ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਵੱਡਾ ਝਟਕਾ, ਉਪ ਪ੍ਰਧਾਨ ਸੁਬਲ ਭੌਮਿਕ ਕਾਂਗਰਸ 'ਚ ਸ਼ਾਮਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਜਪਾ ਨੂੰ ਤ੍ਰਿਪੁਰਾ ਵਿਚ ਵੱਡਾ ਝਟਕਾ ਲੱਗਿਆ ਹੈ। ਤ੍ਰਿਪੁਰਾ ਵਿਚ ਪਾਰਟੀ ਦੇ ਉਪ ਪ੍ਰਧਾਨ ਸੁਬਲ ਭੌਮਿਕ ਨੇ ਭਾਜਪਾ ਤੋਂ ਅਸਤੀਫ਼ਾ ਦੇ ਕੇ ਕਾਂਗਰਸ ਦਾ ਪੱਲਾ ਫੜ ਲਿਆ ਹੈ।

Subal Bhowmik

ਨਵੀਂ ਦਿੱਲੀ : ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਅਪਣੀ ਜਿੱਤ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਭਾਜਪਾ ਨੂੰ ਤ੍ਰਿਪੁਰਾ ਵਿਚ ਵੱਡਾ ਝਟਕਾ ਲੱਗਿਆ ਹੈ। ਤ੍ਰਿਪੁਰਾ ਵਿਚ ਪਾਰਟੀ ਦੇ ਉਪ ਪ੍ਰਧਾਨ ਸੁਬਲ ਭੌਮਿਕ ਨੇ ਭਾਜਪਾ ਤੋਂ ਅਸਤੀਫ਼ਾ ਦੇ ਕੇ ਕਾਂਗਰਸ ਦਾ ਪੱਲਾ ਫੜ ਲਿਆ ਹੈ। ਭਾਵੇਂ ਕਿ ਸੋਮਵਾਰ ਦੇਰ ਰਾਤ ਅਗਰਤਲਾ ਵਿਚ ਸੂਬਾਈ ਕਾਂਗਰਸ ਨੇਤਾਵਾਂ ਨਾਲ ਮੀਟਿੰਗ ਤੋਂ ਬਾਅਦ ਉਨ੍ਹਾਂ ਅਪਣੇ ਫੇਸਬੁੱਕ ਪੇਜ਼ 'ਤੇ ਇਸ ਗੱਲ ਦਾ ਐਲਾਨ ਕਰ ਦਿਤਾ ਸੀ। ਪਰ ਅੱਜ ਮੰਗਲਵਾਰ ਨੂੰ ਉਨ੍ਹਾਂ ਆਖਿਆ ਕਿ ਉਹ ਭਾਜਪਾ ਵਿਚ ਇਕ ਬੋਝ ਦੇ ਰੂਪ ਵਿਚ ਨਹੀਂ ਰਹਿਣਾ ਚਾਹੁੰਦੇ।

ਉਹਨਾਂ ਦਾ ਕਹਿਣਾ ਹੈ, 'ਮੈਂ ਅੱਜ ਕਾਂਗਰਸ ਵਿਚ ਸ਼ਾਮਲ ਹੋ ਰਿਹਾ ਹਾਂ। ਰਾਹੁਲ ਜੀ ਕੱਲ੍ਹ ਦਾ ਦੌਰਾ ਕਰ ਰਹੇ ਹਨ ਅਤੇ ਮੈਂ ਉਨ੍ਹਾਂ ਦੇ ਪ੍ਰੋਗਰਾਮ ਵਿਚ ਭਾਗ ਲਵਾਂਗਾ। ਮੈਂ ਇਕ ਬੋਝ ਦੇ ਰੂਪ ਵਿਚ ਭਾਜਪਾ ਵਿਚ ਨਹੀਂ ਰਹਿਣਾ ਚਾਹੁੰਦਾ। ਪਾਰਟੀ ਦੇ ਕੁੱਝ ਲੋਕਾਂ ਨੇ ਕਿਹਾ ਹੈ ਕਿ ਜੇਕਰ ਮੈਂ ਸਾਂਸਦ ਉਮੀਦਵਾਰ ਬਣ ਗਿਆ ਤਾਂ ਸਰਕਾਰ ਡਿਗ ਸਕਦੀ ਹੈ। ਇਹ ਸਰਕਾਰ ਕਮਿਊਨਿਸਟ ਸ਼ਾਸਨ ਦੇ ਵਿਰੁਧ ਲੰਬੇ ਸੰਘਰਸ਼ ਤੋਂ ਬਾਅਦ ਸੱਤਾ ਵਿਚ ਆਈ ਹੈ ਅਤੇ ਮੈਂ ਨਹੀਂ ਚਾਹੁੰਦਾ ਕਿ ਇਹ ਇੰਨੀ ਜਲਦੀ ਡਿਗ ਜਾਵੇ।''

ਦਸ ਦਈਏ ਕਿ 2014 ਵਿਚ ਸੋਨਮੁਰਾ ਤੋਂ ਕਾਂਗਰਸ ਦੇ ਵਿਧਾਇਕ ਰਹੇ ਭੌਮਿਕ ਕਾਂਗਰਸ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਗਏ ਸਨ ਅਤੇ ਤ੍ਰਿਪੁਰਾ ਵਿਚ ਭਾਜਪਾ ਨੂੰ ਸੱਤਾ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ। ਹੁਣ ਜਦੋਂ ਉਹ ਫਿਰ ਤੋਂ ਕਾਂਗਰਸ ਵਿਚ ਸ਼ਾਮਲ ਹੋ ਗਏ ਹਨ ਤਾਂ ਕਾਂਗਰਸ ਵਲੋਂ ਉਨ੍ਹਾਂ ਨੂੰ ਤ੍ਰਿਪੁਰਾ ਪੱਛਮੀ ਲੋਕ ਸਭਾ ਸੀਟ ਤੋਂ ਉਮੀਦਵਾਰ ਬਣਾਏ ਜਾਣ ਦੀ ਚਰਚਾ ਹੋ ਰਹੀ ਹੈ।