‘ਨੋਟਬੰਦੀ’ ਦੇਸ਼ ਦਾ ਸਭ ਤੋਂ ਵੱਡਾ ਘਪਲਾ, ਕਪਿਲ ਸਿੱਬਲ ਨੇ ਕੀਤਾ ਵੱਡਾ ਖ਼ੁਲਾਸਾ
ਨੋਟਬੰਦੀ ਮਗਰੋਂ ਕੀਤੇ ਗਏ ਸਟਿੰਗ ਆਪਰੇਸ਼ਨ ਨੂੰ ਮੀਡੀਆ ਸਾਹਮਣੇ ਕੀਤਾ ਗਿਆ ਜਾਰੀ
ਚੰਡੀਗੜ੍ਹ: ਗੁਜਰਾਤ ਦੇ ਅਹਿਮਦਾਬਾਦ ਵਿਖੇ ਕਪਿਲ ਸਿੱਬਲ ਨੇ ਇਕ ਪ੍ਰੈਸ ਕਾਨਫਰੰਸ ਕਰ ਕੁਝ ‘ਅਣਪਛਾਤੇ ਪੱਤਰਕਾਰਾਂ’ ਵਲੋਂ ਕੀਤੇ ਗਏ ਇਕ ਸਟਿੰਗ ਆਪਰੇਸ਼ਨ ਨੂੰ ਪੱਤਰਕਾਰਾਂ ਸਾਹਮਣੇ ਮੁੜ ਰੱਖਿਆ। ਇਹ ਸਟਿੰਗ ਆਪਰੇਸ਼ਨ ਨੋਟਬੰਦੀ ਕਰਨ ਪਿੱਛੇ ‘ਅਸਲ ਮਨਸ਼ਾ’ ਦਾ ਖ਼ੁਲਾਸਾ ਕਰਦਾ ਹੈ ਇਹ ਕਹਿਣਾ ਹੈ ਕਪਿਲ ਸਿੱਬਲ ਅਤੇ ਸਟਿੰਗ ਕਰਨ ਵਾਲੇ ਉਨ੍ਹਾਂ ਪੱਤਰਕਾਰਾਂ ਦਾ। ਜ਼ਿਕਰਯੋਗ ਹੈ ਕਿ 2016 ਦੀ 8 ਨਵੰਬਰ ਨੂੰ ਰਾਤ 8 ਵਜੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੋਟਬੰਦੀ ਦਾ ਐਲਾਨ ਕੀਤਾ ਸੀ।
ਇਸ ਵਿਚ 500 ਅਤੇ 1000 ਦੇ ਪੁਰਾਣੇ ਨੋਟ ਰੱਦ ਕਰ ਦਿਤੇ ਗਏ ਸਨ। ਮੋਦੀ ਵਲੋਂ ਉਸ ਵੇਲੇ ਐਲਾਨ ਕਰਦੇ ਹੋਏ ਇਹ ਕਿਹਾ ਗਿਆ ਸੀ ਕਿ ਅਤਿਵਾਦ, ਕਾਲਾ ਧਨ ਅਤੇ ਨਕਲੀ ਨੋਟਾਂ ਦੀ ਸਮੱਸਿਆ ਨਾਲ ਨਜਿੱਠਣ ਲਈ ਇਹ ਫ਼ੈਸਲਾ ਲਿਆ ਗਿਆ ਹੈ। ਨੋਟਬੰਦੀ ਤੋਂ ਬਾਅਦ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ। ਦੋ ਹਜ਼ਾਰ ਦੀ ਮਾਮੂਲੀ ਰਕਮ ਅਪਣੇ ਹੀ ਖ਼ਾਤੇ ਵਿਚੋਂ ਕਢਵਾਉਣ ਲਈ ਘੰਟਿਆਂ ਬੱਧੀ ਲੰਮੀਆਂ ਕਤਾਰਾਂ ਵਿਚ ਖੜ੍ਹਾ ਹੋਣਾ ਪਿਆ ਸੀ। ਘਰ ਵਿਚ ਜੇ ਕੋਈ ਬੀਮਾਰ ਸੀ ਤਾਂ ਉਸ ਦਾ ਇਲਾਜ ਇਕ ਮੁਸੀਬਤ ਬਣ ਗਿਆ ਸੀ।
ਜੇ ਕੋਈ ਵਿਆਹ ਜਾਂ ਕੋਈ ਹੋਰ ਕਾਰਜ ਸੀ ਤਾਂ ਉਸ ਜੋਗੇ ਪੈਸੇ ਜੁਟਾਉਣੇ ਵੀ ਔਖੇ ਹੋ ਗਏ ਸਨ। ਨੋਟਬੰਦੀ ਤੋਂ ਬਾਅਦ ਪੈਸਿਆਂ ਦਾ ਇੰਤਜ਼ਾਮ ਕਰਦੇ ਸੌ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ। 8 ਨਵੰਬਰ ਦੇ ਉਸ ਐਲਾਨ ਵਿਚ ਮੋਦੀ ਨੇ ਇਹ ਕਿਹਾ ਸੀ ਕਿ ਪੁਰਾਣੇ ਨੋਟਾਂ ਦੀ ਬਦਲੀ 30 ਦਸੰਬਰ ਤੱਕ ਕੀਤੀ ਜਾ ਸਕਦੀ ਹੈ ਪਰ 25 ਨਵੰਬਰ ਨੂੰ ਹੀ ਨੋਟਾਂ ਦੀ ਬਦਲੀ ਪੂਰੀ ਤਰ੍ਹਾਂ ਬੰਦ ਕਰਨ ਦੇ ਹੁਕਮ ਸਰਕਾਰ ਵਲੋਂ ਆ ਗਏ ਸਨ। ਇਸ ਕਰਕੇ ਲੋਕਾਂ ਦਾ ਭਾਰੀ ਨੁਕਸਾਨ ਹੋਇਆ।
ਕਪਿਲ ਸਿੱਬਲ ਨੇ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਪ੍ਰਧਾਨ ਮੰਤਰੀ ਵਲੋਂ ਦਿਤੇ ਗਏ ਨੋਟਬੰਦੀ ਦੇ ਕਾਰਨ ਝੂਠ ਸਨ ਜਦਕਿ ਇਸ ਪਿੱਛੇ ਅਸਲ ਕਾਰਨ ਕੁਝ ਹੋਰ ਹੀ ਸੀ। ਉਨ੍ਹਾਂ ਕਿਹਾ ਕਿ ਨੋਟਬੰਦੀ ਦਾ ਅਸਲ ਕਾਰਨ ਅਮੀਰਾਂ ਦਾ ਕਾਲਾ ਧਨ ਬਦਲ ਕੇ ਉਸ ਵਿਚੋਂ ਭਾਰੀ ਕਮਿਸ਼ਨ ਕਮਾਉਣਾ ਹੀ ਅਸਲ ਮੰਤਵ ਸੀ। ਸਿੱਬਲ ਮੁਤਾਬਕ ਉਨ੍ਹਾਂ ਦਿਨਾਂ ਵਿਚ ਨੋਟਾਂ ਦੀ ਬਦਲੀ ਦੀ ਕਮਿਸ਼ਨ 15 ਫ਼ੀ ਸਦੀ ਤੋਂ ਲੈ ਕੇ 40 ਫ਼ੀ ਸਦੀ ਤੱਕ ਸੀ। ਇਸ ਵਿਚ ਬੈਂਕਰ, ਵਿਚੋਲੇ ਅਤੇ ਸਿਆਸਤਦਾਨ ਸਾਰੇ ਹੀ ਭਾਗੀਦਾਰ ਸਨ।
ਸਿੱਬਲ ਨੇ ਨੋਟਬੰਦੀ ਨੂੰ ਭਾਰਤ ਦੀ ਆਜ਼ਾਦੀ ਤੋਂ ਬਾਅਦ ਵਾਪਰਿਆ ਸਭ ਤੋਂ ਵੱਡਾ ਘੋਟਾਲਾ ਕਿਹਾ ਹੈ। ਪ੍ਰੈਸ ਕਾਨਫਰੰਸ ਵਿਚ ਲਗਭੱਗ ਅੱਧੇ ਘੰਟੇ ਦੀ ਇਕ ਵੀਡੀਓ ਦਿਖਾਈ ਗਈ ਜੋ ਕਿ ਕੁਝ ਪੱਤਰਕਾਰਾਂ ਨੇ ਬਣਾਈ ਸੀ। ਇਨ੍ਹਾਂ ਪੱਤਰਕਾਰਾਂ ਦੇ ਨਾਂਅ ਨਹੀਂ ਦੱਸੇ ਗਏ ਇਨ੍ਹਾਂ ਨੇ ਭਾਜਪਾ ਦੇ ਅਹਿਮਦਾਬਾਦ ਵਿਖੇ ਹੈੱਡਕੁਆਰਟਰ, ਸ਼੍ਰੀ ਕਮਲਮ ਤੋਂ ਇਹ ਸਟਿੰਗ ਆਪਰੇਸ਼ਨ ਸ਼ੁਰੂ ਕੀਤਾ। ਸਟਿੰਗ ਆਪਰੇਸ਼ਨ ਨਾਲ ਸਬੰਧਤ ਵੀਡੀਓ ਦੀ ਸ਼ੁਰੂਆਤ ਵਿਚ ਇਕ ਵਿਅਕਤੀ ਭਾਜਪਾ ਹੈੱਡਕੁਆਰਟਰ, ਸ਼੍ਰੀ ਕਮਲਮ ਵਿਖੇ ਜਾਂਦਾ ਹੈ ਅਤੇ ਲਗਭੱਗ ਇਕ ਘੰਟੇ ਬਾਅਦ ਬਾਹਰ ਨਿਕਲਦਾ ਹੈ।
ਧਿਆਨ ਦੇਣ ਯੋਗ ਇਹ ਗੱਲ ਹੈ ਕਿ ਉਹ ਅੰਦਰ ਖ਼ਾਲੀ ਹੱਥ ਜਾਂਦਾ ਹੈ ਅਤੇ ਬਾਹਰ ਇਕ ਟਰਾਲੀ ਬੈਗ ਲੈ ਕੇ ਨਿਕਲਦਾ ਹੈ। ਫਿਰ ਉਹ ਇਨ੍ਹਾਂ ਪੱਤਰਕਾਰਾਂ ਨੂੰ ਦੂਰ ਇਕ ਫਾਰਮਹਾਊਸ ਵਿਚ ਸਥਿਤ ਇਕ ਦਫ਼ਤਰ ਵਿਚ ਲੈ ਕੇ ਜਾਂਦਾ ਹੈ ਜਿੱਥੇ ਕਿ ਮੋਦੀ ਅਤੇ ਅਮਿਤਸ਼ਾਹ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਹਨ। ਸਟਿੰਗ ਆਪਰੇਸ਼ਨ ਕਰਨ ਵਾਲੇ ਪੱਤਰਕਾਰ ਇਸ ਸ਼ਖ਼ਸ ਕੋਲ 5 ਕਰੋੜ ਰੁਪਏ ਦੇ ਪੁਰਾਣੇ ਨੋਟ ਬਦਲਾਉਣ ਦੇ ਬਹਾਨੇ ਗਏ ਸਨ। ਇਸ ਪੂਰੇ ਸਫ਼ਰ ਦੌਰਾਨ ਅਤੇ ਉਸ ਆਫ਼ਿਸ ਵਿਚ ਪਹੁੰਚ ਕੇ ਵੀ ਉਹ ਵਿਅਕਤੀ ਲਗਾਤਾਰ ਫ਼ੋਨ ਉਤੇ ਲਗਾਤਾਰ ਗੱਲ ਕਰਦਾ ਰਹਿੰਦਾ ਹੈ।
ਉਸ ਆਫ਼ਿਸ ਵਿਚ ਦੋ ਹਜ਼ਾਰ ਦੇ ਨਵੇਂ ਨੋਟ ਗਿਣਨ ਵਾਲੀ ਮਸ਼ੀਨ ਵੀ ਲੱਗੀ ਹੋਈ ਸੀ। ਪੱਤਰਕਾਰ ਉਸ ਸ਼ਖ਼ਸ ਨੂੰ ਕਹਿੰਦੇ ਹਨ ਕਿ ਪੰਜ ਕਰੋੜ ਦੇ ਬਦਲੇ 3 ਕਰੋੜ ਦੀ ਰਕਮ ਮਿਲਣਾ ਤਾਂ ਥੋੜਾ ਜ਼ਿਆਦਾ ਹੈ ਤਾਂ ਉਹ ਸ਼ਖ਼ਸ ਅੱਗਿਓਂ ਜਵਾਬ ਦਿੰਦਾ ਹੈ ਕਿ ਅਸੀਂ ਤਾਂ ਕੇਵਲ ਛੋਟਾ ਜਿਹਾ ਹਿੱਸਾ ਰੱਖਣਾ ਹੈ ਬਾਕੀ ਤਾਂ ਉੱਪਰ ਪਹੁੰਚਾਉਣਾ ਹੈ। ਫਿਰ ਉਹ ਕਹਿੰਦਾ ਹੈ ਕਿ 5 ਕਰੋੜ ਤਾਂ ਬਹੁਤ ਛੋਟੀ ਰਕਮ ਹੈ ਉਹ ਤਾਂ 50-100 ਕਰੋੜ ਵੀ ਬਦਲਵਾ ਸਕਦਾ ਹੈ, ਕਿਤੇ ਵੀ ਕਿਸੇ ਵੀ ਵੇਲੇ ਗੁਜਰਾਤ ਵਿਚ ਜਾਂ ਮੁੰਬਈ ਵਿਚ।
ਉਹ ਕਹਿੰਦਾ ਹੈ ਕਿ ਇਸ ਰਕਮ ਨੂੰ ਨਾ ਪੁਲਿਸ ਨਾ ਟ੍ਰੈਫ਼ਿਕ ਵਾਲੇ ਰੋਕ ਸਕਣਗੇ ਕਿਉਂਕਿ ਇਹ ਬਹੁਤ ਹੀ ਤਾਕਤਵਰ ਲੋਕਾਂ ਦਾ ਕੰਮ ਹੈ। ਦੱਸ ਦਈਏ ਕਿ ਉਨ੍ਹਾਂ ਦਿਨਾਂ ਵਿਚ ਪੁਲਿਸ ਵਲੋਂ ਪੁਰਾਣੇ ਨੋਟਾਂ ਵਾਸਤੇ ਆਉਂਦੀਆਂ ਜਾਂਦੀਆਂ ਗੱਡੀਆਂ ਦੀ ਤਲਾਸ਼ੀ ਵੀ ਕੀਤੀ ਜਾਂਦੀ ਸੀ। ਇਸ ਮਗਰੋਂ ਉਹ ਸ਼ਖ਼ਸ 5 ਕਰੋੜ ਦੇ ਨੋਟਾਂ ਨੂੰ ਚੈੱਕ ਕਰਦਾ ਹੈ ਅਤੇ ਇਕ ਫ਼ੋਨ ਕਰਦਾ ਹੈ। ਫ਼ੋਨ ਤੋਂ ਬਾਅਦ ਗੱਲਬਾਤ ਕਰਦਿਆਂ ਉਹ ਸ਼ਖ਼ਸ ਦੱਸਦਾ ਹੈ ਕਿ ਸਾਰਾ ਪੈਸਾ ਦੁਬਈ ਦੇ ਇਕ ਪ੍ਰਾਜੈਕਟ ਵਿਚ ਨਿਵੇਸ਼ ਕੀਤਾ ਜਾਵੇਗਾ।
ਉਹ ਉਸ ਪ੍ਰਾਜੈਕਟ ਦਾ ਬਰੋਸ਼ਰ ਵੀ ਦਿਖਾਉਂਦਾ ਹੈ ਜਿਸ ਉਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਤਸਵੀਰ ਲੱਗੀ ਹੋਈ ਸੀ। ਇਹ ਪੱਤਰਕਾਰ ਬਰੋਸ਼ਰ ਰੱਖਦੇ ਹੋਏ ਕਹਿੰਦਾ ਹੈ ‘ਕਮਾਲ ਹੈ’ ਤਾਂ ਅੱਗਿਓਂ ਉਹ ਸ਼ਖ਼ਸ ਕਹਿੰਦਾ ਹੈ, ‘ਕਮਾਲ ਨਹੀਂ, ਕਮਲ ਦਾ ਕਮਾਲ ਹੈ।’ ਉਸ ਫ਼ੋਨ ਮਗਰੋਂ ਇਕ ਹੋਰ ਸ਼ਖ਼ਸ ਆਉਂਦਾ ਹੈ ਜਿਸ ਨੂੰ ਵੇਖ ਕੇ ਇਹ ਆਦਰ ਵਜੋਂ ਖੜ੍ਹਾ ਹੋ ਜਾਂਦਾ ਹੈ। ਫਿਰ ਇਹ ਦੋਵੇਂ ਇਕ ਸਟ੍ਰਾਂਗ ਰੂਮ ਵਿਚ ਚਲੇ ਜਾਂਦੇ ਹਨ। ਇਸ ਦੌਰਾਨ ਉਹ ਪਹਿਲਾ ਸ਼ਖ਼ਸ ਅਪਣਾ ਫ਼ੋਨ ਟੇਬਲ ਉਤੇ ਹੀ ਭੁੱਲ ਜਾਂਦਾ ਹੈ।
ਉਸ ਦਾ ਫ਼ੋਨ ਲਗਾਤਾਰ ਵੱਜਦਾ ਹੈ ਅਤੇ ਸਟਿੰਗ ਆਪਰੇਸ਼ਨ ਕਰ ਰਹੇ ਪੱਤਰਕਾਰ ਕੈਮਰੇ ਵਿਚ ਰਿਕਾਰਡ ਕਰ ਲੈਂਦੇ ਹਨ ਕਿ ਆਉਣ ਵਾਲਾ ਫ਼ੋਨ ‘ਕਮਲਮ’ ਦੇ ਨਾਂਅ ਤੋਂ ਫੀਡ ਕੀਤਾ ਗਿਆ ਹੈ। ਫ਼ੋਨ ਦੇਣ ਦੇ ਬਹਾਨੇ ਪੱਤਰਕਾਰ ਦੱਬੇ ਪੈਰੀਂ ਉਸ ਸਟ੍ਰਾਂਗ ਰੂਮ ਵਿਚ ਦਾਖ਼ਲ ਹੁੰਦਾ ਹੈ। ਸਟ੍ਰਾਂਗ ਰੂਮ ਵਿਚ ਹੈਰਾਨੀਜਨਕ ਦ੍ਰਿਸ਼ ਵੀਡੀਓ ਵਿਚ ਵੇਖਣ ਨੂੰ ਮਿਲਦਾ ਹੈ। ਅੰਦਰ ਵੜਦਿਆਂ ਹੀ ਇਕ ਸੂਟਕੇਸ ਨਵੇਂ ਨੋਟਾਂ ਨਾਲ ਭਰਿਆ ਪਿਆ ਦਿਖਦਾ ਹੈ ਅਤੇ ਉਸ ਤੋਂ ਅੱਗੇ ਦੋ ਹਜ਼ਾਰ ਦੇ ਨਵੇਂ ਨੋਟਾਂ ਦਾ ਉੱਚਾ ਢੇਰ ਦਿਖਦਾ ਹੈ। ਕਪਿਲ ਸਿੱਬਲ ਨੇ ਇਸ ਨੂੰ ਨੋਟਾਂ ਦੀ ਦੀਵਾਰ ਆਖਿਆ।
ਜ਼ਿਕਰਯੋਗ ਹੈ ਕਿ ਇਹ ਸਟਿੰਗ ਆਪਰੇਸ਼ਨ 31 ਦਸੰਬਰ ਤੋਂ ਬਾਅਦ ਦਾ ਹੈ ਜਦੋਂ ਕਿਸੇ ਵੀ ਆਮ ਆਦਮੀ ਨੂੰ ਅਪਣੇ ਹੀ ਖ਼ਾਤੇ ਵਿਚੋਂ ਵੀ 24 ਹਜ਼ਾਰ ਤੱਕ ਦੀ ਰਕਮ ਕਢਵਾਉਣ ’ਤੇ ਬੈਂਕ ਤੋਂ ਆਗਿਆ ਲੈਣੀ ਪੈਂਦੀ ਸੀ। ਕਪਿਲ ਸਿੱਬਲ ਨੇ ਇਸ ਸਟਿੰਗ ਆਪਰੇਸ਼ਨ ਦੇ ਆਧਾਰ ’ਤੇ ਕੁਝ ਸਵਾਲ ਚੁੱਕੇ ਜਿਵੇਂ ਕਿ
ਇਹ ਪੈਸਾ ਕਿੱਥੋਂ ਆਇਆ ਕਿਉਂਕਿ ਬੈਂਕ ਇੰਨੀ ਵੱਡੀ ਰਕਮ ਨਹੀਂ ਦੇ ਸਕਦੇ ਸਨ?
ਇੰਨਾ ਪੈਸਾ ਕੌਣ ਲੈ ਕੇ ਆਇਆ?
ਇਸ ਸਭ ਵਿਚ ਕੌਣ-ਕੌਣ ਸ਼ਾਮਿਲ ਸਨ?
ਕੀ ਇਸ ਵਿਚ ਆਰਬੀਆਈ ਦੇ ਅਧਿਕਾਰੀ ਅਤੇ ਸਿਆਸਤਦਾਨ ਵੀ ਸ਼ਾਮਿਲ ਸਨ?
ਇਹ ਸਾਰੇ ਕਿੱਸੇ ਦਾ ਸ਼੍ਰੀ ਕਮਲਮ ਨਾਲ ਕੀ ਲੈਣਾ-ਦੇਣਾ ਹੈ?
ਕਪਿੱਲ ਸਿੱਬਲ ਨੇ ਦੱਸਿਆ ਕਿ ਮੁੰਬਈ ਵਿਚ ਰਾਹੁਲ ਰਤਰੇਗਰ ਨਾਂਅ ਦੇ ਵਿਅਕਤੀ ਨੇ ਇਹ ਕਬੂਲ ਕੀਤਾ ਸੀ ਕਿ ਨੋਟ ਬਦਲਣ ਦੇ ਅਜਿਹੇ 26 ਸੈਂਟਰ ਹਨ ਜਿੰਨ੍ਹਾਂ ਵਿਚੋਂ 22 ਸੈਂਟਰ ਆਦਮੀ ਚਲਾਉਂਦੇ ਹਨ ਤੇ 4 ਔਰਤਾਂ। ਉਸ ਨੇ ਕਿਹਾ ਕਿ ਉਹ ਕੈਬਨਿਟ ਸਕੱਤਰੇਤ ਵਿਚ ਕਿਸੇ ਨਿਪੁੰਨ ਨਾਂਅ ਦੇ ਸ਼ਖ਼ਸ ਨੂੰ ਰਿਪੋਰਟ ਕਰਦਾ ਹੈ ਜੋ ਕਿ ਅੱਗੇ ਖ਼ਬਰ ਦਿੰਦਾ ਹੈ। ਸਿੱਬਲ ਨੇ ਇਹ ਵੀ ਦਾਅਵਾ ਕੀਤਾ ਕਿ ਨੋਟਾਂ ਦੀ ਬਦਲੀ ਸਰਕਾਰੀ ਦਫ਼ਤਰਾਂ ਅਤੇ ਗੋਦਾਮਾਂ ਵਿਚ ਵੀ ਹੁੰਦੀ ਰਹੀ ਹੈ।
ਜ਼ਿਕਰਯੋਗ ਹੈ ਕਿ ਇਹ ਖ਼ੁਲਾਸਾ ਪਹਿਲੀ ਵਾਰ ਨਹੀਂ ਹੋਇਆ ਹੈ। 26 ਮਾਰਚ ਨੂੰ ਵਿਰੋਧੀ ਧਿਰਾਂ ਦੇ ਲੀਡਰਾਂ ਨੇ ਇਕੱਠੇ ਹੋ ਕੇ ਦਿੱਲੀ ਵਿਚ ਇਹ ਸਟਿੰਗ ਆਪਰੇਸ਼ਨ ਦਾ ਖ਼ੁਲਾਸਾ ਕੀਤਾ ਸੀ ਪਰ ਸਿੱਬਲ ਨੇ ਕਿਹਾ ਕਿ ਉਸ ਖ਼ੁਲਾਸੇ ਨੂੰ ਮੀਡੀਆ ਵਿਚ ਨਹੀਂ ਦਿਖਾਇਆ ਗਿਆ ਸੀ। ਦੇਖਿਆ ਜਾਵੇ ਤਾਂ ਨੋਟਬੰਦੀ ਫੇਲ੍ਹ ਹੋਈ ਹੈ ਅਤੇ ਗ਼ਰੀਬਾਂ ਇਸ ਵਿਚ ਨੁਕਸਾਨ ਹੀ ਹੋਇਆ ਹੈ। ਜੇ ਇਹ ਇਕ ਵੱਡਾ ਘਪਲਾ ਹੈ ਤਾਂ ਇਹ ਭਾਰਤ ਦੇ ਲੋਕਾਂ ਵਾਸਤੇ ਸੱਚ ਜਾਨਣਾ ਬਹੁਤ ਜ਼ਰੂਰੀ ਹੈ।