ਆਖ਼ਰੀ ਗੇੜ ਤਹਿਤ ਮੋਦੀ ਸਮੇਤ 59 ਲੋਕ ਸਭਾ ਸੀਟਾਂ ’ਤੇ ਵੋਟਿੰਗ ਭਲਕੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੱਲ੍ਹ ਹੋਵੇਗਾ 59 ਸੀਟਾਂ ’ਤੇ ਖੜ੍ਹੇ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ

Lok Sabha Election

ਚੰਡੀਗੜ੍ਹ: ਦੇਸ਼ ਵਿਚ ਲੋਕ ਸਭਾ ਚੋਣਾਂ ਦੇ ਆਖ਼ਰੀ ਗੇੜ ਲਈ ਚੋਣ ਪ੍ਰਚਾਰ ’ਤੇ ਬੀਤੇ ਕੱਲ੍ਹ ਸ਼ਾਮ 6 ਵਜੇ ਬ੍ਰੇਕ ਲੱਗ ਗਈ ਸੀ। 19 ਮਈ ਨੂੰ ਯਾਨੀ ਕੱਲ੍ਹ ਆਖ਼ਰੀ ਗੇੜ ਤਹਿਤ 59 ਲੋਕ ਸਭਾ ਸੀਟਾਂ ’ਤੇ ਖੜ੍ਹੇ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਹੋਵੇਗਾ, ਜਿੰਨ੍ਹਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਹਨ। 59 ਲੋਕ ਸਭਾ ਸੀਟਾਂ ਵਿਚੋਂ 13 ਸੀਟਾਂ ਪੰਜਾਬ, 13 ਹੀ ਉੱਤਰ ਪ੍ਰਦੇਸ਼, ਚੰਡੀਗੜ੍ਹ ਦੀ ਇਕ ਤੇ ਹਿਮਾਚਲ ਪ੍ਰਦੇਸ਼ ਦੀਆਂ 4 ਲੋਕ ਸਭਾ ਸੀਟਾਂ ਵੀ ਸ਼ਾਮਲ ਹਨ।

ਮੁੱਖ ਚੋਣ ਅਫ਼ਸਰ ਡਾ. ਐਸ. ਕਰੁਣਾ ਰਾਜੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੋਟਾਂ ਪੈਣ ਦੀ ਪ੍ਰਕਿਰਿਆ ਤੋਂ 48 ਘੰਟੇ ਪਹਿਲਾਂ ਲਾਗੂ ਹੋਣ ਵਾਲੀਆਂ ਹਦਾਇਤਾਂ ਮੁਤਾਬਕ ਆਖ਼ਰੀ 48 ਘੰਟਿਆਂ ਦੌਰਾਨ ਚੋਣ ਪ੍ਰਚਾਰ ਉਤੇ ਪੂਰੀ ਤਰ੍ਹਾਂ ਪਾਬੰਦੀ ਹੈ। ਉਨ੍ਹਾਂ ਦੱਸਿਆ ਕਿ ਲੋਕ ਪ੍ਰਤੀਨਿਧਤਾ ਐਕਟ 1951 ਦੀ ਧਾਰਾ 126 ਮੁਤਾਬਕ ਇਨ੍ਹਾਂ 48 ਘੰਟਿਆਂ ਦੌਰਾਨ ਚੋਣਾਂ ਨਾਲ ਸਬੰਧਤ ਕਿਸੇ ਪਬਲਿਕ ਮੀਟਿੰਗ, ਪ੍ਰੋਗਰਾਮ ਆਯੋਜਿਤ ਕਰਨ, ਕਿਸੇ ਪ੍ਰੋਗਰਾਮ ਵਿਚ ਸ਼ਾਮਲ ਹੋਣ, ਸੰਬੋਧਨ ਕਰਨ ਜਾਂ ਜਲੂਸ ਵਿਚ ਭਾਗ ਲੈਣ ਦੀ ਪੂਰਨ ਤੌਰ ’ਤੇ ਮਨਾਹੀ ਹੈ।

ਇਸ ਤੋਂ ਇਲਾਵਾ ਲੋਕਾਂ ਨੂੰ ਫ਼ਿਲਮਾਂ, ਟੈਲੀਵਿਜ਼ਨ ਜਾਂ ਕਿਸੇ ਹੋਰ ਮਾਧਿਅਮ ਰਾਹੀਂ ਚੋਣਾਂ ਨਾਲ ਸਬੰਧਤ ਕੋਈ ਚੀਜ਼ ਵਿਖਾਉਣ ਦੀ ਵੀ ਮਨਾਹੀ ਹੈ। ਲੋਕਾਂ ਨੂੰ ਚੋਣਾਂ ਸਬੰਧੀ ਪ੍ਰਭਾਵਿਤ ਕਰਨ ਲਈ ਸੰਗੀਤਕ ਪ੍ਰੋਗਰਾਮ ਕਰਵਾਉਣਾ ਜਾਂ ਨਾਟਕ ਅਤੇ ਕਿਸੇ ਵੀ ਮਨ-ਪਰਚਾਵੇ ਦੀ ਵਿਧੀ ਰਾਹੀ ਪ੍ਰੋਗਰਾਮ ਆਯੋਜਿਤ ਕਰਨ ਦੀ ਮਨਾਹੀ ਹੈ। ਡਾ. ਰਾਜੂ ਨੇ ਕਿਹਾ ਕਿ ਉਪਰੋਕਤ ਧਾਰਾ ਦੀ ਉਲੰਘਣਾ ਕਰਨ ਵਾਲੇ ਨੂੰ ਦੋ ਸਾਲ ਕੈਦ, ਜੁਰਮਾਨਾ ਜਾਂ ਫੇਰ ਦੋਵੇਂ ਹੋ ਸਜ਼ਾਵਾਂ ਦਿਤੀਆਂ ਜਾ ਸਕਦੀਆਂ ਹਨ।

ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਡੋਰ ਟੂ ਡੋਰ ਮਿਲਣ ਉਤੇ ਕਿਸੇ ਤਰ੍ਹਾਂ ਦੀ ਕੋਈ ਪਾਬੰਦੀ ਨਹੀਂ ਲਗਾਈ ਗਈ ਹੈ ਅਤੇ ਇਹ ਕਾਰਵਾਈ ਜ਼ਿਲ੍ਹੇ ਵਿਚ ਲਾਗੂ ਸੀ.ਆਰ.ਪੀ.ਸੀ ਦੀ ਧਾਰਾ 144 ਅਤੇ ਲੋਕ ਪ੍ਰਤੀਨਿਧਤਾ ਐਕਟ 1951 ਦੀ ਧਾਰਾ 126 ਮੁਤਾਬਕ ਹੀ ਕੀਤੀ ਜਾਣੀ ਹੈ। ਜ਼ਿਕਰਯੋਗ ਹੈ ਕਿ ਕੱਲ੍ਹ ਆਖ਼ਰੀ ਗੇੜ ਤਹਿਤ ਵੋਟਿੰਗ ਹੋਣ ਜਾ ਰਹੀ ਹੈ ਤੇ ਇਸ ਤੋਂ ਬਾਅਦ 23 ਮਈ ਨੂੰ ਦੇਸ਼ ਭਰ ਵਿਚ ਹੋਈਆਂ ਚੋਣਾਂ ਦੇ ਨਤੀਜੇ ਐਲਾਨ ਦਿਤੇ ਜਾਣਗੇ।