ਕਸ਼ਮੀਰ ਦਾ 'ਸ਼ਿੰਗਾਰ' ਬਣਿਆ ਸਿੱਖ ਨੌਜਵਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਰਕਿਸ਼ਨ ਸਿੰਘ ਦੀ ਸੁਰੀਲੀ ਆਵਾਜ਼ ਨੇ ਕੀਲੇ ਕਸ਼ਮੀਰੀ ਗੱਭਰੂ

Harkishan Singh Sanam

ਸ੍ਰੀਨਗਰ: ਸਖ਼ਤ ਮਿਹਨਤ ਇਨਸਾਨ ਨੂੰ ਉਸ ਦੀ ਮੰਜ਼ਲ ਤਕ ਜ਼ਰੂਰ ਲੈ ਕੇ ਜਾਂਦੀ ਹੈ। ਇਹ ਵੀ ਸੱਚ ਹੈ ਕਿ ਮਿੱਠੀ ਆਵਾਜ਼ ਸੁਣਨ ਵਾਲਿਆਂ ਨੂੰ ਮੰਤਰ-ਮੁਗਧ ਜ਼ਰੂਰ ਕਰਦੀ ਹੈ। ਕੁੱਝ ਅਜਿਹਾ ਹੀ ਹੈ ਇਹ ਸਿੱਖ ਨੌਜਵਾਨ ਜੋ ਕਿ ਕਸ਼ਮੀਰ ਦਾ ਸ਼ਿੰਗਾਰ ਬਣਿਆ ਹੈ।

ਅਪਣੀ ਸੁਰੀਲੀ ਆਵਾਜ਼ ਕਰ ਕੇ ਇਸ ਦੇ ਚਰਚੇ ਕਸ਼ਮੀਰ ਵਿਚ ਹੋ ਰਹੇ ਹਨ। ਇਸ ਸਿੱਖ ਨੌਜਵਾਨ ਦਾ ਨਾਂ ਹੈ ਹਰਕਿਸ਼ਨ ਸਿੰਘ ਸਨਮ। ਦਖਣੀ ਕਸ਼ਮੀਰ ਦਾ ਇਹ ਸਿੱਖ ਨੌਜਵਾਨ ਘਾਟੀ ਵਿਚ ਰਾਤੋ-ਰਾਤ ਸੰਗੀਤ ਸਨਸਨੀ ਬਣ ਗਿਆ ਹੈ।

28 ਸਾਲਾ ਹਰਕਿਸ਼ਨ ਸਿੰਘ ਨੇ ਕਸ਼ਮੀਰੀ ਭਾਸ਼ਾ ਵਿਚ ਅਪਣੇ ਸੰਗੀਤ ਜ਼ਰੀਏ ਲੋਕਾਂ ਦਾ ਧਿਆਨ ਅਪਣੇ ਵਲ ਖਿੱਚਿਆ ਹੈ। ਹਰਕਿਸ਼ਨ ਸਿੰਘ ਸਨਮ ਨੇ ਪੰਜਾਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਟੀ ਤੋਂ ਸੰਗੀਤ ਵਿਚ ਪੋਸਟ ਗਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ ਹੈ।

ਫੇਸਬੁਕ 'ਤੇ ਹਜ਼ਾਰਾਂ ਲੋਕਾਂ ਵਲੋਂ ਉਸ ਦੀ ਗਾਇਕੀ ਨੂੰ ਪਸੰਦ ਕੀਤਾ ਜਾ ਰਿਹਾ ਹੈ। ਹਰਕਿਸ਼ਨ ਸਿੰਘ ਨੇ ਖ਼ਾਸ ਰੂਪ ਨਾਲ ਕਸ਼ਮੀਰ ਵਿਚ ਨੌਜਵਾਨ ਪੀੜ੍ਹੀ ਵਿਚਾਲੇ ਗੀਤ ਨੂੰ ਲੋਕਪ੍ਰਿਅ ਬਣਾਉਣ ਵਿਚ ਮਦਦ ਕੀਤੀ ਹੈ।

ਹਰਕਿਸ਼ਨ ਸਿੰਘ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਪੇਸ਼ੇ ਨੂੰ ਅਪਣਾ ਨਸ਼ਾ, ਜਨੂੰਨ ਬਣਾਉਣ ਵਿਚ ਵਿਸ਼ਵਾਸ ਕਰਦੇ ਹਨ। ਉਨ੍ਹਾਂ ਆਖਿਆ ਕਿ ਸੱਭ ਕੁੱਝ ਇਕ ਨਸ਼ਾ ਹੈ, ਜਿਸ ਤਰ੍ਹਾਂ ਸੰਗੀਤ ਮੇਰਾ ਨਸ਼ਾ ਹੈ।

ਇਸ ਤਰ੍ਹਾਂ ਹੀ ਕਾਰੋਬਾਰੀ ਨੂੰ ਅਪਣੇ ਕਾਰੋਬਾਰ ਦਾ ਨਸ਼ਾ ਹੈ। ਮਕੈਨੀਕਲ ਨੂੰ ਮਸ਼ੀਨਰੀ ਦਾ, ਇਸ ਲਈ ਤੁਹਾਨੂੰ ਅਪਣੇ ਪੇਸ਼ੇ ਨੂੰ ਅਪਣਾ ਜਨੂੰਨ, ਅਪਣਾ ਨਸ਼ਾ ਬਣਾਉਣਾ ਚਾਹੀਦਾ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।