ਵਾਧਾ ਦਰ ਉਪਰ ਲਿਜਾਣ ਲਈ ਜ਼ੋਰਦਾਰ ਹੰਭਲਾ ਮਾਰਨਾ ਪਵੇਗਾ : ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਦੇਸ਼ ਦੀ ਅਰਥਵਿਵਸਥਾ ਸਾਹਮਣੇ ਤਾਜ਼ਾ ਚੁਨੌਤੀ ਵਾਧਾ ਦਰ ਨੂੰ ਦਹਾਈ ਦੇ ਅੰਕ 'ਤੇ ਲਿਜਾਣ ਦੀ ਹੈ ਜਿਸ ਵਾਸਤੇ ਕਈ ਹੋਰ...
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਦੇਸ਼ ਦੀ ਅਰਥਵਿਵਸਥਾ ਸਾਹਮਣੇ ਤਾਜ਼ਾ ਚੁਨੌਤੀ ਵਾਧਾ ਦਰ ਨੂੰ ਦਹਾਈ ਦੇ ਅੰਕ 'ਤੇ ਲਿਜਾਣ ਦੀ ਹੈ ਜਿਸ ਵਾਸਤੇ ਕਈ ਹੋਰ ਅਹਿਮ ਕਦਮ ਚੁਕਣੇ ਪੈਣਗੇ। ਉਹ ਨੀਤੀ ਆਯੋਗ ਦੀ ਸੰਚਾਲਨ ਪਰਿਸ਼ਦ ਦੀ ਬੈਠਕ ਦੇ ਉਦਘਾਟਨੀ ਇਜਲਾਸ ਨੂੰ ਸੰਬੋਧਨ ਕਰ ਰਹੇ ਸਨ। ਬੈਠਕ ਵਿਚ 23 ਮੁੱਖ ਮੰਤਰੀ ਅਤੇ ਇਕ ਉਪ ਰਾਜਪਾਲ ਸ਼ਾਮਲ ਹੋਏ। ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਦੁਨੀਆਂ ਉਮੀਦ ਕਰ ਰਹੀ ਹੈ ਕਿ ਭਾਰਤ ਛੇਤੀ ਹੀ 5000 ਅਰਬ ਡਾਲਰ ਦੀ ਅਰਥਵਿਵਸਥਾ ਬਣ ਜਾਵੇਗਾ।
ਉਨ੍ਹਾਂ ਕਿਹਾ ਕਿ ਬੀਤੇ ਵਿੱਤੀ ਵਰ੍ਹੇ ਦੀ ਚੌਥੀ ਤਿਮਾਹੀ ਵਿਚ ਭਾਰਤੀ ਅਰਥਵਿਵਸਥਾ ਨੇ ਮਜ਼ਬੂਤ 7.7 ਫ਼ੀ ਸਦੀ ਦਾ ਵਾਧਾ ਦਰਜ ਕੀਤਾ ਹੈ ਅਤੇ ਹੁਣ ਚੁਨੌਤੀ ਵਾਧਾ ਦਰ ਨੂੰ ਦਹਾਈ ਦੇ ਅੰਕ 'ਤੇ ਲਿਜਾਣ ਦੀ ਹੈ। ਉਨ੍ਹਾਂ ਕਿਹਾ ਕਿ ਸੰਚਾਲਨ ਪਰਿਸ਼ਦ ਅਜਿਹਾ ਮੰਚ ਹੈ ਜਿਹੜਾ ਇਤਿਹਾਸਕ ਤਬਦੀਲੀ ਲਿਆ ਸਕਦਾ ਹੈ। ਉਨ੍ਹਾਂ ਹੜ੍ਹ ਪੀੜਤ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿਤਾ।
ਉਨ੍ਹਾਂ ਕਿਹਾ ਕਿ ਸਮਰੱਥਾ ਅਤੇ ਸਾਧਨਾਂ ਦੀ ਕਮੀ ਨਹੀਂ ਅਤੇ ਚਾਲੂ ਵਿੱਤੀ ਵਰ੍ਹੇ ਵਿਚ ਰਾਜਾਂ ਨੂੰ ਕੇਂਦਰ ਤੋਂ 11 ਲੱਖ ਕਰੋੜ ਰੁਪਏ ਮਿਲਣਗੇ ਜੋ ਪਿਛਲੀ ਸਰਕਾਰ ਦੇ ਆਖ਼ਰੀ ਕਾਰਜਕਾਲ ਦੀ ਤੁਲਨਾ ਵਿਚ ਛੇ ਲੱਖ ਕਰੋੜ ਰੁਪਏ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ 2022 ਤਕ ਨਿਊ ਇੰਡੀਆ ਦਾ ਸੁਪਨਾ ਹਾਸਲ ਕਰਨ ਲਈ ਇਹ ਕਦਮ ਚੁਕਣੇ ਜ਼ਰੂਰੀ ਹਨ। ਉਨ੍ਹਾਂ ਅਪਣੀ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਵੱਖ ਵੱਖ ਯੋਜਨਾਵਾਂ ਵੀ ਗਿਣਾਈਆਂ ਤੇ ਨਾਲ ਹੀ ਦਸਿਆ ਕਿ ਰਾਜਾਂ ਨੂੰ ਕਿੰਨਾ ਪੈਸਾ ਦਿਤਾ ਗਿਆ ਹੈ। (ਏਜੰਸੀ)