ਅਸੀਂ ਅਪਣੇ ਕਾਰਕੁਨਾਂ ਨੂੰ ਕਿਸੇ ਪਾਰਟੀ ਲਈ ਕੰਮ ਕਰਨ ਵਾਸਤੇ ਕਦੇ ਨਹੀਂ ਕਿਹਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੰਘ ਮੁਖੀ ਮੋਹਨ ਭਾਗਵਤ ਨੇ ਦਾਅਵਾ ਕੀਤਾ ਕਿ ਸੰਘ ਨੇ ਅਪਣੇ ਕਾਰਕੁਨਾਂ ਨੂੰ ਕਿਸੇ ਵਿਸ਼ੇਸ਼ ਪਾਰਟੀ ਲਈ ਕੰਮ ਕਰਨ ਵਾਸਤੇ ਕਦੇ ਨਹੀਂ ਕਿਹਾ

We never told our Activists to work for other party

ਨਵੀਂ ਦਿੱਲੀ, 19 ਸਤੰਬਰ: ਸੰਘ ਮੁਖੀ ਮੋਹਨ ਭਾਗਵਤ ਨੇ ਦਾਅਵਾ ਕੀਤਾ ਕਿ ਸੰਘ ਨੇ ਅਪਣੇ ਕਾਰਕੁਨਾਂ ਨੂੰ ਕਿਸੇ ਵਿਸ਼ੇਸ਼ ਪਾਰਟੀ ਲਈ ਕੰਮ ਕਰਨ ਵਾਸਤੇ ਕਦੇ ਨਹੀਂ ਕਿਹਾ ਪਰ ਉਨ੍ਹਾਂ ਨੂੰ ਰਾਸ਼ਟਰੀ ਹਿੱਤ ਲਈ ਕੰਮ ਕਰਨ ਵਾਲੇ ਲੋਕਾਂ ਦਾ ਸਮਰਥਨ ਕਰਨ ਦੀ ਸਲਾਹ ਜ਼ਰੂਰ ਦਿਤੀ ਹੈ। ਸੰਘ ਦੇ ਤਿੰਨ ਦਿਨਾ ਸਮਾਗਮ ਦੇ ਦੂਜੇ ਦਿਨ ਭਾਗਵਤ ਨੇ ਇਸ ਟਿਪਣੀ ਜ਼ਰੀਏ ਸੰਘ ਦੇ ਕੰਮਕਾਜ ਅਤੇ ਭਾਜਪਾ ਦੇ ਕੰਮ ਵਿਚਾਲੇ ਫ਼ਰਕ ਕਰਨ ਦਾ ਯਤਨ ਕੀਤਾ।

ਮਾਹਰਾਂ ਦਾ ਕਹਿਣਾ ਹੈ ਕਿ ਕਾਂਗਰਸ ਦੀ ਤਾਰੀਫ਼ ਕਰ ਕੇ ਉਪਰੋਕਤ ਬਿਆਨ ਦੇ ਕੇ ਭਾਗਵਤ ਨੇ ਦਸ ਦਿਤਾ ਹੈ ਕਿ ਉਨ੍ਹਾਂ ਨੂੰ ਵੀ 2019 ਦੀਆਂ ਚੋਣਾਂ ਵਿਚ ਮੋਦੀ ਸਰਕਾਰ ਹਾਰਦੀ ਹੋਈ ਨਜ਼ਰ ਆ ਰਹੀ ਹੈ ਤੇ ਉਹ ਕਾਂਗਰਸ ਦੇ ਗੁੱਸੇ ਨੂੰ ਘੱਟ ਕਰਨ ਲਈ ਅਜਿਹੇ ਬਿਆਨ ਦੇ ਰਹੇ ਹਨ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਆਗੂ ਪਹਿਲਾਂ ਸੰਘ ਨਾਲ ਹੀ ਜੁੜੇ ਹੋਏ ਸਨ। ਭਾਗਵਤ ਨੇ ਭਾਜਪਾ ਦਾ ਨਾਮ ਲਏ ਬਿਨਾਂ ਕਿਹਾ ਕਿ ਅਜਿਹੀ ਧਾਰਨਾ ਹੈ ਕਿ ਆਰਐਸਐਸ ਕਿਸੇ ਪਾਰਟੀ ਵਿਸ਼ੇਸ਼ ਦੇ ਕੰਮਕਾਜ ਵਿਚ ਮੁੱਖ ਭੂਮਿਕਾ ਨਿਭਾਉਂਦੀ ਹੈ ਕਿਉਂਕਿ ਉਸ ਸੰਗਠਨ ਵਿਚ ਇਸ ਦੇ ਬਹੁਤ ਸਾਰੇ ਕਾਰਕੁਨ ਹਨ।

ਭਾਗਵਤ ਨੇ ਕਿਹਾ, 'ਅਸੀਂ ਕਦੇ ਸਵੈਮਸੇਵਕ ਦੇ ਕਿਸੇ ਪਾਰਟੀ ਵਿਸ਼ੇਸ਼ ਲਈ ਕੰਮ ਕਰਨ ਵਾਸਤੇ ਨਹੀਂ ਕਿਹਾ। ਸੰਘ ਰਾਜਨੀਤੀ ਤੋਂ ਦੂਰ ਰਹਿੰਦਾ ਹੈ ਪਰ ਦੇਸ਼ ਹੱਤ ਦੇ ਮੁੱਦਿਆਂ ਬਾਰੇ ਇਸ ਦਾ ਅਪਣਾ ਦ੍ਰਿਸ਼ਟੀਕੋਣ ਹੈ।' ਉਨ੍ਹਾਂ ਕਿਹਾ ਕਿ ਸੰਘ ਦਾ ਮੰਨਣਾ ਹੈ ਕਿ ਸੰਵਿਧਾਨ ਮੁਤਾਬਕ ਸੱਤਾ ਦਾ ਕੇਂਦਰ ਹੋਣਾ ਚਾਹੀਦਾ ਹੈ ਅਤੇ ਜੇ ਅਜਿਹਾ ਨਹੀਂ ਹੈ ਤਾਂ ਉਹ ਇਸ ਨੂੰ ਗ਼ਲਤ ਮੰਨਦਾ ਹੈ। ਭਾਗਵਤ ਨੇ ਕਲ ਕਾਂਗਰਸ ਦੀ ਤਾਰੀਫ਼ ਕਰਦਿਆਂ ਕਿਹਾ ਸੀ ਕਿ ਇਸ ਨੇ ਆਜ਼ਾਦੀ ਦੇ ਸੰਘਰਸ਼ ਵਿਚ ਅਹਿਮ ਰੋਲ ਨਿਭਾਇਆ ਸੀ।