ਟਿਕਟਾਂ ਕੱਟਣ ਦੇ ਨਾਲ-ਨਾਲ ਇਨਸਾਨੀਅਤ ਵੀ ਸਿਖਾਉਂਦਾ ਹੈ ਇਹ ਬੱਸ ਕੰਡਕਟਰ!
ਸੀਟ 'ਤੇ ਜਾ ਕੇ ਹਰ ਯਾਤਰੀ ਨੂੰ ਪਿਆਉਂਦਾ ਹੈ ਪਾਣੀ
ਕੋਈ ਯਾਤਰੀ ਬੱਸ 'ਚ ਪਿਆਸਾ ਜ਼ਰੂਰ ਚੜ੍ਹ ਸਕਦਾ ਹੈ ਪਰ ਕਿਸੇ ਨੂੰ ਵੀ ਬਗ਼ੈਰ ਪਾਣੀ ਪਿਆਏ ਉਤਰਨ ਨਹੀਂ ਦਿੰਦੇ : ਸੁਖਬੀਰ ਚੋਟੀਵਾਲਾ
ਚੰਡੀਗੜ੍ਹ (ਕੋਮਲਜੀਤ ਕੌਰ, ਸੁਮਿਤ ਸਿੰਘ) : ਬੱਸ, ਆਮ ਤੌਰ 'ਤੇ ਆਵਾਜਾਈ ਦਾ ਕਿਫ਼ਾਇਤੀ ਅਤੇ ਸੌਖਾ ਸਾਧਨ ਹੈ। ਭਾਵੇਂ ਕਿ ਅੱਜ ਕਲ ਨਿਜੀ ਸਾਧਨਾਂ ਦੀ ਗਿਣਤੀ ਵੱਧ ਗਈ ਹੈ ਪਰ ਹਰ ਵਰਗ ਦੇ ਲੋਕ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਲਈ ਬੱਸ ਵਿਚ ਸਫ਼ਰ ਕਰਨਾ ਪਸੰਦ ਕਰਦੇ ਹਨ। ਗਰਮੀ ਦੇ ਇਸ ਮੌਸਮ ਵਿਚ ਬੋਤਲ ਬੰਦ ਪਾਣੀ ਦੀ ਮੰਗ ਵੱਧ ਜਾਂਦੀ ਹੈ ਅਤੇ ਬੱਸ ਅੱਡਿਆਂ ਤੋਂ ਮਹਿੰਗੇ ਭਾਅ ਵੀ ਯਾਤਰੀ ਪੀਣ ਲਈ ਪਾਣੀ ਖ਼ਰੀਦਦੇ ਹਨ।
ਇਹ ਵੀ ਪੜ੍ਹੋ: ਖੇਤੀ ਦੇ ਨਾਲ-ਨਾਲ ਜੂਸ ਦੀ ਰੇਹੜੀ ਲਗਾ ਕੇ ਵਧੀਆ ਕਮਾਈ ਕਰ ਰਿਹੈ ਇਹ ਕਿਸਾਨ
ਰੋਜ਼ਾਨਾ ਸਪੋਕਸਮੈਨ ਟੀਮ ਵਲੋਂ ਇਕ ਅਜਿਹੇ ਸ਼ਖ਼ਸ ਨਾਲ ਗੱਲ ਕੀਤੀ ਗਈ ਜੋ ਕੰਡਕਟਰੀ ਦੇ ਨਾਲ-ਨਾਲ ਲੋਕਾਂ ਦੀ ਸੇਵਾ ਵੀ ਕਰਦੇ ਹਨ। ਸੁਖਬੀਰ ਚੋਟੀਵਾਲਾ 2012 ਤੋਂ ਹਰਿਆਣਾ ਰੋਡਵੇਜ਼ ਵਿਚ ਕੰਡਕਟਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ ਅਤੇ ਟਿਕਟਾਂ ਕੱਟਣ ਤੋਂ ਬਾਅਦ ਉਹ ਸੀਟ 'ਤੇ ਜਾ ਕੇ ਸਵਾਰੀਆਂ ਨੂੰ ਪਾਣੀ ਵੀ ਪਿਆਉਂਦੇ ਹਨ। ਗਲਬਾਤ ਦੌਰਾਨ ਸੁਖਬੀਰ ਨੇ ਦਸਿਆ ਕਿ ਉਹ ਹਰਿਆਣਾ ਦੇ ਜ਼ਿਲ੍ਹਾ ਰੋਹਤਕ ਦੇ ਵਸਨੀਕ ਹਨ।
ਇਹ ਵੀ ਪੜ੍ਹੋ: ਇਹ ਸਰਦਾਰ ਜੀ ਨੇ ਦਸਿਆ ਜ਼ਿੰਦਗੀ 'ਚ ਖ਼ੁਸ਼ ਰਹਿਣਾ ਦਾ ਰਾਜ਼!
ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਦਸਿਆ ਕਿ ਗਰਮੀ ਦੇ ਮੌਸਮ ਵਿਚ ਸਵਾਰੀਆਂ ਨੂੰ ਮਹਿੰਗੇ ਭਾਅ ਦਾ ਪਾਣੀ ਖ਼ਰੀਦਣਾ ਪੈਂਦਾ ਹੈ। ਇਸ ਨੂੰ ਦੇਖਦੇ ਹੋਏ ਹੀ ਉਨ੍ਹਾਂ ਨੇ 2017 ਤੋਂ ਪਾਣੀ ਪਿਆਉਣ ਦੀ ਸੇਵਾ ਸ਼ੁਰੂ ਕੀਤੀ ਹੈ। ਸੁਖਬੀਰ ਦਾ ਕਹਿਣਾ ਹੈ ਕਿ ਲੋਕਾਂ ਦੀ ਸੇਵਾ ਕਰ ਕੇ ਉਨ੍ਹਾਂ ਦੇ ਮਨ ਨੂੰ ਸੰਤੁਸ਼ਟੀ ਮਿਲਦੀ ਹੈ।
ਇਹ ਵੀ ਪੜ੍ਹੋ: ਦਰਬਾਰ ਸਾਹਿਬ ਤੋਂ ਬਾਹਰ ਕਿਉਂ ਆਉਣਾ ਚਾਹੁੰਦੇ ਸਨ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ?
ਦੱਸ ਦੇਈਏ ਕਿ ਉਹ ਸਵੇਰੇ ਸੋਨੀਪਤ ਤੋਂ ਦਿੱਲੀ ਅਤੇ ਦਿੱਲੀ ਤੋਂ ਚੰਡੀਗੜ੍ਹ ਆਉਂਦੇ ਹਨ ਅਤੇ ਫਿਰ ਇਸੇ ਰਸਤੇ ਹੀ ਚੰਡੀਗੜ੍ਹ ਤੋਂ ਸੋਨੀਪਤ ਤਕ ਦਾ ਸਫ਼ਰ ਕਰਦੇ ਹਨ। ਸੁਖਬੀਰ ਦੇ ਦੱਸਣ ਮੁਤਾਬਕ ਉਨ੍ਹਾਂ ਕੋਲ 9 ਕੈਂਪਰ ਹਨ ਜਿਨ੍ਹਾਂ ਨੂੰ ਉਹ ਲੋੜ ਮੁਤਾਬਕ ਵਰਤਦੇ ਹਨ। ਉਨ੍ਹਾਂ ਦਸਿਆ ਕਿ ਉਹ ਸਵਾਰੀਆਂ ਲਈ ਸਾਫ਼-ਸੁਥਰਾ ਪਾਣੀ ਭਰ ਕੇ ਰੱਖਦੇ ਹਨ। ਸੁਖਬੀਰ ਚੋਟੀਵਾਲਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਬੱਸ ਵਿਚ ਕੋਈ ਯਾਤਰੀ ਪਿਆਸਾ ਜ਼ਰੂਰ ਚੜ੍ਹ ਸਕਦਾ ਹੈ ਪਰ ਕਿਸੇ ਨੂੰ ਵੀ ਬਗ਼ੈਰ ਪਾਣੀ ਪਿਆਏ ਬੱਸ ਵਿਚੋਂ ਨਹੀਂ ਉਤਰਨ ਦਿੰਦੇ।