ਸੰਸਦ ਦਾ Monsoon Session ਅੱਜ: ਕਈ ਬਿਲਾਂ ਨੂੰ ਪਾਸ ਕਰਾਉਣ ਦੀ ਤਿਆਰੀ ਵਿਚ ਕੇਂਦਰ ਸਰਕਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੰਸਦ ਦਾ ਮਾਨਸੂਨ ਇਜਲਾਸ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਕੋਰੋਨਾ ਦੀ ਦੂਜੀ ਲਹਿਰ ਤੋਂ ਬਾਅਦ ਹੋ ਰਹੇ ਇਸ ਪਹਿਲੇ ਸੈਸ਼ਨ ਵਿਚ 20 ਬੈਠਕਾਂ ਹੋਣਗੀਆਂ। 

Monsoon Session of Parliament 2021

ਨਵੀਂ ਦਿੱਲੀ : ਸੰਸਦ ਦਾ ਮਾਨਸੂਨ ਇਜਲਾਸ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਕੋਰੋਨਾ ਦੀ ਦੂਜੀ ਲਹਿਰ ਤੋਂ ਬਾਅਦ ਹੋ ਰਹੇ ਇਸ ਪਹਿਲੇ ਸੈਸ਼ਨ ਵਿਚ 20 ਬੈਠਕਾਂ ਹੋਣਗੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਦੇ ਮਾਨਸੂਨ ਸੈਸ਼ਨ ਤੋਂ ਪਹਿਲਾਂ ਐਤਵਾਰ ਨੂੰ ਸਾਰੇ ਦਲਾਂ ਦੀ ਬੈਠਕ ਬੁਲਾਈ। ਇਸ ਬੈਠਕ ਵਿਚ ਉਨ੍ਹਾਂ ਕਿਹਾ ਕਿ ਸਰਕਾਰ ਸੰਸਦ ਵਿਚ ਵੱਖ-ਵੱਖ ਮੁੱਦਿਆਂ ’ਤੇ ਸਾਰਥਕ ਚਰਚਾ ਨੂੰ ਤਿਆਰ ਹੈ।

ਸੰਸਦ ਦਾ ਇਹ ਮਾਨਸੂਨ ਸੈਸ਼ਨ 19 ਜੁਲਾਈ ਸੋਮਵਾਰ ਤੋਂ ਸ਼ੁਰੂ ਹੋ ਰਿਹਾ ਹੈ ਅਤੇ 13 ਅਗੱਸਤ ਤਕ ਚਲੇਗਾ। ਸਰਕਾਰ ਨੇ ਇਸ ਸੈਸ਼ਨ ਦੌਰਾਨ 17 ਬਿਲਾਂ ਨੂੰ ਪੇਸ਼ ਕਰਨ ਲਈ ਲੜੀਬੱਧ ਕੀਤਾ ਹੈ। ਇਸ ਬੈਠਕ ’ਚ ਸਰਕਾਰ ਵਿਰੋਧੀ ਦਲਾਂ ਤੋਂ ਮਾਨਸੂਨ ਸੈਸ਼ਨ ਨੂੰ ਸੁਚਾਰੂ ਢੰਗ ਨਾਲ ਚਲਾਉਣ ’ਤੇ ਸਹਿਯੋਗ ਮੰਗਿਆ। ਇਸ ਦੌਰਾਨ ਵਿਰੋਧੀ ਧਿਰ ਮਹਿੰਗਾਈ, ਤੇਲ ਦੀਆਂ ਕੀਮਤਾਂ ’ਚ ਵਾਧਾ, ਕੋਰੋਨਾ ਦੇ ਟੀਕਿਆਂ ਦੀ ਕਮੀ, ਕਿਸਾਨ ਅੰਦੋਲਨ, ਰਾਫੇਲ ਡੀਲ, ਭਿ੍ਰਸ਼ਟਾਚਾਰ ਤੇ ਰਾਸ਼ਟਰੀ ਸੁਰੱਖਿਆ ਵਰਗੇ ਮੁੱਦਿਆਂ ’ਤੇ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰੇਗੀ।     

ਮੋਦੀ ਨੇ ਸਰਬਦਲੀ ਬੈਠਕ ’ਚ ਕਿਹਾ ਕਿ ਵਿਰੋਧੀ ਧਿਰ ਦਾ ਸੁਝਾਅ ਮਹੱਤਵਪੂਰਨ ਹੁੰਦਾ ਹੈ। ਬਹਿਸ ਕਾਫੀ ਮੁਆਨੇ ਰੱਖਦੀ ਹੈ ਤੇ ਸਾਰਥਕ ਤੇ ਸਿਹਤਮੰਦ ਚਰਚਾ ਹੋਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨਿਯਮ ਮੁਤਾਬਕ ਹਰ ਮੁੱਦੇ ’ਤੇ ਚਰਚਾ ਕਰਨ ਲਈ ਤਿਆਰ ਹਨ। ਸਾਰੇ ਦਲਾਂ ਦੀ ਬੈਠਕ ’ਚ 33 ਪਾਰਟੀਆਂ ਨੇ ਹਿੱਸਾ ਲਿਆ।

ਹੋਰ ਪੜ੍ਹੋ: ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਤੋਂ ਬਾਅਦ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਨਤਮਸਤਕ ਹੋਏ ਸਿੱਧੂ

ਇਹ ਬੈਠਕ ਮਾਨਸੂਨ ਸੈਸ਼ਨ ਸ਼ੁਰੂ ਹੋਣ ਦੇ ਇਕ ਦਿਨ ਪਹਿਲਾਂ ਹੋਈ, ਜਿਸ ’ਚ ਪ੍ਰਧਾਨ ਮੰਤਰੀ ਮੋਦੀ ਅਤੇ ਸਦਨ ਵਿਚ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਹਿੱਸਾ ਲਿਆ।  ਇਸ ਬੈਠਕ ’ਚ ਪ੍ਰਧਾਨ ਮੰਤਰੀ ਤੋਂ ਇਲਾਵਾ ਰਖਿਆ ਮੰਤਰੀ ਰਾਜਨਾਥ ਸਿੰਘ, ਕੇਂਦਰੀ ਮੰਤਰੀ ਅਤੇ ਰਾਜ ਸਭਾ ’ਚ ਸਦਨ ਦੇ ਆਗੂ ਪਿਊਸ਼ ਗੋਇਲ ਅਤੇ ਸੰਸਦੀ ਕਾਰਜ ਮੰਤਰੀ ਜੋਸ਼ੀ ਸ਼ਾਮਲ ਹੋਏ। ਇਸ ਤੋਂ ਇਲਾਵਾ ਵੱਖ-ਵੱਖ ਪਾਰਟੀਆਂ ਦੇ ਆਗੂ ਮੌਜੂਦ ਰਹੇ।

ਸੰਸਦ ਸੈਸ਼ਨ ਦੇ ਪਹਿਲੇ ਦਿਨ ਪ੍ਰਧਾਨ ਮੰਤਰੀ ਕੈਬਨਿਟ ਵਿਚ ਸ਼ਾਮਲ ਨਵੇਂ ਮੰਤਰੀਆਂ ਦਾ ਪਰਿਚੈ ਦੋਹਾਂ ਸਦਨਾਂ ਦੇ ਮੈਂਬਰਾਂ ਨਾਲ ਕਰਾਉਣਗੇ। ਇਹ ਰਵਾਇਤ ਰਹੀ ਹੈ ਕਿ ਨਵੀਂ ਸਰਕਾਰ ਗਠਿਤ ਹੋਣ ਜਾਂ ਕੈਬਨਿਟ ਵਿਸਥਾਰ ਹੋਣ ਮਗਰੋਂ ਪ੍ਰਧਾਨ ਮੰਤਰੀ ਨਵੇਂ ਮੰਤਰੀਆਂ ਦੀ ਜਾਣ ਪਛਾਣ ਦੋਹਾਂ ਸਦਨਾਂ ਦੇ ਮੈਂਬਰਾਂ ਨਾਲ ਕਰਾਉਂਦੇ ਹਨ।

ਕਿਸਾਨਾਂ ਦੇ ਮੁੱਦੇ ’ਤੇ ਵਿਰੋਧੀ ਧਿਰ ਸੰਸਦ ’ਚ ਦੇਣਗੇ ਮੁਲਤਵੀ ਨੋਟਿਸ

ਇਨਕਲਾਬੀ ਸਮਾਜਵਾਦੀ ਪਾਰਟੀ (ਆਰਐਸਪੀ) ਦੇ ਨੇਤਾ ਐਨ.ਕੇ.ਪੇ੍ਰਮਚੰਦ ਨੇ ਕਿਹਾ ਕਿ ਕਈ ਵਿਰੋਧੀ ਧਿਰ ਕਿਸਾਨਾਂ ਦੇ ਮੁੱਦਿਆਂ ’ਤੇ ਸੋਮਵਾਰ ਨੂੰ ਸੰਸਦ ਦੇ ਦੋਨਾਂ ਸਦਨਾਂ ’ਚ ਮੁਲਤਵੀ ਨੋਟਿਸ ਦੇਣਗੇ। ਸੰਸਦ ਦੇ ਮਾਨਸੂਨ ਸੈਸ਼ਨ ਤੋਂ ਇਕ ਦਿਨ ਪਹਿਲਾਂ ਐਤਵਾਰ ਨੂੰ ਸਰਕਾਰ ਵਲੋਂ ਸੱਦੀ ਗਹੀ ਸਰਬਪਾਰਟੀ ਮੀਟਿੰਗ ਦੇ ਬਾਅਦ ਵਿਰੋਧੀ ਧਿਰਾਂ ਨੇ ਅਲੱਗ ਤੋਂ ਮੀਟਿੰਗ ਕੀਤੀ। ਵਿਰੋਧੀ ਧਿਰਾਂ ਦੀ ਮੀਟਿੰਗ ’ਚ ਕਾਂਗਰਸ, ਟੀਐਮਸੀ, ਰਾਕਾਂਪਾ, ਮਾਕਪਾ, ਭਾਕਪਾ, ਆਈਯੂਐਮਐਲ, ਆਰਐਸਪੀ, ਸ਼ਿਵਸੇਨਾ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਹਿੱਸਾ ਲਿਆ।

ਪ੍ਰੇਮਚੰਦ ਨੇ ਕਿਹਾ ਕਿ ਪਟਰੌਲ-ਡੀਜ਼ਲ ਦੀ ਵੱਧਦੀ ਕੀਮਤਾਂ, ਤਿੰਨ ਖੇਤੀ ਕਾਨੂੰਨਾਂ ਵਿਰੁਧ ਕਿਸਾਨਾਂ ਦਾ ਵਿਰੋਧ ਹਾਲੇ ਸੱਭ ਤੋਂ ਅਹਿਮ ਮੁੱਦੇ ਹਨ ਅਤੇ ਇਨ੍ਹਾਂ ਨੂੰ ਵਿਰੋਧੀ ਧਿਰ ਸੰਸਦ ਦੇ ਦੋਨਾਂ ਸਦਨਾਂ ’ਚ ਚੁੱਕਣਗੇ। ਉਨ੍ਹਾਂ ਕਿਹਾ ਕਿ ਕਈ ਵਿਰੋਧੀ ਧਿਰ ਸੰਸਦ ਦੇ ਦੋਨਾਂ ਸਦਨਾਂ ’ਚ ਕਿਸਾਨਾਂ ਦੇ ਮੁੱਦੇ ’ਤੇ ਮੁਲਤਵੀ ਨੋਟਿਸ ਦੇਣਗੇ। ਸੂਤਰਾਂ ਨੇ ਕਿਹਾ ਕਿ ਕਈ ਵਿਰੋਧੀ ਧਿਰ ਵੀ ਅਪਣੇ ਆਗੂਆਂ ਦੇ ਕਥਿਤ ਫ਼ੋਨ ਟੈਪਿੰਗ ਨੂੰ ਲੈ ਕੇ ਮੁਲਤਵੀ ਨੋਟਿਸ ਦੇਣ ਦੀ ਯੋਜਨਾ ਬਣਾ ਰਹੇ ਹਨ।

ਸਰਕਾਰ ਦੀ ਕਈ ਬਿਲਾਂ ਨੂੰ ਪਾਸ ਕਰਾਉਣ ਦੀ ਤਿਆਰੀ

ਸਰਕਾਰ ਸੰਸਦ ਦੇ ਮਾਨਸੁਨ ਸੈਸ਼ਨ ਦੌਰਾਨ ਕਈ ਬਿਲਾਂ ਨੂੰ ਪਾਸ ਕਰਾਉਣ ਦੇ ਏਜੰਡੇ ਦੇ ਨਾਲ ਸਦਨ ਵਿਚ ਆਵੇਗੀ। ਉਥੇ ਹੀ, ਵਿਰੋਧੀ ਧਿਰ ਵੀ ਕੋਵਿਡ 19 ਦੀ ਦੂਜੀ ਲਹਿਰ ਨਾਲ ਨਜਿੱਠਣ ਅਤੇ ਪਟਰੌਲ ਡੀਜ਼ਲ ਦੀਆਂ ਕੀਮਤਾਂ ’ਚ ਵਾਧੇ ਦੇ ਮੁੱਦੇ ’ਤੇ ਸਰਕਾਰ ਨੂੰ ਘੇਰਨ ਦੀ ਤਿਆਰੀ ਕਰ ਰਿਹਾ ਹੈ। ਸਰਕਾਰ ਨੇ ਇਸ ਸੈਸ਼ਨ ਦੌਰਾਨ 17 ਬਿਲਾਂ ਨੂੰ ਪੇਸ਼ ਕਰਨ ਲਈ ਲੜੀਬੱਧ ਕੀਤਾ ਹੈ। ਇਨ੍ਹਾਂ ਵਿਚੋਂ ਤਿੰਨ ਬਿਲ ਹਾਲ ਵੀ ਜਾਰੀ ਆਰਡੀਨੈਂਸਾਂ ਦੀ ਥਾਂ ਲਿਆਏ ਜਾਣਗੇ ਕਿਉਂਕਿ ਨਿਯਮ ਹੈ ਕਿ ਸੰਸਦ ਸੈਸ਼ਨ ਸ਼ੁਰੂ ਹੋਣ ਦੇ ਬਾਅਦ ਆਰਡੀਨੈਂਸ ਦੀ ਥਾਂ ’ਤੇ ਬਿਲ ਨੂੰ 42 ਦਿਨਾਂ ਜਾਂ 6 ਹਫ਼ਤਿਆਂ ’ਚ ਪਾਸ ਕਰਨਾ ਹੁੰਦਾ ਹੈ, ਨਹੀਂ ਤਾਂ ਉਹ ਪ੍ਰਭਾਵੀ ਨਹੀਂ ਰਹਿਣਗੇ।

ਇਨ੍ਹਾਂ ਵਿਚੋਂ ਇਕ ਆਰਡੀਨੈਂਸ 30 ਜੂਨ ਨੂੰ ਜਾਰੀ ਕੀਤਾ ਗਿਆ ਸੀ ਜਿਸ ਰਾਹੀਂ ਰਖਿਆ ਸੇਵਾਵਾਂ ’ਚ ਕਿਸੇ ਦੇ ਵਿਰੋਧ ਪ੍ਰਰਦਸ਼ਨ ਜਾਂ ਹੜਤਾਲ ’ਚ ਸ਼ਾਮਲ ਹੋਣ ’ਤੇ ਰੋਕ ਲਗਾਈ ਗਈ ਹੈ। ਜ਼ਰੂਰੀ ਰਖਿਆ ਸੇਵਾਵਾਂ ਆਰਡੀਨੈਂਸ 2021 ਆਰਡਨੈਂਸ ਫ਼ੈਕਟਰੀ ਬੋਰਡ(ਓ.ਐਫ਼.ਬੀ) ਦੇ ਪਮੁੱਖ ਸੰਘਾਂ ਵਲੋਂ ਜੁਲਾਈ ਦੇ ਅੰਤ ’ਚ ਅਣਮਿੱਥੇ ਸਮੇਂ ਲਈ ਹੜਤਾਲ ’ਤੇ ਜਾਣ ਦੀ ਚਿਤਾਵਨੀ ਦੇਣ ਦੇ ਪਿਛੋਕੜ ਨੂੰ ਦੇਖਦੇ ਹੋਏ ਲਿਆਇਆ ਗਿਆ ਹੈ।

ਸਬੰਧਿਤ ਸੰਘ ਓ.ਐਫ਼.ਬੀ ਦੇ ਨਿਗਮੀਕਰਨ ਦੇ ਸਰਕਾਰ ਦੇ ਫ਼ੈਸਲੇ ਦਾ ਵਿਰੋਧ ਕਰ ਰਹੀ ਹੈ। ਲੋਕਸਭਾ ਵਲੋਂ 12 ਜੁਲਾਈ ਨੂੰ ਜਾਰੀ ਬੁਲੇਟਿਨ ਮੁਤਕਾਬ ਆਰਡੀਨੈਂਸ ਦੀ ਥਾਂ ਲੈਣ ਲਈ ਜ਼ਰੂਰੀ ਰਖਿਆ ਸੇਵਾ ਬਿਲ 2021 ਨੂੰ ਲੜੀਬੱਧ ਕੀਤਾ ਗਿਆ ਹੈ। ਉਥੇ ਹੀ ਦੂਜੇ ਪਾਸੇ ਵਿਰੋਧੀ ਧਿਰ ਕੋਵਿਡ 19 ਮਹਾਂਮਾਰੀ ਦੌਰਾਨ ਸਿਹਤ ਸੇਵਾਵਾਂ ਦੀ ਕਥਿਤ ਘਾਟ ਅਤੇ ਸੂਬਿਆਂ ਨੂੰ ਟੀਕੇ ਦੀ ਵੰਡ ਦੇ ਮੁੱਦੇ ’ਤੇ ਸਰਕਾਰ ਨੂੰ ਘੇਰਨ ਦੀ ਤਿਆਰੀ ਕਰ ਰਿਹਾ ਹੈ। ਵਿਰੋਧੀ ਧਿਰ ਪਟਰੌਲ, ਡੀਜ਼ਲ ਅਤੇ ਰਸੋਈ ਗੈਸ ਦੀ ਕੀਮਤਾਂ ’ਚ ਵਾਧੇ ਨੂੰ ਲੈ ਕੇ ਵੀ ਸਰਕਾਰ ਤੋਂ ਜਵਾਬ ਮੰਗੇਗਾ।