2019 ਤੋਂ ਪਹਿਲਾਂ ਭਾਜਪਾ ਨੂੰ ਵੱਡਾ ਝਟਕਾ : ਕਰਨਾਟਕ 'ਚ ਮੂਧੇ ਮੂੰਹ ਡਿਗੀ ਭਾਜਪਾ ਦੀ ਸਰਕਾਰ
ਆਖ਼ਰਕਾਰ ਕਰਨਾਟਕ ਵਿਚਲੇ ਸਿਆਸੀ ਨਾਟਕ ਦਾ ਅੰਤ ਹੋ ਗਿਆ ਹੈ। ਬਿਨਾਂ ਬਹੁਮਤ ਤੋਂ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕਣ ਵਾਲੇ ਭਾਜਪਾ ਆਗੂ ....
* ਵਿਧਾਨ ਸਭਾ 'ਚ ਬਹੁਮਤ ਸਾਬਤ ਨਹੀਂ ਕਰ ਸਕੇ ਯੇਦੀਯੁਰੱਪਾ * ਭਾਵੁਕ ਹੁੰਦਿਆਂ ਮੁੱਖ ਮੰਤਰੀ ਅਹੁਦੇ ਤੋਂ ਦਿਤਾ ਅਸਤੀਫ਼ਾ
ਬੰਗਲੁਰੂ : ਆਖ਼ਰਕਾਰ ਕਰਨਾਟਕ ਵਿਚਲੇ ਸਿਆਸੀ ਨਾਟਕ ਦਾ ਅੰਤ ਹੋ ਗਿਆ ਹੈ। ਬਿਨਾਂ ਬਹੁਮਤ ਤੋਂ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕਣ ਵਾਲੇ ਭਾਜਪਾ ਆਗੂ ਬੀਐਸ ਯੇਦੀਯੁਰੱਪਾ ਨੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਹੈ। ਦਸ ਦਈਏ ਕਿ ਕਰਨਾਟਕ ਵਿਧਾਨ ਸਭਾ ਵਿਚ ਸਨਿਚਰਵਾਰ ਨੂੰ ਯੇਦੀਯੁਰੱਪਾ ਨੇ ਅਪਣਾ ਬਹੁਮਤ ਸਾਬਤ ਕਰਨਾ ਸੀ ਪਰ ਉਨ੍ਹਾਂ ਨੇ ਬਹੁਮਤ ਸਾਬਤ ਕਰਨ ਤੋਂ ਪਹਿਲਾਂ ਹੀ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ। ਅਸਤੀਫ਼ੇ ਤੋਂ ਪਹਿਲਾਂ ਯੇਦੀਯੁਰੱਪਾ ਨੇ ਵਿਧਾਨ ਸਭਾ ਵਿਚ ਭਾਸ਼ਣ ਦਿਤਾ, ਜਿਸ ਦੌਰਾਨ ਉਹ ਭਾਵੁਕ ਵੀ ਹੋਏ ਅਤੇ ਕਿਹਾ ਕਿ ਉਹ ਕਿਸਾਨਾਂ ਦੇ ਲਈ ਲੜਾਈ ਜਾਰੀ ਰੱਖਣਗੇ।
ਕਰਨਾਟਕ ਚੋਣਾਂ ਵਿਚ ਭਾਜਪਾ ਨੇ 104 ਸੀਟਾਂ ਜਿੱਤੀਆਂ ਸਨ, ਜਦਕਿ ਕਾਂਗਰਸ ਅਤੇ ਜੇਡੀਐਸ ਗਠਜੋੜ ਕੋਲ 116 ਸੀਟਾਂ ਨਾਲ ਬਹੁਮਤ ਸੀ ਪਰ ਇਸ ਦੇ ਬਾਵਜੂਦ ਕਰਨਾਟਕ ਦੇ ਰਾਜਪਾਲ ਵਜੂਭਾਈ ਵਾਲਾ ਨੇ ਬਿਨਾਂ ਬਹੁਮਤ ਵਾਲੀ ਪਾਰਟੀ ਭਾਜਪਾ ਨੂੰ ਸਰਕਾਰ ਬਣਾਉਣ ਦਾ ਸੱਦਾ ਦਿਤਾ। ਯੇਦੀਯੁਰੱਪਾ ਨੇ ਰਾਜਪਾਲ ਕੋਲ ਬਹੁਮਤ ਸਾਬਤ ਕਰਨ ਦਾ ਦਾਅਵਾ ਕੀਤਾ ਸੀ ਅਤੇ ਕੁੱਝ ਸਮੇਂ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ ਰਾਜਪਾਲ ਨੇ ਯੇਦੀ ਨੂੰ ਬਹੁਮਤ ਸਾਬਤ ਕਰਨ ਲਈ 15 ਦਿਨਾਂ ਦਾ ਸਮਾਂ ਦਿਤਾ ਸੀ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਸ ਦੌਰਾਨ ਯੇਦੀਯੁਰੱਪਾ ਨੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਵੀ ਚੁੱਕ ਲਈ ਸੀ।
ਰਾਜਪਾਲ ਦੇ ਇਸ ਫ਼ੈਸਲੇ ਵਿਰੁਧ ਕਾਂਗਰਸ ਅਤੇ ਜੇਡੀਐਸ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ, ਜਿਸ 'ਤੇ ਅਦਾਲਤ ਨੇ ਭਾਵੇਂ ਯੇਦੀਯੁਰੱਪਾ ਦੇ ਸਹੁੰ ਚੁੱਕਣ 'ਤੇ ਤਾਂ ਰੋਕ ਲਗਾਉਣ ਤੋਂ ਅਸਮਰਥਾ ਪ੍ਰਗਟਾਈ ਸੀ ਪਰ ਯੇਦੀਯੁਰੱਪਾ ਨੂੰ 19 ਮਈ ਨੂੰ ਸ਼ਾਮ ਸਾਢੇ 4 ਵਜੇ ਬਹੁਮਤ ਸਾਬਤ ਕਰਨ ਦਾ ਸਮਾਂ ਦਿਤਾ ਪਰ ਯੇਦੀਯੁਰੱਪਾ ਨੇ ਪਹਿਲਾਂ ਹੀ ਹਾਰ ਮੰਨਦਿਆਂ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ। ਕਰਨਾਟਕ ਵਿਚ ਇਸ ਘਟਨਾਕ੍ਰਮ ਦੇ ਚਲਦਿਆਂ ਕਈ ਦਿਨਾਂ ਤੋਂ ਕਾਫ਼ੀ ਸਿਆਸੀ ਨਾਟਕ ਚਲ ਰਿਹਾ ਹੈ, ਜਿਸ ਦਾ ਸਨਿਚਰਵਾਰ ਨੂੰ 'ਦਿ ਐਂਡ' ਹੋ ਗਿਆ ਹੈ।
ਬਹੁਮਤ ਸਾਬਤ ਕਰਨ ਤੋਂ ਪਹਿਲਾਂ ਹੀ ਸੂਤਰਾਂ ਦੇ ਹਵਾਲੇ ਨਾਲ ਖ਼ਬਰ ਮਿਲ ਰਹੀ ਸੀ ਕਿ ਭਾਜਪਾ ਹਾਈ ਕਮਾਨ ਨੇ ਪਹਿਲਾਂ ਹੀ ਸੰਕੇਤ ਦੇ ਦਿਤਾ ਸੀ ਕਿ ਨੰਬਰ ਨਾ ਹੋਣ ਦੀ ਸਥਿਤੀ ਵਿਚ ਬੀਐਸ ਯੇਦੀਯੁਰੱਪਾ ਅਸਤੀਫ਼ਾ ਦੇ ਦੇਣਗੇ ਤਾਕਿ ਚੋਣਾਵੀ ਸਾਲ ਵਿਚ ਕਿਸੇ ਵੀ ਤਰ੍ਹਾਂ ਦੀ ਖ਼ਰੀਦੋ ਫ਼ਰੋਖ਼ਤ ਦਾ ਦੋਸ਼ ਨਾ ਲੱਗੇ। ਦਸ ਦਈਏ ਕਿ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਆਦੇਸ਼ ਦਿਤਾ ਸੀ ਕਿ ਕੇਜੀ ਬੋਪਈਆ ਕਰਨਾਟਕ ਵਿਧਾਨ ਸਭਾ ਵਿਚ ਆਰਜ਼ੀ ਸਪੀਕਰ ਬਣੇ ਰਹਿਣਗੇ। ਇਸ ਦੇ ਨਾਲ ਹੀ ਵਿਧਾਨ ਸਭਾ ਵਿਚ ਬਹੁਮਤ ਟੈਸਟ ਦਾ ਲਾਈਵ ਟੈਲੀਕਾਸਟ ਵੀ ਕੀਤਾ ਜਾ ਰਿਹਾ ਸੀ, ਜਿਸ ਦੀ ਕਾਂਗਰਸ ਅਤੇ ਜੇਡੀਐਸ ਨੇ ਮੰਗ ਕੀਤੀ ਸੀ।
ਐਤਵਾਰ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕ ਸਕਦੇ ਹਨ ਕੁਮਾਰਸਵਾਮੀ
ਯੇਦੀਯੁਰੱਪਾ ਵਲੋਂ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਇਹ ਕਿਹਾ ਜਾ ਰਿਹਾ ਹੈ ਕਿ ਜੇਡੀਐਸ ਦੇ ਪ੍ਰਧਾਨ ਐਚ ਡੀ ਕੁਮਾਰਸਵਾਮੀ ਐਤਵਾਰ ਨੂੰ ਹੀ ਕਰਨਾਟਕ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁਕ ਸਕਦੇ ਹਨ। ਉਨ੍ਹਾਂ ਦੇ ਨਾਲ ਕਾਂਗਰਸ ਦੇ ਕੇ.ਜੀ ਪਰਮੇਸ਼ਵਰ ਨੂੰ ਵੀ ਉਪ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ।
ਦੇਸ਼ ਭਰ 'ਚ ਭਾਜਪਾ ਦੀ ਕਿਰਕਿਰੀ
ਕਰਨਾਟਕ ਵਿਚ ਵਾਪਰੇ ਸਿਆਸੀ ਘਟਨਾਕ੍ਰਮ ਕਾਰਨ ਭਾਜਪਾ ਦੀ ਕਾਫ਼ੀ ਕਿਰਕਿਰੀ ਹੋਈ ਹੈ ਕਿਉਂਕਿ ਇਹ ਗੱਲ ਸਾਫ਼ ਤੌਰ 'ਤੇ ਜ਼ਾਹਿਰ ਹੈ ਕਿ ਭਾਜਪਾ ਨੇ ਬਿਨਾਂ ਬਹੁਮਤ ਦੇ ਧੱਕੇਸ਼ਾਹੀ ਨਾਲ ਸਰਕਾਰ ਬਣਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਬਲਕਿ ਅਪਣੇ ਉਮੀਦਵਾਰ ਯੇਦੀਯੁਰੱਪਾ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਤਕ ਵੀ ਦਿਵਾ ਦਿਤੀ। ਜਦੋਂ ਭਾਜਪਾ ਕੋਲ ਬਹੁਮਤ ਦੇ ਪੂਰੇ ਅੰਕੜੇ ਹੀ ਨਹੀਂ ਹਨ ਤਾਂ ਫਿਰ ਸਰਕਾਰ ਬਣਾਉਣ ਲਈ ਸਮਾਂ ਕਿਉਂ ਮੰਗਿਆ ਗਿਆ?
ਜ਼ਾਹਿਰ ਹੈ ਕਿ ਭਾਜਪਾ ਵਿਰੋਧੀ ਪਾਰਟੀਆਂ ਕਾਂਗਰਸ ਅਤੇ ਜੇਡੀਐਸ ਦੇ ਵਿਧਾਇਕਾਂ ਦੀ ਕਥਿਤ ਤੌਰ 'ਤੇ ਖ਼ਰੀਦੋ ਫ਼ਰੋਖ਼ਤ ਕਰਨਾ ਚਾਹੁੰਦੀ ਸੀ ਪਰ ਹੁਣ ਜਦੋਂ ਭਾਜਪਾ ਅਪਣੇ ਇਸ ਮਕਸਦ ਵਿਚ ਫ਼ੇਲ੍ਹ ਸਾਬਤ ਹੋ ਗਈ ਹੈ ਤਾਂ ਇਸ ਨਾਲ ਦੇਸ਼ ਭਰ ਵਿਚ ਉਸ ਦੀ ਕਾਫ਼ੀ ਕਿਰਕਿਰੀ ਹੋਈ। ਯਕੀਨਨ ਤੌਰ 'ਤੇ ਇਸ ਦਾ ਕੁੱਝ ਨਾ ਕੁੱਝ ਅਸਰ 2019 ਦੀਆਂ ਲੋਕ ਸਭਾ ਚੋਣਾਂ 'ਤੇ ਜ਼ਰੂਰ ਪਵੇਗਾ।