ਦਿੱਲੀ ਰਹਿਣ ਦੇ ਲਾਇਕ ਨਹੀਂ, ਗੈਸ ਚੈਂਬਰ ਵਾਂਗ : ਸੁਪਰੀਮ ਕੋਰਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੁਪਰੀਮ ਕੋਰਟ ਨੇ ਰਾਸ਼ਟਰੀ ਰਾਜਧਾਨੀ ਵਿਚ ਹਵਾ ਪ੍ਰਦੂਸ਼ਣ ਨਾਲ ਸਬੰਧਤ ਮਾਮਲੇ ਦੀ ਸੁਣਵਾਈ ਕਰਦਿਆਂ ਕਿਹਾ, 'ਸਵੇਰੇ ਅਤੇ ਸ਼ਾਮ, ਬਹੁਤ ਪ੍ਰਦੂਸ਼ਣ ਅਤੇ...

Supreme Court of India

ਨਵੀਂ ਦਿੱਲੀ 19 ਜਨਵਰੀ : ਸੁਪਰੀਮ ਕੋਰਟ ਨੇ ਰਾਸ਼ਟਰੀ ਰਾਜਧਾਨੀ ਵਿਚ ਹਵਾ ਪ੍ਰਦੂਸ਼ਣ ਨਾਲ ਸਬੰਧਤ ਮਾਮਲੇ ਦੀ ਸੁਣਵਾਈ ਕਰਦਿਆਂ ਕਿਹਾ, 'ਸਵੇਰੇ ਅਤੇ ਸ਼ਾਮ, ਬਹੁਤ ਪ੍ਰਦੂਸ਼ਣ ਅਤੇ ਟਰੈਫ਼ਿਕ ਜਾਮ ਰਹਿੰਦਾ ਹੈ।' ਜੱਜ ਨੇ ਕਿਹਾ, 'ਦਿੱਲੀ ਵਿਚ ਨਾ ਰਹਿਣਾ ਬਿਹਤਰ ਹੈ। ਮੈਂ ਦਿੱਲੀ ਵਿਚ ਵਸਣਾ ਨਹੀਂ ਚਾਹੁੰਦਾ। ਦਿੱਲੀ ਵਿਚ ਰਹਿਣਾ ਮੁਸ਼ਕਲ ਹੈ।' ਜੱਜ ਮਿਸ਼ਰਾ ਅਤੇ ਜੱਜ ਦੀਪਕ ਗੁਪਤਾ ਦੇ ਬੈਂਚ ਨੇ ਕਿਹਾ ਕਿ ਇਹ ਸਮੱਸਿਆਵਾਂ ਜੀਵਨ ਜਿਊਣ ਦੇ ਅਧਿਕਾਰ ਨੂੰ ਪ੍ਰਭਾਵਤ ਕਰਦੀਆਂ ਹਨ।

ਜੱਜ ਮਿਸ਼ਰਾ ਨੇ ਆਵਾਜਾਈ ਦੀ ਸਮੱਸਿਆ ਦੱਸਣ ਲਈ ਮਿਸਾਲ ਦਿਤੀ। ਉਨ੍ਹਾਂ ਕਿਹਾ ਕਿ ਉਹ ਸ਼ੁਕਰਵਾਰ ਦੀ ਸਵੇਰੇ ਟਰੈਫ਼ਿਕ ਵਿਚ ਫੱਸ ਗਏ ਅਤੇ ਉਹ ਸਿਖਰਲੀ ਅਦਾਲਤ ਵਿਚ ਦੋ ਜੱਜਾਂ ਦੇ ਸਹੁੰ-ਚੁੱਕ ਸਮਾਗਮ ਵਿਚ ਪਹੁੰਚ ਨਹੀਂ ਸਕੇ। ਅਦਾਲਤ ਦੀ ਸਹਾਇਕ ਵਕੀਲ ਅਪਰਾਜਿਤਾ ਸਿੰਘ ਨੇ ਬੈਂਚ ਨੂੰ ਕਿਹਾ ਕਿ ਦਿੱਲੀ ਪ੍ਰਦੂਸ਼ਣ ਕਾਰਨ 'ਗੈਸ ਚੈਂਬਰ' ਬਣ ਗਈ ਹੈ। ਇਸ 'ਤੇ ਜੱਜ ਗੁਪਤਾ ਨੇ ਸਹਿਮਤੀ ਪ੍ਰਗਟ ਕੀਤੀ ਅਤੇ ਕਿਹਾ, 'ਹਾਂ, ਇਹ ਗੈਸ ਚੈਂਬਰ ਵਾਂਗ ਹੈ।'

ਅਪਰਾਜਿਤਾ ਨੇ ਅਦਾਲਤ ਨੂੰ ਕਿਹਾ ਕਿ ਅਧਿਕਾਰੀ ਹਮੇਸ਼ਾ ਕਹਿੰਦੇ ਹਨ ਕਿ ਉਹ ਪ੍ਰਦੂਸ਼ਣ ਘੱਟ ਕਰਨ ਲਈ ਕਦਮ ਚੁੱਕ ਰਹੇ ਹਨ ਪਰ ਅਸਲੀਅਤ ਅਲੱਗ ਹੈ। ਬੈਂਚ ਨੇ ਕਿਹਾ, 'ਅਸੀਂ ਸਮਝਣਾ ਚਾਹਾਂਗੇ।' ਬੈਂਚ ਨੇ ਕਿਹਾ, 'ਕਿਹੜੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਅਸਲ ਵਿਚ ਕਰਨ ਦੀ ਲੋੜ ਹੈ। ਅਸਲ ਕਾਰਜ ਯੋਜਨਾ ਤਹਿਤ ਕੀ ਕੀ ਕਰਨਾ ਰਹਿ ਗਿਆ ਹੈ? ਦਿੱਲੀ ਵਿਚ ਵਾਤਾਵਰਣ ਪ੍ਰਦੂਸ਼ਣ ਘੱਟ ਕਰਨ ਲਈ ਕੀ ਜ਼ਰੂਰੀ ਹੈ ਅਤੇ ਕੀ ਕੀਤਾ ਜਾ ਸਕਦਾ ਹੈ? ਅਦਾਲਤ ਨੇ ਇਸ ਮਾਮਲੇ ਵਿਚ ਅਗਲੀ ਸੁਣਵਾਈ ਵਾਸਤੇ ਇਕ ਫ਼ਰਵਰੀ ਦੀ ਤਰੀਕ ਤੈਅ ਕੀਤੀ।  (ਏਜੰਸੀ)