ਦੇਸ਼ ਦੇ ਆਮ ਨਾਗਰਿਕਾਂ ਨੂੰ ਪਹਾੜੀ ਸੂਬਿਆਂ ਦੇ ਸਫ਼ਰ ਲਈ ਸਸਤੀ ਫਲਾਈਟ ਟਿਕਟ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਰਕਾਰ 'ਉਡਾਣ (UDAN)' ਯਾਨੀ ਉੱਡੇ ਦੇਸ਼ ਦਾ ਆਮ ਨਾਗਰਿਕ ਯੋਜਨਾ ਤਹਿਤ ਹੋਰ...

Flight

ਨਵੀਂ ਦਿੱਲੀ: ਸਰਕਾਰ 'ਉਡਾਣ (UDAN)' ਯਾਨੀ ਉੱਡੇ ਦੇਸ਼ ਦਾ ਆਮ ਨਾਗਰਿਕ ਯੋਜਨਾ ਤਹਿਤ ਹੋਰ ਹਵਾਈ ਮਾਰਗ ਖੋਲ੍ਹਣ ਦੀ ਯੋਜਨਾ ਬਣਾ ਰਹੀ ਹੈ। ਜਲਦ ਹੀ ਤੁਸੀਂ ਪਹਾੜੀ ਅਤੇ ਉੱਤਰੀ-ਪੂਰਬੀ ਸੂਬਿਆਂ ਦਾ ਸਫਰ ਵੀ ਸਸਤੀ ਫਲਾਈਟ ਟਿਕਟ 'ਚ ਕਰ ਸਕੋਗੇ। ਇਸ ਯੋਜਨਾ ਤਹਿਤ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਹਵਾਈ ਕੰਪਨੀਆਂ ਨੂੰ ਕੁਝ ਮਦਦ ਦਿੱਤੀ ਜਾਂਦੀ ਹੈ, ਤਾਂ ਜੋ ਲੋਕਾਂ ਨੂੰ ਸਸਤੀ ਟਿਕਟ 'ਚ ਹਵਾਈ ਸਫਰ ਦਾ ਮੌਕਾ ਮਿਲੇ।

ਇਸ ਖੇਤਰੀ ਹਵਾਈ ਸੰਪਰਕ ਯੋਜਨਾ 'ਚ ਹੁਣ ਜਲਦ ਹੀ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉਤਰਾਖੰਡ, ਉੱਤਰੀ-ਪੂਰਬੀ ਸੂਬੇ ਅਤੇ ਅੰਡੇਮਾਨ ਨਿਕੋਬਾਰ ਅਤੇ ਲਕਸ਼ਦੀਪ ਲਈ ਏਅਰਲਾਈਨਾਂ ਨੂੰ ਖੇਤਰੀ ਹਵਾਈ ਮਾਰਗ ਵੰਡੇ ਜਾਣਗੇ। ਸਰਕਾਰ ਨੇ ਹਵਾਈ ਸੰਪਰਕ ਨੂੰ ਉਤਸ਼ਾਹ ਦੇਣ ਤੇ ਦੇਸ਼ ਦੇ ਆਮ ਨਾਗਰਿਕਾਂ ਨੂੰ ਸਸਤੇ 'ਚ ਹਵਾਈ ਸਫਰ ਕਰਵਾਉਣ ਦੇ ਮਕਸਦ ਨਾਲ ਸਾਲ 2016 'ਚ 'ਉਡਾਣ' ਯੋਜਨਾ ਨੂੰ ਸ਼ੁਰੂ ਕੀਤਾ ਸੀ। ਇਸ ਤਹਿਤ ਹੁਣ ਤਕ ਕਈ ਹਵਾਈ ਅੱਡੇ ਜੋੜੇ ਗਏ ਹਨ। ਬਠਿੰਡਾ ਤੇ ਲੁਧਿਆਣਾ ਵੀ ਇਨ੍ਹਾਂ 'ਚੋਂ ਇਕ ਹਨ।

ਸਰਕਾਰ ਦੀ ਇਸ ਯੋਜਨਾ ਨਾਲ ਸੈਰ-ਸਪਾਟਾ ਨੂੰ ਉਤਸ਼ਾਹ ਮਿਲ ਰਿਹਾ ਹੈ, ਜਿਸ ਨਾਲ ਕਈ ਰਾਜਾਂ 'ਚ ਰੁਜ਼ਗਾਰ ਦੇ ਮੌਕੇ ਖੁੱਲ੍ਹੇ ਹਨ। 'ਉਡਾਣ' ਯੋਜਨਾ ਦੇ ਪਿਛਲੇ ਰਾਊਂਡ 'ਚ ਇੰਡੀਗੋ, ਸਪਾਈਸ ਜੈੱਟ ਸਮੇਤ 11 ਹਵਾਈ ਕੰਪਨੀਆਂ ਨੂੰ 235 ਮਾਰਗ ਦਿੱਤੇ ਗਏ ਸਨ। ਉਡਾਣ ਯੋਜਨਾ ਤਹਿਤ ਹਵਾਈ ਟਿਕਟ ਘੱਟੋ-ਘੱਟ 2500 ਰੁਪਏ 'ਚ ਮਿਲਦੀ ਹੈ, ਜਿਸ ਨਾਲ ਆਮ ਲੋਕਾਂ ਲਈ ਹਵਾਈ ਸਫਰ ਕਰਨਾ ਸੰਭਵ ਹੋ ਸਕਿਆ ਹੈ।