ਕੇਜਰੀਵਾਲ ਨੇ ਗਡਕਰੀ ਅਤੇ ਸਿੱਬਲ ਕੋਲੋਂ ਵੀ ਮਾਫ਼ੀ ਮੰਗੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਿਸੋਦੀਆ ਨੇ ਵੀ ਸਿੱਬਲ ਕੋਲੋਂ ਮਾਫ਼ੀ ਮੰਗੀ, ਮਾਣਹਾਨੀ ਮਾਮਲਿਆਂ 'ਚੋਂ ਬਰੀ

Arvind Kejriwal

ਨਵੀਂ ਦਿੱਲੀ, 19 ਮਾਰਚ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਅਤੇ ਕਾਂਗਰਸ ਆਗੂ ਕਪਿਲ ਸਿੱਬਲ ਕੋਲੋਂ ਵੀ ਮਾਫ਼ੀ ਮੰਗ ਲਈ। ਕੇਜਰੀਵਾਲ ਵਲੋਂ ਲਿਖਤੀ ਮਾਫ਼ੀ ਮੰਗਣ ਤੋਂ ਬਾਅਦ ਅਦਾਲਤ ਨੇ ਉਨ੍ਹਾਂ ਨੂੰ ਦੋਹਾਂ ਆਗੂਆਂ ਵਲੋਂ ਦਾਇਰ ਮਾਣਹਾਨੀ ਦੇ ਕੇਸਾਂ 'ਚ ਬਰੀ ਕਰ ਦਿਤਾ ਹੈ।ਕੇਜਰੀਵਾਲ ਅਤੇ ਗਡਕਰੀ ਨੇ ਅੱਜ ਅਦਾਲਤ ਦੇ ਸਾਹਮਣੇ ਸਾਂਝਾ ਬਿਨੈ ਦਾਇਰ ਕਰ ਕੇ ਆਮ ਆਦਮੀ ਪਾਰਟੀ (ਆਪ) ਆਗੂ ਵਿਰੁਧ ਦਾਇਰ ਮਾਣਹਾਨੀ ਦਾ ਮਾਮਲਾ ਵਾਪਸ ਲੈਣ ਦੀ ਅਪੀਲ ਕੀਤੀ। ਇਹ ਬਿਨੈ ਵਧੀਕ ਚੀਫ਼ ਮੈਟਰੋਪਾਲੀਟਨ ਮੈਜਿਸਟ੍ਰੇਟ ਸਮਰ ਵਿਸ਼ਾਲ ਸਾਹਮਣੇ ਦਾਇਰ ਕੀਤਾ ਗਿਆ। ਕੇਜਰੀਵਾਲ ਦੇ ਵਕੀਲ ਨੇ ਜੱਜ ਨੂੰ ਇਹ ਚਿੱਠੀ ਸੌਂਪੀ ਜਿਸ 'ਚ 'ਆਪ' ਆਗੂ ਨੇ ਤਸਦੀਕ ਕੀਤੇ ਬਗ਼ੈਰ ਬਿਆਨ ਦੇਣ 'ਤੇ ਦੁੱਖ ਪ੍ਰਗਟਾਇਆ। 16 ਮਾਰਚ ਨੂੰ ਲਿਖੀ ਚਿੱਠੀ 'ਚ ਕਿਹਾ ਗਿਆ, ''ਮੈਂ ਤਸਦੀਕ ਕੀਤੇ ਬਗ਼ੈਰ ਕੁੱਝ ਬਿਆਨ ਦਿਤੇ। ਅਜਿਹਾ ਲਗਦਾ ਹੈ ਕਿ ਇਨ੍ਹਾਂ ਬਿਆਨਾਂ ਨੇ ਤੁਹਾਨੂੰ ਢਾਹ ਲਾਈ ਅਤੇ ਇਸ ਲਈ ਤੁਸੀ ਮੇਰੇ ਵਿਰੁਧ ਮਾਣਹਾਨੀ ਦਾ ਮਾਮਲਾ ਦਾਇਰ ਕੀਤਾ। ਮੈਨੂੰ ਤੁਹਾਡੇ ਤੋਂ ਨਿਜੀ ਪ੍ਰੇਸ਼ਾਨੀ ਨਹੀਂ ਹੈ। ਮੈਂ ਇਸ 'ਤੇ ਦੁੱਖ ਪ੍ਰਗਟਾਉਂਦਾ ਹਾਂ।''


ਗਡਕਰੀ ਨੇ ਕੇਜਰੀਵਾਲ ਵਿਰੁਧ ਅਦਾਲਤ 'ਚ ਅਪੀਲ ਦਾਇਰ ਕਰ ਕੇ ਕਿਹਾ ਸੀ ਕਿ ਆਮ ਆਦਮੀ ਪਾਰਟੀ ਵਲੋਂ ਤਿਆਰ 'ਭਾਰਤ ਦੇ ਸੱਭ ਤੋਂ ਭ੍ਰਿਸ਼ਟਾਂ' ਦੀ ਸੂਚੀ 'ਚ ਉਨ੍ਹਾਂ ਦਾ ਨਾਂ ਸ਼ਾਮਲ ਕਰ ਕੇ ਉਨ੍ਹਾਂ ਨੂੰ ਕਥਿਤ ਤੌਰ 'ਤੇ ਬਦਨਾਮ ਕੀਤਾ।ਦੂਜੇ ਪਾਸੇ ਕਪਿਲ ਸਿੱਬਲ ਤੋਂ ਮਾਫ਼ੀ ਮੰਗਣ 'ਚ ਦਿੱਲੀ ਦੇ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੀ ਸ਼ਾਮਲ ਸਨ ਜਿਨ੍ਹਾਂ ਨੂੰ ਵੀ ਅਦਾਲਤ ਨੇ ਬਰੀ ਕਰ ਦਿਤਾ। ਪਰ ਅਦਾਲਤ ਨੇ ਕਿਹਾ ਕਿ ਇਸ ਮਾਮਲੇ 'ਚ ਪ੍ਰਸ਼ਾਂਤ ਭੂਸ਼ਣ, ਭਾਜਪਾ ਆਗੂ ਸ਼ਾਜ਼ੀਆ ਇਲਮੀ ਵਿਰੁਧ ਕਾਰਵਾਈ ਜਾਰੀ ਰਹੇਗੀ।ਸਿੱਬਲ ਅਤੇ 'ਆਪ' ਆਗੂਆਂ ਨੇ ਸਾਂਝੀ ਬਿਨੈ ਦੇ ਕੇ ਅਦਾਲਤ 'ਚ ਮਾਮਲਾ ਵਾਪਸ ਲੈਣ ਦੀ ਅਪੀਲ ਕੀਤੀ। ਇਹ ਮਾਮਲਾ ਕਪਿਲ ਸਿੱਬਲ ਦੇ ਪੁੱਤਰ ਅਮਿਤ ਸਿੱਬਲ ਵਲੋਂ ਸਾਲ 2013 'ਚ ਦਾਇਰ ਕੀਤਾ ਗਿਆ ਸੀ। ਕੇਜਰੀਵਾਲ ਨੇ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਤੋਂ ਵੀ ਉਨ੍ਹਾਂ ਨੂੰ ਨਸ਼ਾ ਕਾਰੋਬਾਰ 'ਚ ਕਥਿਤ ਤੌਰ 'ਤੇ ਸ਼ਾਮਲ ਹੋਣ ਦਾ 'ਬੇਬੁਨਿਆਦ' ਦੋਸ਼ ਲਾਉਣ ਲਈ ਮਾਫ਼ੀ ਮੰਗੀ ਸੀ।

ਵਿਰੋਧੀ ਪਾਰਟੀਆਂ ਤੋਂ ਮਾਫ਼ੀ ਮੰਗਣ ਲਈ ਆਲੋਚਨਾਵਾਂ ਦੀ ਜਦ 'ਚ ਆਏ ਕੇਜਰੀਵਾਲ ਦਾ ਬਚਾਅ ਕਰਦਿਆਂ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਉਹ 'ਹੰਕਾਰ ਦੇ ਟਕਰਾਅ' 'ਚ ਦਿਲਚਸਪੀ ਨਹੀਂ ਰਖਦੇ ਅਤੇ ਕਾਨੂੰਨੀ ਉਲਝਣਾਂ 'ਚ ਫੱਸ ਕੇ ਸਮਾਂ ਨਹੀਂ ਬਰਬਾਦ ਕਰਨਾ ਚਾਹੁੰਦੇ ਬਲਕਿ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਹਨ। ਜਦਕਿ ਆਮ ਆਦਮੀ ਪਾਰਟੀ ਦੀ ਸਾਬਕਾ ਨੇਤਾ ਅੰਜਲੀ ਦਮਾਨਿਆ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਤਿੱਖਾ ਹਮਲਾ ਬੋਲਿਆ ਅਤੇ ਸਵਾਲ ਕੀਤਾ ਕਿ ਜੇ ਉਹ ਏਨੀ ਆਸਾਨੀ ਨਾਲ ਪਿੱਛੇ ਹਟਣ ਵਾਲੇ ਸਨ ਤਾਂ ਉਨ੍ਹਾਂ '20 ਭ੍ਰਿਸ਼ਟ ਨੇਤਾਵਾਂ' ਦੀ ਸੂਚੀ ਕਿਉਂ ਜਾਰੀ ਕੀਤੀ ਸੀ? ਉਨ੍ਹਾਂ ਕੇਜਰੀਵਾਲ ਦੀ ਇਸ ਦਲੀਲ ਨੂੰ ਵੀ ਖ਼ਾਰਜ ਕਰ ਦਿਤਾ ਕਿ ਉਹ ਦਿੱਲੀ 'ਚ ਧਿਆਨ ਕੇਂਦਰਤ ਕਰਨਾ ਚਾਹੁੰਦੇ ਹਨ।  (ਪੀਟੀਆਈ)