ਉੱਤਰ ਭਾਰਤ 'ਚ ਦੋ ਦਿਨਾਂ ਤਕ ਭਾਰੀ ਮੀਂਹ ਦੀ ਚੇਤਾਵਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੌਸਮ ਵਿਭਾਗ ਅਨੁਸਾਰ ਜੰਮੂ-ਕਸ਼ਮੀਰ, ਉੱਤਰਾਖੰਡ, ਪੰਜਾਬ, ਹਰਿਆਣਾ ਅਤੇ ਦਿੱਲੀ 'ਚ ਅਗਲੇ 48 ਘੰਟੇ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ

Heavy rain warning for two days in north India

ਸ਼ਿਮਲਾ/ਜੈਪੁਰ/ਤਿਰੂਵਨੰਤਪੁਰਮ : ਉੱਤਰ ਭਾਰਤ 'ਚ ਮੋਹਲੇਧਾਰ ਮੀਂਹ ਦਾ ਦੌਰ ਜਾਰੀ ਹੈ। ਪੰਜਾਬ 'ਚ ਭਾਖੜਾ ਬੰਨ੍ਹ ਤੋਂ ਹੋਰ ਪਾਣੀ ਛੱਡੇ ਜਾਣ ਤੋਂ ਬਾਅਦ ਚੇਤਾਵਨੀ ਜਾਰੀ ਕੀਤੀ ਗਈ ਹੈ। ਦਿੱਲੀ 'ਚ ਵੀ ਸਨਿਚਰਵਾਰ ਨੂੰ ਯਮੁਨਾ ਨਦੀ ਦੇ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਨੇੜੇ ਪੁੱਜ ਗਿਆ। ਜਦਕਿ ਹੜ੍ਹਾਂ ਨਾਲ ਪ੍ਰਭਾਵਤ ਕੇਰਲ 'ਚ ਹਾਲਾਤ ਆਮ ਵਾਂਗ ਹੋ ਰਹੇ ਹਨ।

ਮੌਸਮ ਵਿਭਾਗ ਅਨੁਸਾਰ ਜੰਮੂ-ਕਸ਼ਮੀਰ, ਉੱਤਰਾਖੰਡ, ਪੰਜਾਬ, ਹਰਿਆਣਾ ਅਤੇ ਦਿੱਲੀ 'ਚ ਅਗਲੇ 48 ਘੰਟੇ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਪੰਜਾਬ 'ਚ ਭਾਖੜਾ ਬੰਨ੍ਹ 'ਚ ਪਾਣੀ ਭੇਜਣ ਵਾਲੇ ਖੇਤਰ 'ਚ ਭਾਰੀ ਮੀਂਹ ਕਰ ਕੇ ਜਮ੍ਹਾ ਹੋਏ ਵਾਧੂ ਪਾਣੀ ਨੂੰ ਛਡਿਆ ਗਿਆ ਹੈ ਜਿਸ ਕਰ ਕੇ ਕਈ ਜ਼ਿਲ੍ਹਿਆਂ 'ਚ ਚੇਤਾਵਨੀ ਜਾਰੀ ਕੀਤੀ ਗਈ ਹੈ।

ਸਨਿਚਰਵਾਰ ਨੂੰ ਪੰਜਾਬ ਦੇ ਲੁਧਿਆਣਾ, ਅੰਮ੍ਰਿਤਸਰ, ਮੋਹਾਲੀ ਅਤੇ ਚੰਡੀਗੜ੍ਹ ਸਮੇਤ ਕਈ ਹਿੱਸਿਆਂ 'ਚ ਮੀਂਹ ਪਿਆ। ਸਤਲੁਜ ਨਦੀ ਅਤੇ ਹੇਠਲੇ ਇਲਾਕਿਆਂ ਨੇੜੇ ਰਹਿ ਰਹੇ ਲੋਕਾਂ ਨੂੰ ਚੌਕਸ ਰਹਿਣ ਅਤੇ ਅਪਣੀ ਸੁਰੱਖਿਆ ਲਈ ਅਹਿਤਿਆਤੀ ਕਦਮ ਚੁੱਕਣ ਦੀ ਸਲਾਹ ਦਿਤੀ ਗਈ ਹੈ। ਭਾਖੜਾ ਬਿਆਨ ਪ੍ਰਬੰਧਨ ਬੋਰਡ ਦੇ ਅਧਿਕਾਰੀਆਂ ਨੇ 17 ਹਜ਼ਾਰ ਕਿਉਸੇਕ ਵਾਧੂ ਪਾਣੀ ਛਡਿਆ ਹੈ ਅਤੇ ਕੁਲ 53 ਹਜ਼ਾਰ ਕਿਉਸੇਕ ਪਾਣੀ ਛਡਿਆ ਜਾਣਾ ਹੈ।

ਬਾਕੀ ਬਚੇ 36 ਹਜ਼ਾਰ ਕਿਉਸੇਕ ਪਾਣੀ ਨੂੰ ਬਿਜਲੀ ਪੈਦਾ ਕਰਨ ਤੋਂ ਬਾਅਦ ਛਡਿਆ ਜਾਵੇਗਾ। ਭਾਖੜਾ ਬੰਨ੍ਹ 'ਚ ਸਨਿਚਰਵਾਰ ਨੂੰ ਪਾਣੀ ਦਾ ਪੱਧਰ 1674.5 ਫ਼ੁੱਟ ਤੋਂ ਜ਼ਿਆਦਾ ਦਰਜ ਕੀਤਾ ਗਿਆ ਜੋ ਪਿਛਲੇ ਸਾਲ ਇਸੇ ਮਿਤੀ ਮੁਕਾਬਲੇ 60 ਫ਼ੁੱਟ ਜ਼ਿਆਦਾ ਹੈ। ਇਸ ਦੀ ਭੰਡਾਰਨ ਸਮਰਥਾ 1680 ਫ਼ੁੱਟ ਹੈ। ਜੰਮੂ ਖੇਤ ਦੇ ਕਠੂਆ ਅਤੇ ਸਾਂਬਾ ਜ਼ਿਲ੍ਹੇ ਅਚਾਨਕ ਆਏ ਹੜ੍ਹਾਂ ਤੋਂ ਪ੍ਰਭਾਵਤ ਹਨ।

ਅਚਾਨਕ ਆਏ ਹੜ੍ਹ ਕਰ ਕੇ ਸਨਿਚਰਵਾਰ ਨੂੰ ਜੰਮੂ ਦਾ ਇਕ 47 ਸਾਲ ਦੇ ਵਿਅਕਤੀ ਵਹਿ ਗਿਆ ਜਦਕਿ ਕਠੂਆ ਅਤੇ ਸਾਂਬਾ ਜ਼ਿਲ੍ਹਿਆਂ 'ਚ 15 ਲੋਕਾਂ ਨੂੰ ਬਚਾ ਲਿਆ ਗਿਆ। ਜੰਮੂ ਖੇਤਰ 'ਚ ਕਈ ਥਾਵਾਂ 'ਤੇ ਭਾਰੀ ਮੀਂਹ ਪਿਆ ਜਿਸ ਕਰ ਕੇ ਤਾਵੀ ਨਦੀ ਸਮੇਤ ਪ੍ਰਮੁੱਖ ਨਦੀਆਂ ਦੇ ਪਾਣੀ ਦਾ ਪੱਧਰ ਵੱਧ ਚੁੱਕਾ ਹੈ ਅਤੇ ਹੇਠਲੇ ਇਲਾਕਿਆਂ 'ਚ ਪਾਣੀ ਭਰਨ ਦੀ ਸਮੱਸਿਆ ਪੈਦਾ ਹੋ ਗਈ ਹੈ। ਕਟੜਾ 'ਚ ਸ਼ੁਕਰਵਾਰ ਰਾਤ ਸੱਭ ਤੋਂ ਜ਼ਿਆਦਾ 133.4 ਮਿਲੀਮੀਟਰ ਮੀਂਹ ਪਿਆ। 

ਆਂਧਰਾ ਪ੍ਰਦੇਸ਼ 'ਚ ਵੀ ਭਾਰੀ ਮੀਂਹ ਪਿਆ ਜਿੱਥੇ ਕ੍ਰਿਸ਼ਨਾ ਨਦੀ 'ਚ ਤੂਫ਼ਾਨ ਕਰ ਕੇ ਦੋ ਜ਼ਿਲ੍ਹਿਆਂ ਦੇ 87 ਪਿੰਡ ਅਤੇ ਸੈਂਕੜੇ ਏਕੜ ਖੇਤੀਬਾੜੀ ਦੀ ਜ਼ਮੀਨ ਪਾਣੀ 'ਚ ਡੁਬ ਗਈ। ਰਾਸ਼ਟਰੀ ਬਿਪਤਾ ਮੋਚਨ ਬਲ (ਐਨ.ਡੀ.ਆਰ.ਐਫ਼.) ਨੇ ਇਕ ਕੁੜੀ ਦੀ ਲਾਸ਼ ਬਰਾਮਦ ਕੀਤੀ ਹੈ ਜੋ ਕ੍ਰਿਸ਼ਨਾ ਜ਼ਿਲ੍ਹੇ 'ਚ ਛੱਲਾਂ ਮਾਰਦੀ ਨਦੀ 'ਚ ਵਹਿ ਗਈ ਸੀ।