ਵਿਧਾਨ ਸਭਾ ਚੋਣਾਂ: ਅੱਜ ਅਸਾਮ ਅਤੇ ਪੱਛਮੀ ਬੰਗਾਲ ਵਿਚ ਮੋਰਚਾ ਸੰਭਾਲਣਗੇ ਪੀਐਮ ਮੋਦੀ
ਅਸਾਮ ਦੇ ਜੋਰਹਾਟ ਤੇ ਵਿਸ਼ਵਨਾਥ ਵਿਖੇ ਜਨ ਸਭਾ ਨੂੰ ਸੰਬੋਧਨ ਕਰਨਗੇ ਰਾਹੁਲ ਗਾਂਧੀ
ਨਵੀਂ ਦਿੱਲੀ: ਪੰਜ ਸੂਬਿਆਂ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਇਸ ਦੇ ਚਲਦਿਆਂ ਸਿਆਸੀ ਧਿਰਾਂ ਵੱਲੋਂ ਲਗਾਤਾਰ ਚੋਣ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਇਸ ਦੌਰਾਨ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੱਛਮੀ ਬੰਗਾਲ ਦੇ ਖੜਗਪੁਰ ਅਤੇ ਅਸਾਮ ਦੇ ਚਬੂਆ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਨਗੇ।
ਮੀਡੀਆ ਰਿਪੋਰਟਾਂ ਅਨੁਸਾਰ ਪਹਿਲੀ ਰੈਲੀ ਸਵੇਰੇ 11:15 ਅਤੇ ਦੂਜੀ ਰੈਲੀ 2:30 ਵਜੇ ਹੋਵੇਗੀ। ਦੱਸ ਦਈਏ ਕਿ ਪ੍ਰਧਾਨ ਮੰਤਰੀ ਇੱਥੇ ਭਾਜਪਾ ਦੀ ਮੁਹਿੰਮ ਦੇ ਹਿੱਸੇ ਵਜੋਂ ਜਨਤਕ ਰੈਲੀਆਂ ਕਰਨ ਜਾ ਰਹੇ ਹਨ।
ਅਸਾਮ ਵਿਚ ਗਰਜਣਗੇ ਰਾਹੁਲ ਗਾਂਧੀ
ਚੋਣ ਰੈਲੀਆਂ ਨੂੰ ਸੰਬੋਧਨ ਕਰਨ ਲਈ ਕਾਂਗਰਸ ਨੇਤਾ ਰਾਹੁਲ ਗਾਂਧੀ ਵੀ ਅਸਾਮ ਪਹੁੰਚੇ ਹਨ। ਇਸ ਦੌਰਾਨ ਅੱਜ ਉਹ ਅਸਾਮ ਦੇ ਤਿਨਸੁਕੀਆ ਵਿਚ ਆਈਓਸੀ ਰਿਫਾਇਨਰੀ ਵਿਚ ਕਰਮਚਾਰੀਆਂ ਨਾਲ ਗੱਲਬਾਤ ਕਰਨਗੇ। ਇਸ ਤੋਂ ਇਲਾਵਾ ਸਾਬਕਾ ਕਾਂਗਰਸ ਪ੍ਰਧਾਨ ਅਸਾਮ ਦੇ ਜੋਰਹਾਟ ਅਤੇ ਵਿਸ਼ਵਨਾਥ ਵਿਖੇ ਜਨ ਸਭਾ ਨੂੰ ਸੰਬੋਧਨ ਕਰਨਗੇ।