ਕੇਰਲਾ ਹੜ੍ਹ : ਡੈਮ ਦੇ ਪਾਣੀ ਦਾ ਪੱਧਰ ਤਿੰਨ ਫ਼ੁਟ ਘਟਾਉਣ ਦੀ ਸੰਭਾਵਨਾ ਲੱਭੋ : ਸੁਪਰੀਮ ਕੋਰਟ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੁਪਰੀਮ ਕੋਰਟ ਨੇ ਕੇਰਲਾ ਵਿਚ ਹੜ੍ਹਾਂ ਦੇ ਸੰਕਟ ਨਾਲ ਸਿੱਝਣ ਵਾਲੀਆਂ ਦੋ ਕਮੇਟੀਆਂ ਨੂੰ ਮੁਲਾਪੇਰੀਅਰ ਡੈਮ ਵਿਚ ਪਾਣੀ ਦਾ ਪੱਧਰ ਤਿੰਨ ਫ਼ੁਟ ਤਕ ਘਟਾਉਣ...........

Supreme Court of India

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਕੇਰਲਾ ਵਿਚ ਹੜ੍ਹਾਂ ਦੇ ਸੰਕਟ ਨਾਲ ਸਿੱਝਣ ਵਾਲੀਆਂ ਦੋ ਕਮੇਟੀਆਂ ਨੂੰ ਮੁਲਾਪੇਰੀਅਰ ਡੈਮ ਵਿਚ ਪਾਣੀ ਦਾ ਪੱਧਰ ਤਿੰਨ ਫ਼ੁਟ ਤਕ ਘਟਾਉਣ ਦੀ ਸੰਭਾਵਨਾ ਲੱਭਣ ਲਈ ਕਿਹਾ ਹੈ। ਨਾਲ ਹੀ ਤਾਮਿਲਨਾਡੂ ਨੂੰ ਇਸ ਮਸਲੇ 'ਤੇ ਲਏ ਗਏ ਕਿਸੇ ਵੀ ਫ਼ੈਸਲੇ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ। ਅਦਾਲਤ ਨੇ ਕਿਹਾ ਕਿ ਸੂਬੇ ਵਿਚ ਹੜ੍ਹ ਦੇ ਹਾਲਾਤ ਨਾਲ ਗੰਭੀਰਤਾ ਨਾਲ ਸਿੱਝਣ ਦੀ ਲੋੜ ਹੈ। ਜੱਜਾਂ ਨੇ ਇਹ ਵੀ ਕਿਹਾ ਕਿ ਉਹ ਅਜਿਹੀ ਕੁਦਰਤੀ ਆਫ਼ਤ ਨਾਲ ਸਿੱਝਣ ਦੇ ਮਾਹਰ ਨਹੀਂ ਹਨ ਅਤੇ ਕਾਰਜਪਾਲਿਕਾ ਨੂੰ ਹਾਲਾਤ ਨਾਲ ਸਿੱਝਣਾ ਚਾਹੀਦਾ ਹੈ।

ਅਦਾਲਤ ਨੇ ਐਨਸੀਐਮਸੀ ਅਤੇ ਇਕ ਕਮੇਟੀ ਜਿਹੜੀ ਅਦਾਲਤ ਨੇ ਬਣਾਈ ਸੀ, ਨੂੰ ਡੈਮ ਦੀ ਸੁਰੱਖਿਆ ਵੇਖਣ ਲਈ ਕਿਹਾ ਤੇ ਨਾਲ ਹੀ ਇਕ ਦੂਜੇ ਨਾਲ ਤਾਲਮੇਲ ਕਰਨ ਦੇ ਹੁਕਮ ਦਿਤੇ ਤਾਕਿ ਡੈਮ ਦਾ ਪੱਧਰ 142 ਫ਼ੁਟ ਤੋਂ 139 ਫ਼ੁਟ 'ਤੇ ਲਿਆਂਦਾ ਜਾ ਸਕੇ। ਮੁਲਾਪੇਰੀਆਰ ਡੈਮ ਇਦੂਕੀ ਜ਼ਿਲ੍ਹੇ ਵਿਚ ਹੈ। ਮੁੱਖ ਜੱਜ ਦੀਪਕ ਮਿਸ਼ਰਾ ਅਤੇ ਜੱਜ ਡੀ ਵਾਈ ਚੰਦਰਚੂੜ ਨੇ ਕਿਹਾ ਕਿ ਹਾਲਾਤ ਨਾਲ ਸਿੱਝਣ ਵਾਸਤੇ ਦਿਸ਼ਾ-ਨਿਰਦੇਸ਼ ਦੇਣ ਲਈ ਅਦਾਲਤ ਕੋਈ ਮਾਹਰ ਸਮੂਹ ਨਹੀਂ। ਇਹ ਕੰਮ ਕਾਰਜਪਾਲਿਕਾ ਨੂੰ ਹੀ ਕਰਨਾ ਪੈਣਾ ਹੈ। ਅਦਾਲਤ ਨੇ ਦੋਹਾਂ ਕਮੇਟੀਆਂ ਨੂੰ ਆਪਸ ਵਿਚ ਤਾਲਮੇਲ ਕਰ ਕੇ ਸੰਕਟ ਨਾਲ ਸਿੱਝਣ ਲਈ ਕਿਹਾ। (ਪੀਟੀਆਈ)

Related Stories