸਿਲਾ ਸ਼ੁਰੂ ਹੋਇਆ ਅਤੇ ਸਭ ਬੜੀ ਉਤਸੁਕਤਾ ਨਾਲ ਮੋਦੀ ਸਾਹਿਬ ਦਾ ਉੱਤਰ ਉਡੀਕਣ ਲੱਗੇ ਪਰ ਅਗਲੇ ਹੀ ਪਲ ਸਾਰੀਆਂ ਉਮੀਦਾਂ ਤੇ ਪਾਣੀ ਫਿਰ ਗਿਆ ਜਦੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਪ੍ਰਧਾਨ ਮੰਤਰੀ ਦੀ ਥਾਂ ਭਾਜਪਾ ਪ੍ਰਧਾਨ ਦੇਣ ਲੱਗੇ। 17 ਮਿੰਟ ਚੱਲੇ ਸਵਾਲ ਜਵਾਬ ਦੇ ਇਸ ਸੈਸ਼ਨ ਵਿਚ ਪ੍ਰਧਾਨ ਮੰਤਰੀ ਜੀ ਚੁੱਪ ਕਰਕੇ ਬੈਠੇ ਰਹੇ।

ਤਿੰਨ ਪੱਤਰਕਾਰਾਂ ਨੇ ਸਿੱਧਾ ਪ੍ਰਧਾਨ ਮੰਤਰੀ ਜੀ ਨੂੰ ਸਵਾਲ ਕਰਨ ਦੀ ਕੋਸ਼ਿਸ਼ ਕੀਤੀ, ਇਹ ਕਹਿ ਕੇ ਕਿ ਅਸੀਂ ਸਵਾਲ ਤੁਹਾਨੂੰ ਪੁੱਛਿਆ ਹੈ। ਕੁੱਲ ਮਿਲਾ ਕੇ, 17 ਮਿੰਟ ਚੱਲੇ ਸਵਾਲ ਜਵਾਬ ਦੇ ਸਿਲਸਿਲੇ ਦੌਰਾਨ ਮੋਦੀ ਸਾਬ੍ਹ ਕੁਝ ਵੀ ਨਹੀਂ ਬੋਲੇ। ਅੰਤ ਵਿਚ ਇਕ ਬੜਾ ਹੀ ਦਿਲਚਸਪ ਸਵਾਲ ਪੁੱਛਿਆ ਗਿਆ ਕਿ ਬੀਤੇ ਪੰਜ ਸਾਲਾਂ ਵਿਚ ਸੱਤਾਧਾਰੀ ਪਾਰਟੀ ਨੂੰ ਕੋਈ ਮਲਾਲ ਤਾ ਨਹੀਂ ਰਹਿ ਗਿਆ, ਤਾਂ ਮੀਡੀਆ ਦੇ ਸਵਾਲਾਂ ਦੇ ਜਵਾਬ ਨਾ ਦੇਣ ਲਈ ਮਸ਼ਹੂਰ ਪ੍ਰਧਾਨ ਮੰਤਰੀ ਮੋਦੀ ਜੀ ਦੇ ਪਾਰਟੀ ਪ੍ਰਧਾਨ ਨੇ ਇਹ ਕਹਿੰਦੇ ਹੋਏ ਕਾਨਫਰੰਸ ਸਮਾਪਤ ਕਰ ਦਿਤੀ, ਕਿ ਇੱਕੋ ਮਲਾਲ ਰਹਿ ਗਿਆ ਕਿ ਮੀਡੀਆ ਨੂੰ ਨਾਲ ਨਹੀਂ ਲੈ ਕੇ ਤੁਰ ਸਕੇ।

 ਇਹ ਗੱਲ ਅਪਣੇ ਆਪ ਵਿਚ ਹੀ ਵਿਅੰਗਾਤਮਕ ਜਾਪਦੀ ਹੈ। ਇਨ੍ਹਾਂ 5 ਸਾਲਾਂ ਵਿਚ ਮੀਡੀਆ ਵਲੋਂ ਹਰ ਕੋਸ਼ਿਸ਼ ਕੀਤੀ ਗਈ ਪ੍ਰਧਾਨ ਮੰਤਰੀ ਜੀ ਨੂੰ ਸਿੱਧੇ ਸਵਾਲ ਕਰਨ ਦੀ, ਪਰ ਓਹਨਾ ਨੇ ਅਪਣੇ ਕਾਰਜਕਾਲ ਦੇ ਅੰਤ ਵਿਚ ਆ ਕੇ ਅਪਣੇ ਪਸੰਦੀਦਾ ਕੁਝ ਚੈਨਲਾਂ ਨੂੰ ਇੰਟਰਵਿਊ ਦਿਤੇ। ਇਨ੍ਹਾਂ ਹੋਈਆਂ ਇੰਟਰਵਿਊ ਦਾ ਰਾਸ਼ਟਰੀ ਅਤੇ ਕੌਮਾਂਤਰੀ ਪੱਧਰ ’ਤੇ ਕਾਫ਼ੀ ਮਜ਼ਾਕ ਵੀ ਬਣਿਆ ਕਿਉਂਕਿ ਇਹਨਾਂ ਵਿਚ ਪੱਤਰਕਾਰਾਂ ਵਲੋਂ ਕਿਸੇ ਵੀ ਮੁੱਦੇ ਤੇ ਮੋਦੀ ਸਾਹਿਬ ਨੂੰ ਘੇਰਿਆ ਨਹੀਂ ਗਿਆ।

ਮੁੱਦਿਆਂ ਦੀ ਗੱਲ ਕਰਨ ਦੀ ਥਾਂ ਤੇ ਮੋਦੀ ਜੀ ਨੂੰ ਅੰਬ ਖਾਣ ਬਾਰੇ ਜਾਂ ਫੇਰ ਉਨ੍ਹਾਂ ਦੀ energy ਦੇ ਰਾਜ ਬਾਰੇ ਪੁੱਛਿਆ ਗਿਆ। ਮੋਦੀ ਸਾਬ੍ਹ ਦੇ ਪ੍ਰੈੱਸ ਕਾਨਫਰੰਸ ਦੌਰਾਨ ਹਾਵ ਭਾਵ ਦੀ ਇਕ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਵਿਚ ਬਣਾਉਣ ਵਾਲੇ ਨੇ ਸਵਾਲ ਜਵਾਬ ਦੇ 17 ਮਿੰਟਾਂ ਦੌਰਾਨ ਮੋਦੀ ਸਾਬ੍ਹ ਦੀ ਕਲਿੱਪ ਨੂੰ ਫਾਸਟ ਫਾਰਵਰਡ ਕਰ ਕੇ ਇਕ ਮਿੰਟ ਦੀ ਵੀਡੀਓ ਬਣਾਈ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਮੌਕਾ ਨਾ ਛੱਡਿਆ ਅਤੇ ਟਵੀਟ ਕਰਕੇ ਕਿਹਾ ਕਿ ਮੋਦੀ ਜੀ ਵਧਾਈਆਂ ਹੋਣ। ਪ੍ਰੈੱਸ ਕਾਨਫਰੰਸ ਬਹੁਤ ਹੀ ਵਧੀਆ ਸੀ। 

 


 

ਮੀਡੀਆ ਦੇ ਸਾਹਮਣੇ ਆਉਣਾ ਹੀ ਅੱਧੀ ਜੰਗ ਜਿੱਤਣ ਦੇ ਬਰਾਬਰ ਸੀ। ਅਗਲੀ ਵਾਰ ਹੋ ਸਕਦਾ ਹੈ ਸ਼ਾਹ ਜੀ ਤੁਹਾਨੂੰ ਇਕ ਦੋ ਸਵਾਲਾਂ ਦੇ ਜਵਾਬ ਦੇਣ ਦੀ ਇਜਾਜ਼ਤ ਵੀ ਦੇ ਦੇਣ। ਇੱਥੇ ਇਹ ਵੀ ਦੱਸ ਦਈਏ ਕਿ ਭਾਰਤ ਦੇ ਮੀਡੀਆ ਵਲੋਂ ਵੀ ਇਸ ਪ੍ਰੈੱਸ ਕਾਨਫਰੰਸ ਦੀ ਅਲੋਚਨਾ ਕੀਤੀ ਗਈ ਪਰ ਇਸ ਸਭ ਵਿਚ ਕਲਕੱਤਾ ਤੋਂ ਛਪਦੇ ਅਖ਼ਬਾਰ ‘ਦ ਟੈਲੀਗ੍ਰਾਫ਼’ ਵਲੋਂ ਪਹਿਲੇ ਪੰਨੇ ਉਤੇ ਛਾਪੀ ਗਈ ਖ਼ਬਰ ਇਸ ਨੂੰ ਬਿਲਕੁਲ ਸਹੀ ਦਰਸਾਉਂਦੀ ਹੈ।

ਇਸ ਵਿਚ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਪੂਰੀ ਪ੍ਰੈੱਸ ਕਾਨਫਰੰਸ ਦੌਰਾਨ ਪ੍ਰਧਾਨ ਮੰਤਰੀ ਮੌਨ ਰਹੇ ਅਤੇ ਪ੍ਰਧਾਨ ਮੰਤਰੀ ਦੀ ਪ੍ਰੈੱਸ ਕਾਨਫਰੰਸ ਉਤੇ ਲਿਖਣ ਲਈ ਅਖ਼ਬਾਰ ਨੂੰ ਕੁਝ ਨਹੀਂ ਮਿਲਿਆ।

-ਰਵਿਜੋਤ ਕੌਰ