ਕੇਰਲ 'ਚ ਕਰੋੜਾਂ ਦੀਆਂ ਫ਼ਸਲਾਂ ਅਤੇ ਕਾਰੋਬਾਰ ਤਬਾਹ, ਮਹਿੰਗਾਈ ਵਧਣ ਦਾ ਸ਼ੱਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਰਲ ਵਿਚ ਆਇਆ ਹੋਇਆ ਹੜ੍ਹ ਆਉਣ ਵਾਲੇ ਦਿਨਾਂ ਵਿਚ ਚਾਹ ਦੀ ਚੁਸਕੀ ਦੇ ਨਾਲ-ਨਾਲ ਰਸੋਈ ਦਾ ਜਾਇਕਾ ਵੀ ਵਿਗਾੜ ਸਕਦਾ ਹੈ। ਕੇਰਲ ਵਿਚ ਹੋ ਰਹੀ ਲਗਾਤਾਰ...

Kerala Flood

ਨਵੀਂ ਦਿੱਲੀ : ਕੇਰਲ ਵਿਚ ਆਇਆ ਹੋਇਆ ਹੜ੍ਹ ਆਉਣ ਵਾਲੇ ਦਿਨਾਂ ਵਿਚ ਚਾਹ ਦੀ ਚੁਸਕੀ ਦੇ ਨਾਲ-ਨਾਲ ਰਸੋਈ ਦਾ ਜਾਇਕਾ ਵੀ ਵਿਗਾੜ ਸਕਦਾ ਹੈ। ਕੇਰਲ ਵਿਚ ਹੋ ਰਹੀ ਲਗਾਤਾਰ ਬਾਰਿਸ਼ ਅਤੇ ਹੜ੍ਹ ਨਾਲ ਆਈ ਤਬਾਹੀ ਦੇ ਕਾਰਨ ਚਾਹ, ਕਾਫ਼ੀ, ਮਸਾਲੇ ਅਤੇ ਰਬੜ੍ਹ ਦੀ ਪੈਦਾਵਾਰ 'ਤੇ ਬੁਰਾ ਅਸਰ ਪੈਣਾ ਤੈਅ ਹੈ। ਜਾਣਕਾਰ ਸ਼ੱਕ ਜਤਾ ਰਹੇ ਹਨ ਕਿ ਫ਼ਸਲਾਂ ਬਰਬਾਦ ਹੋਣ ਨਾਲ ਇਸ ਦਾ ਸਿੱਧਾ ਅਸਰ ਮਹਿੰਗਾਈ 'ਤੇ ਪਵੇਗਾ। ਇੰਡਸਟਰੀ ਚੈਂਬਰ ਐਸੋਚੈਮ ਨੇ ਅਨੁਮਾਨ ਲਗਾਇਆ ਹੈ ਕਿ ਹੜ੍ਹ ਨਾਲ ਆਈ  ਤਬਾਹੀ ਦੀ ਵਜ੍ਹਾ ਨਾਲ ਪੂਰੀ ਇੰਡਸਟਰੀ ਨੂੰ 20 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋ ਸਕਦਾ ਹੈ।

ਐਸੋਚੈਮ ਦੀ ਰਿਪੋਰਟ ਵਿਚ ਦਸਿਆ ਗਿਆ ਹੈ ਕਿ ਕੇਰਲ ਵਿਚ ਤਬਾਹੀ ਨਾਲ ਸਭ ਤੋਂ ਜ਼ਿਆਦਾ ਨੁਕਸਾਨ ਨਾਰੀਅਲ, ਰਬੜ੍ਹ, ਚਾਹ ਅਤੇ ਮਸਾਲਿਆਂ ਦੀ ਫ਼ਸਲ ਨੂੰ ਹੋਇਆ ਹੈ। ਇਸ ਤੋਂ ਇਲਾਵਾ ਏਅਰਪੋਰਟ ਦੇ ਬੰਦ ਹੋਣ ਕਰਕੇ ਉਥੇ ਐਕਸਪੋਰਟ ਅਤੇ ਟੂਰਿਜ਼ਮ ਉਦਯੋਗ ਵੀ ਬੁਰੀ ਤਰ੍ਹਾਂ ਪ੍ਰਭਾਵਤ ਹੋ ਰਿਹਾ ਹੈ। ਕੌਂਸਲ ਫਾਰ ਸੋਸ਼ਲ ਡਿਵੈਲਪਮੈਂਟ ਵਿਚ ਖੇਤੀ ਮਾਮਲਿਆਂ ਦੇ ਜਾਣਕਾਰੀ ਟੀ ਹੱਕ ਦੇ ਮੁਤਾਬਕ ਇਹ ਹੜ੍ਹ ਕੇਰਲ ਨੂੰ ਤਾਂ ਪ੍ਰਭਾਵਤ ਕਰੇਗਾ ਹੀ, ਨਾਲ ਹੀ ਦੇਸ਼ 'ਤੇ ਵੀ ਇਸ ਦਾ ਅਸਰ ਹੋਵੇਗਾ। ਉਨ੍ਹਾਂ ਨੇ ਦਸਿਆ ਕਿ ਕੇਰਲ ਨਾਰੀਅਲ, ਮਸਾਲਿਆਂ ਅਤੇ ਰਬੜ੍ਹ ਦੇ ਉਤਪਾਦਨ ਦੇ ਨਾਲ-ਨਾਲ ਸਾਰੀਆਂ ਇਨ੍ਹਾਂ ਚੀਜ਼ਾਂ ਦੇ ਐਕਸਪੋਰਟ ਦਾ ਵੀ ਵੱਡਾ ਹੱਬ ਹੈ।

ਇਸ ਹੜ੍ਹ ਨਾਲ ਨਵੀਂ ਫ਼ਸਲ ਦੇ ਨਾਲ-ਨਾਲ ਐਕਸਪੋਰਟ ਦੇ ਲਈ ਗੋਦਾਮਾਂ ਵਿਚ ਪਿਆ ਮਾਲ ਵੀ ਖ਼ਰਾਬ ਹੋਇਆ ਹੈ। ਅਜਿਹੇ ਵਿਚ ਆਉਣ ਵਾਲੇ ਦਿਨਾਂ ਵਿਚ ਸਾਰੀਆਂ ਦੇ ਚੀਜ਼ਾਂ ਦੇ ਭਾਅ 'ਤੇ ਇਸ ਦਾ ਅਸਰ ਹੋਣਾ ਤੈਅ ਹੈ। ਜਾਣਕਾਰਾਂ ਮੁਤਾਬਕ ਕਾਫ਼ੀ, ਮਸਾਲਿਆਂ ਅਤੇ ਰਬੜ੍ਹ ਦੀ ਪੈਦਾਵਾਰ ਵਿਚ 20-40 ਫ਼ੀਸਦੀ ਦੀ ਗਿਰਾਵਟ ਦਾ ਸ਼ੱਕ ਹੈ। ਸਭ ਤੋਂ ਜ਼ਿਆਦਾ ਅਸਰ ਦਸੰਬਰ ਵਿਚ ਤਿਆਰ ਹੋਣ ਵਾਲੀ ਫ਼ਸਲ 'ਤੇ ਪਵੇਗਾ। ਪਿਛਲੇ ਬਾਰਿਸ਼ ਘੱਟ ਹੋਣ ਨਾਲ ਕਈ ਇਲਾਕਿਆਂ ਵਿਚ ਸੋਕੇ ਵਰਗੇ ਹਾਲਾਤ ਬਣ ਗਏ ਸਨ, ਜਿਸ ਦੇ ਕਾਰਨ ਕਾਫ਼ੀ ਦੇ ਉਤਪਾਦਨ ਵਿਚ 40 ਫ਼ੀਸਦੀ ਗਿਰਾਵਟ ਦੇਖਣ ਨੂੰ ਮਿਲੀ ਸੀ। 

ਰੇਲ ਮੰਤਰੀ ਪਿਊਸ਼ ਗੋਇਲ ਨੇ ਕਿਹਾ ਹੈ ਕਿ ਹੜ੍ਹ ਪ੍ਰਭਾਵਤ ਕੇਰਲ ਵਿਚ ਫਸੇ ਲੋਕਾਂ ਦੀ ਮਦਦ ਲਈ ਉਨ੍ਹਾਂ ਦਾ ਮੰਤਰਾਲਾ ਯਤਨ ਕਰ ਰਿਹਾ ਹੈ। ਗੋਇਲ ਨੇ ਟਵੀਟ ਕੀਤਾ ਕਿ ਕੇਰਲ ਵਿਚ ਹੜ੍ਹ ਨਾਲ ਪ੍ਰਭਾਵਤ ਲੋਕਾਂ ਦੀ ਬਿਹਤਰੀ ਲਈ ਅਸੀਂ ਚਿੰਤਤ ਹਾਂ। ਕੇਰਲ ਵਿਚ ਹੜ੍ਹ ਨਾਲ ਹੋਏ ਜਾਨ ਮਾਲ ਦੇ ਭਾਰੀ ਨੁਕਸਾਨ ਨੂੰ ਦੇਖਦੇ ਹੋਏ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਫ਼ੈਸਲਾ ਕੀਤਾ ਹੈ ਕਿ ਪਾਰਟੀ ਦੇ ਸਾਰੇ ਸਾਂਸਦ, ਵਿਧਾਇਕ ਅਤੇ ਵਿਧਾਨ ਪ੍ਰੀਸ਼ਦ ਮੈਂਬਰ ਇਕ ਮਹੀਨੇ ਦੀ ਤਨਖ਼ਾਹ ਰਾਜ ਦੇ ਹੜ੍ਹ ਪੀੜਤਾਂ ਦੀ ਮਦਦ ਦੇ ਲਈ ਦੇਣਗੇ। 

ਅਪਣੀ ਪੜ੍ਹਾਈ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਮੱਛੀ ਵੇਚਣ ਲਈ ਸੋਸ਼ਲ ਮੀਡੀਆ 'ਤੇ ਟ੍ਰੋਨ ਹੋਈ 21 ਸਾਲਾ ਕਾਲਜ ਵਿਦਿਆਰਥਣ ਨੇ ਹੜ੍ਹ ਨਾਲ ਪ੍ਰਭਾਵਤ ਕੇਰਲ ਰਾਜ ਦੇ ਮੁੱਖ ਮੰਤਰੀ ਆਫ਼ਤ ਰਾਹਤ ਕੋਸ਼ ਵਿਚ 1.5 ਲੱਖ ਰੁਪਏ ਦਾ ਯੋਗਦਾਨ ਕੀਤਾ ਹੈ। ਕੋਚੀ ਦੀ ਰਹਿਣ ਵਾਲੀ ਹਨਾਨ ਨੇ ਕਿਹਾ ਕਿ ਇਹ ਪੈਸਾ ਉਸ ਦੀ ਪੜ੍ਹਾਈ ਵਿਚ ਮਦਦ ਲਈ ਲੋਕਾਂ ਨੇ ਦਿਤਾ ਸੀ।