ਅਨੋਖੀ ਪਹਿਲ : 18 ਹਜ਼ਾਰ ਕਿਲੋਮੀਟਰ ਲੰਮੀ ਬਣਾਈ ਮਨੁੱਖੀ ਲੜੀ, ਇਹ ਸੀ ਸੁਨੇਹਾ!

ਏਜੰਸੀ

ਖ਼ਬਰਾਂ, ਰਾਸ਼ਟਰੀ

ਸਮਾਗਮ ਦੀਆਂ ਤਸਵੀਰਾਂ ਤੇ ਵੀਡੀਉ ਲਈ 15 ਤੋਂ ਵੱਧ ਹੈਲੀਕਾਪਟਰ ਵਰਤੇ ਗਏ

file photo

ਪਟਨਾ : ਬਿਹਾਰ ਵਿਚ ਜਲ-ਜੀਵਨ-ਹਰਿਆਲੀ ਦੀ ਰਾਖੀ ਅਤੇ ਸ਼ਰਾਬ ਤੇ ਦਾਜ ਪ੍ਰਥਾ ਵਿਰੁਧ ਮਨੁੱਖੀ ਲੜੀ ਬਣਾਈ ਗਈ। ਦਾਅਵਾ ਕੀਤਾ ਗਿਆ ਹੈ ਕਿ ਮਨੁੱਖੀ ਲੜੀ 18 ਹਜ਼ਾਰ ਕਿਲੋਮੀਟਰ ਲੰਮੀ ਸੀ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਇਸ ਲੜੀ ਨੂੰ ਇਤਿਹਾਸਕ ਦਸਿਆ ਅਤੇ ਕਿਹਾ ਕਿ ਮੁਹਿੰਮ ਨੂੰ ਲੋਕਾਂ ਦਾ ਭਰਵਾਂ ਸਮਰਥਨ ਮਿਲਿਆ।

ਮਨੁੱਖੀ ਲੜੀ ਦਾ ਮੁੱਖ ਸਮਾਗਮ ਪਟਨਾ ਦੇ ਗਾਂਧੀ ਮੈਦਾਨ ਵਿਚ ਹੋਇਆ। ਗਯਾ, ਭਾਗਲਪੁਰ, ਆਰਾ, ਛਪਰਾ ਜਿਹੇ ਸ਼ਹਿਰਾਂ ਤੋਂ ਲੈ ਕੇ ਪਿੰਡ ਪਿੰਡ ਤਕ ਲੋਕ ਸੜਕਾਂ 'ਤੇ ਖੜੇ ਹੋ ਕੇ ਮਨੁੱਖੀ ਲੜੀ ਦਾ ਹਿੱਸਾ ਬਣੇ। ਮੁਜ਼ੱਫ਼ਰਪੁਰ ਦੇ ਦਰਧਾ ਘਾਟ 'ਤੇ ਲੋਕ ਕਿਸ਼ਤੀ 'ਤੇ ਹੀ ਇਕ ਦੂਜੇ ਦਾ ਹੱਥ ਫੜ ਕੇ ਖੜੇ ਨਜ਼ਰ ਆਏ।

ਉਧਰ, ਆਰਜੇਡੀ ਨੇ ਇਸ ਸਮਾਗਮ ਨੂੰ ਪੈਸੇ ਦੀ ਬਰਬਾਦੀ ਦਸਿਆ। ਪਾਰਟੀ ਆਗੂ ਤੇਜੱਸਵੀ ਯਾਦਵ ਨੇ ਕਿਹਾ ਕਿ ਜਦ ਬਿਹਾਰ ਵਿਚ ਹੜ੍ਹ ਆਏ ਸਨ, ਤਦ ਇਹ ਹੈਲੀਕਾਪਟਰ ਨਜ਼ਰ ਨਹੀਂ ਆਏ। ਜ਼ਿਕਰਯੋਗ ਹੈ ਕਿ ਇਸ ਸਮਾਗਮ ਨੂੰ 15 ਤੋਂ ਵੱਧ ਹੈਲੀਕਾਪਟਰਾਂ ਨੇ ਕਵਰ ਕੀਤਾ। ਨਿਤੀਸ਼ ਕੁਮਾਰ ਨੇ ਦਆਿ ਕਿ 5.16 ਕਰੋੜ ਲੋਕ ਮਨੁੱਖੀ ਲੜੀ ਵਿਚ ਸ਼ਾਮਲ ਹੋਏ।

ਉਨ੍ਹਾਂ ਕਿਹਾ ਕਿ ਮਨੁੱਖੀ ਲੜੀ ਜ਼ਰੀਏ ਪੂਰੀ ਦੁਨੀਆਂ ਨੇ ਬਿਹਾਰ ਦੇ ਸੋਚ ਨੂੰ ਵੇਖਿਆ ਹੈ। ਵਾਤਾਵਰਣ ਰਾਖੀ ਲਈ ਅਸੀਂ ਜੋ ਕੀਤਾ ਹੈ, ਲੋਕਾਂ ਨੇ ਉਸ ਦੀ ਪੂਰੀ ਹਮਾਇਤ ਕੀਤੀ। ਉਨ੍ਹਾਂ ਕਿਹਾ ਕਿ ਵਾਤਾਵਰਣ ਨੂੰ ਹੋ ਰਹੇ ਨੁਕਸਾਨ ਵਿਰੁਧ ਜੇ ਸਾਰੇ ਮਿਲ ਕੇ ਅੱਗੇ ਨਹੀਂ ਵਧਣਗੇ ਤਾਂ ਆਉਣ ਵਾਲੀ ਪੀੜ੍ਹੀ ਨੂੰ ਭਾਰੀ ਨੁਕਸਾਨ ਹੋਵੇਗਾ।

ਤੇਜੱਸਵੀ ਯਾਦਵ ਨੇ ਕਿਹਾ, 'ਮਨੁੱਖੀ ਲੜੀ ਵਿਚ ਸਕੂਲ ਦੇ ਬੱਚਿਆਂ ਨੂੰ ਨੰਗੇ ਪੈਰ ਕਤਾਰ ਵਿਚ ਖੜਾ ਕੀਤਾ ਗਿਆ ਜਿਸ ਕਾਰਨ ਕਈ ਬੱਚੇ ਬੀਮਾਰ ਹੋ ਗਏ।' ਇਸ ਸਮਾਗਮ ਦੀਆਂ ਤਸਵੀਰਾਂ ਲੈਣ ਅਤੇ ਵੀਡੀਉ ਬਣਾਉਣ ਲਈ 15 ਤੋਂ ਵੱਧ ਹੈਲੀਕਾਪਟਰ ਵਰਤੇ ਗਏ।