ਵਿਕਰੀ 'ਚ ਗਿਰਾਵਟ ਕਾਰਨ ਕਾਰ ਕੰਪਨੀਆਂ ਦੇ ਰਹੀਆਂ ਹਨ ਭਾਰੀ ਛੋਟ

ਏਜੰਸੀ

ਖ਼ਬਰਾਂ, ਰਾਸ਼ਟਰੀ

31 ਮਾਰਚ 2020 ਤੋਂ ਬਾਅਦ ਵਾਹਨ ਨਿਰਮਾਤਾ ਮੌਜੂਦਾ ਬੀ. ਐਸ.-4 ਵਾਹਨਾਂ ਨੂੰ ਨਹੀਂ ਵੇਚ ਸਕਣਗੇ

Car sales hit rock bottom, discounts at all-time high

ਨਵੀਂ ਦਿੱਲੀ : ਵਾਹਨ ਉਦਯੋਗ ਨੇ ਸਰਕਾਰ ਕੋਲੋਂ ਜੀ.ਐਸ.ਟੀ. ਦਰਾਂ 'ਚ ਕਟੌਤੀ ਦੀ ਮੰਗ ਕੀਤੀ ਹੈ। ਜੀਐਸਟੀ ਦਰਾਂ 'ਚ ਕਟੌਤੀ ਹੁੰਦੀ ਹੈ ਤਾਂ ਕਾਰਾਂ ਦੀ ਕੀਮਤ ਘੱਟ ਹੋਵੇਗੀ ਪਰ ਹੁਣ ਮਿਲ ਰਹੇ ਡਿਸਕਾਊਂਟ ਨਾਲੋਂ ਵੱਧ ਫ਼ਾਇਦਾ ਨਹੀਂ ਮਿਲਣ ਵਾਲਾ। ਪਿਛਲੇ ਮਹੀਨਿਆਂ ਤੋਂ ਵਿਕਰੀ 'ਚ ਲਗਾਤਾਰ ਗਿਰਾਵਟ ਤੇ ਡੀਲਰਾਂ ਕੋਲ ਭਾਰੀ ਸਟਾਕ ਮੌਜੂਦ ਹੋਣ ਕਾਰਨ ਕੰਪਨੀਆਂ ਵਲੋਂ ਭਾਰੀ ਛੋਟ ਦਿਤੀ ਜਾ ਰਿਹਾ ਹੈ। ਉੱਥੇ ਹੀ, ਬੀ. ਐਸ.-6 ਨਿਯਮ ਲਾਗੂ ਹੋਣ 'ਚ ਵੀ ਤਕਰੀਬਨ 6 ਮਹੀਨੇ ਰਹਿ ਗਏ ਹਨ। 31 ਮਾਰਚ 2020 ਤੋਂ ਬਾਅਦ ਵਾਹਨ ਨਿਰਮਾਤਾ ਮੌਜੂਦਾ ਬੀ. ਐਸ.-4 ਵਾਹਨਾਂ ਨੂੰ ਨਹੀਂ ਵੇਚ ਸਕਣਗੇ, ਜਿਸ ਦਾ ਮਤਲਬ ਹੈ ਕਿ ਸਟਾਕ ਨੂੰ ਸਕ੍ਰੈਪ 'ਚ ਜਾਣ ਤੋਂ ਬਚਾਉਣ ਲਈ ਕੰਪਨੀਆਂ ਨੂੰ ਹਰ ਹਾਲ 'ਚ ਇਨ੍ਹਾਂ ਦੀ ਪਹਿਲਾਂ ਵਿਕਰੀ ਕਰਨੀ ਹੋਵੇਗੀ।

ਮਾਰੂਤੀ ਸੁਜ਼ੂਕੀ, ਹੁੰਡਈ ਅਤੇ ਹੌਂਡਾ ਕਾਰਾਂ 'ਤੇ ਭਾਰੀ ਛੋਟ ਦਿਤੀ ਜਾ ਰਿਹਾ ਹੈ। ਮਾਰੂਤੀ ਸੁਜ਼ੂਕੀ ਕੰਪਨੀ ਵੱਲੋਂ ਪਾਪੁਲਰ ਮਾਡਲ ਡਿਜ਼ਾਇਰ 'ਤੇ 50,000 ਰੁਪਏ ਤਕ ਦੀ ਨਕਦ ਛੋਟ ਦਿਤੀ ਜਾ ਰਹੀ ਹੈ। ਇਸ ਦੇ ਇਲਾਵਾ ਐਕਸਚੇਂਜ ਬੋਨਸ, ਮੁਫ਼ਤ ਬੀਮਾ ਅਤੇ ਹੋਰ ਲਾਭ ਜੋੜ ਕੇ ਤਕਰੀਬਨ 70,000 ਰੁਪਏ ਤਕ ਦਾ ਫ਼ਾਇਦਾ ਮਿਲ ਰਿਹਾ ਹੈ। ਡੀਜ਼ਲ ਮਾਡਲ 'ਤੇ 20 ਹਜ਼ਾਰ ਰੁਪਏ ਵੱਧ ਛੋਟ ਮਿਲ ਰਹੀ ਹੈ। ਸਵਿਫ਼ਟ 'ਤੇ 48,000 ਰੁਪਏ ਦੀ ਛੋਟ ਮਿਲ ਰਹੀ ਹੈ। ਬਲੇਨੋ, ਸਿਆਜ਼ ਤੇ ਵਿਟਾਰਾ ਬ੍ਰੇਜ਼ਾ 'ਤੇ ਵੀ 40-60 ਹਜ਼ਾਰ ਰੁਪਏ ਵਿਚਕਾਰ ਛੋਟ ਹੈ।

ਉਥੇ ਹੀ ਹੁੰਡਈ ਆਈ-10 'ਤੇ 35,000 ਰੁਪਏ ਦੇ ਲਾਭ ਦੇ ਇਲਾਵਾ ਲਗਭਗ 60,000 ਰੁਪਏ ਤਕ ਦਾ ਡਿਸਕਾਊਂਟ ਦਿਤਾ ਜਾ ਰਿਹਾ ਹੈ। ਡੀਲਰਾਂ ਵਲੋਂ ਹੌਂਡਾ ਅਮੇਜ਼ ਤੇ ਹੌਂਡਾ ਸਿਟੀ 'ਤੇ 40,000 ਰੁਪਏ ਤਕ ਦਾ ਡਿਸਕਾਊਂਟ ਉਪਲਬਧ ਹੈ। ਇੰਡਸਟਰੀ ਜਾਣਕਾਰਾਂ ਦਾ ਕਹਿਣਾ ਹੈ ਕਿ ਕਾਰ ਨਿਰਮਾਤਾਵਾਂ ਨੇ ਪ੍ਰਾਡਕਸ਼ਨ ਦੀ ਯੋਜਨਾ 'ਚ ਬਦਲਾਵ ਕੀਤਾ ਹੈ, ਇਸ ਲਈ ਇਸ ਤੋਂ ਵੱਧ ਛੋਟ ਮਿਲਣ ਦੀ ਫਿਰ ਸੰਭਾਵਨਾ ਨਹੀਂ ਹੈ। ਜ਼ਿਕਰਯੋਗ ਹੈ ਕਿ ਕਾਰਾਂ ਦੀ ਵਿਕਰੀ ਜੁਲਾਈ 2018 ਤੋਂ ਸੁਸਤ ਹੈ, ਇਸ ਸਾਲ ਜੁਲਾਈ ਦੀ ਵਿਕਰੀ ਸਾਲ-ਦਰ-ਸਾਲ ਆਧਾਰ 'ਤੇ 31 ਫ਼ੀ ਸਦੀ ਘੱਟ ਰਹੀ ਸੀ।