ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਮੋਦੀ ਸਰਕਾਰ ਭਾਰਤ ਦੇ ਖੇਤਰ ਵਿਚ ਕਿਸੇ ਵੀ ਤਰ੍ਹਾਂ ਦੀ ਘੁਸਪੈਠ ਨੂੰ ਬਰਦਾਸ਼ਤ ਨਹੀਂ ਕਰੇਗੀ ਅਤੇ ਅਜਿਹੀ ਕਿਸੇ ਵੀ ਸਰਗਰਮੀ ਨਾਲ ਸਖ਼ਤੀ ਨਾਲ ਸਿੱਝਣ ਲਈ ਉਹ ਤਿਆਰ ਹੈ। ਸ਼ਾਹ ਨੇ ਇਹ ਵੀ ਕਿਹਾ ਕਿ ਜੰਮੂ ਕਸ਼ਮੀਰ ਵਿਚੋਂ ਧਾਰਾ 370 ਖ਼ਤਮ ਕੀਤੇ ਜਾਣ ਮਗਰੋਂ ਰਾਜ ਦੇ ਹਾਲਾਤ ਸ਼ਾਂਤਮਈ ਹਨ ਅਤੇ ਇਕ ਵੀ ਗੋਲੀ ਨਹੀਂ ਚੱਲੀ। ਉਦੋਂ ਤੋਂ ਕਿਸੇ ਦੀ ਵੀ ਮੌਤ ਨਹੀਂ ਹੋਈ। ਉਨ੍ਹਾਂ ਇਥੇ ਕਿਸੇ ਸਮਾਗਮ ਨੂੰ ਸੰਬੋਧਤ ਕਰਦਿਆਂ ਕਿਹਾ, 'ਭਾਰਤ ਦੀ ਸੁਰੱਖਿਆ ਬਾਰੇ ਕੋਈ ਸਮਝੌਤਾ ਨਹੀਂ ਹੋਵੇਗਾ।
ਅਸੀਂ ਅਪਣੇ ਖੇਤਰ ਵਿਚ ਇਕ ਇੰਚ ਵੀ ਘੁਸਪੈਠ ਬਰਦਾਸ਼ਤ ਨਹੀਂ ਕਰਾਂਗੇ। ਅਸੀਂ ਇਸ ਨਾਲ ਮਜ਼ਬੂਤੀ ਨਾਲ ਸਿੱਝਾਂਗੇ। ਅਸੀਂ ਅਪਣੇ ਜਵਾਨਾਂ ਦੇ ਖ਼ੂਨ ਦੀ ਇਕ ਵੀ ਬੂੰਦ ਬੇਕਾਰ ਨਹੀਂ ਜਾਣ ਦੇਵਾਂਗੇ।' ਉਨ੍ਹਾਂ ਮਜ਼ਬੂਤ ਕੌਮੀ ਸੁਰੱਖਿਆ ਨੀਤੀ ਨਾ ਬਣਾਉਣ ਦਾ ਦੋਸ਼ ਲਾਉਂਦਿਆਂ ਪਿਛਲੀਆਂ ਸਰਕਾਰਾਂ ਨੂੰ ਨਿਸ਼ਾਨਾ ਬਣਾਇਆ ਅਤੇ ਕਿਹਾ ਕਿ ਦੇਸ਼ ਦੀ ਵਿਦੇਸ਼ ਨੀਤੀ ਅੰਦਰੂਨੀ ਨੀਤੀ 'ਤੇ ਭਾਰੀ ਸੀ। ਉਨ੍ਹਾਂ ਕਿਹਾ, 'ਸਰਜੀਕਲ ਹਮਲੇ ਅਤੇ ਹਵਾਈ ਹਮਲੇ ਮਗਰੋਂ ਦੁਨੀਆਂ ਦਾ ਨਜ਼ਰੀਆ ਬਦਲਿਆ ਹੈ ਅਤੇ ਭਾਰਤ ਦੀ ਤਾਕਤ ਨੂੰ ਸੰਸਾਰ ਪੱਧਰ 'ਤੇ ਪਛਾਣਿਆ ਗਿਆ ਹੈ।' ਗ੍ਰਹਿ ਮੰਤਰੀ ਨੇ ਕਿਹਾ ਕਿ 2014 ਵਿਚ ਮੋਦੀ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਪਹਿਲਾਂ ਹਰ ਜਗ੍ਹਾ ਮਾੜਾ ਸਿਸਟਮ ਸੀ।
ਸਰਹੱਦ 'ਤੇ ਕੋਈ ਸੁਰੱਖਿਆ ਨਹੀਂ ਸੀ। ਲੋਕਾਂ ਨੂੰ ਬਹੁਪਾਰਟੀ ਜਮਹੂਰੀ ਪ੍ਰਣਾਲੀ 'ਤੇ ਵਿਸ਼ਵਾਸ ਨਹੀਂ ਸੀ। ਉਨ੍ਹਾਂ ਕਿਹਾ, 'ਤੁਹਾਨੂੰ ਯਾਦ ਹੋਵੇਗਾ ਕਿ 2013 ਵਿਚ ਹਰ ਜਗ੍ਹਾ ਨਿਰਾਸ਼ਾ ਦਾ ਮਾਹੌਲ ਸੀ। ਹਰ ਮੰਤਰੀ ਖ਼ੁਦ ਨੂੰ ਪ੍ਰਧਾਨ ਮੰਤਰੀ ਸਮਝਣ ਲੱਗਾ ਸੀ ਪਰ ਪ੍ਰਧਾਨ ਮੰਤਰੀ ਨੂੰ ਕੋਈ ਪ੍ਰਧਾਨ ਮੰਤਰੀ ਨਹੀਂ ਸਮਝਦਾ ਸੀ।' ਸ਼ਾਹ ਨੇ ਕਿਹਾ ਕਿ 2014 ਵਿਚ ਮਿਲੇ ਇਤਿਹਾਸਕ ਫ਼ਤਵੇ ਨਾਲ 30 ਸਾਲ ਤੋਂ ਚੱਲ ਰਿਹਾ ਗਠਜੋੜ ਸਰਕਾਰਾਂ ਦਾ ਯੁਗ ਖ਼ਤਮ ਹੋ ਗਿਆ ਅਤੇ ਪਹਿਲੀ ਵਾਰ ਕੋਈ ਗ਼ੈਰ-ਕਾਂਗਰਸੀ ਸਰਕਾਰ ਮੁਕੰਮਲ ਬਹੁਮਤ ਨਾਲ ਸੱਤਾ 'ਤੇ ਕਾਬਜ਼ ਹੋਈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।