ਕੋਰੋਨਾ ਵੈਕਸੀਨ ਲਈ ਕ੍ਰਿਸ ਗੇਲ ਨੇ ਪੀਐਮ ਮੋਦੀ ਨੂੰ ਕਿਹਾ ਧੰਨਵਾਦ, ਸਾਂਝੀ ਕੀਤੀ ਵੀਡੀਓ
ਕ੍ਰਿਸ ਗੇਲ ਨੇ ਪੀਐਮ ਮੋਦੀ ਦੀ ਤਾਰੀਫ ਕੀਤੀ
ਨਵੀਂ ਦਿੱਲੀ: ਵੈਸਟਇੰਡੀਜ਼ ਦੇ ਮਸ਼ਹੂਰ ਬੱਲੇਬਾਜ ਕ੍ਰਿਸ ਗੇਲ ਨੇ ਕੈਰੇਬਿਆਈ ਦੇਸ਼ਾਂ ਖਾਸ ਤੌਰ ’ਤੇ ਜਮਾਇਕਾ ਵਿਚ ਕੋਵਿਡ-19 ਦੀ ਵੈਕਸੀਨ ਪਹੁੰਚਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਕੀਤੀ ਹੈ ਅਤੇ ਉਹਨਾਂ ਦਾ ਸ਼ੁਕਰੀਆ ਕੀਤਾ। ਇਕ ਵੀਡੀਓ ਸੰਦੇਸ਼ ਵਿਚ ਕ੍ਰਿਸ ਗੇਲ ਨੇ ਪੀਐਮ ਮੋਦੀ ਨੂੰ ਧੰਨਵਾਦ ਕਿਹਾ।
ਉਹਨਾਂ ਨੇ ਕਿਹਾ ਮੈਂ ਜਮਾਇਕਾ ਨੂੰ ਕੋਰੋਨਾ ਦੀ ਵੈਕਸੀਨ ਪਹੁੰਚਾਉਣ ਲਈ ਪੀਐਮ ਮੋਦੀ, ਭਾਰਤ ਸਰਕਾਰ ਅਤੇ ਭਾਰਤ ਦੇ ਲੋਕਾਂ ਦਾ ਸ਼ੁਕਰੀਆ ਅਦਾ ਕਰਦਾ ਹਾਂ ਅਤੇ ਅਸੀਂ ਤਹਿ ਦਿਲ ਤੋਂ ਉਹਨਾਂ ਦੀ ਪਹਿਲ ਦੀ ਸ਼ਲਾਘਾ ਕਰਦੇ ਹਾਂ। ਕ੍ਰਿਸ ਗੇਲ ਤੋਂ ਪਹਿਲਾਂ ਵੈਸਟਇੰਡੀਜ਼ ਦੇ ਸਾਬਕਾ ਕਪਤਾਨ ਵਿਵ ਰਿਚਰਡਸ ਸਮੇਤ ਤਿੰਨ ਹੋਰ ਸਾਬਕਾ ਕ੍ਰਿਕਟਰਾਂ ਨੇ ਭਾਰਤ ਸਰਕਾਰ ਵੱਲੋਂ ਵੈਕਸੀਨ ਭੇਜਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ ਕੀਤੀ ਹੈ।
ਰਿਚਰਡਸ ਨੇ ਵੀ ਟਵਿਟਰ ’ਤੇ ਵੀਡੀਓ ਸ਼ੇਅਰ ਕਰਦਿਆਂ ਕਿਹਾ ਸੀ ਕਿ ਐਂਟੀਗਾ ਅਤੇ ਬਾਰਬਾਡੋਸ ਦੇ ਲੋਕਾਂ ਵੱਲੋਂ ਭਾਰਤ ਸਰਕਾਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤ ਦੀ ਜਨਤਾ ਦਾ ਸ਼ੁਕਰੀਆ ਕਰਨਾ ਚਾਹੁੰਦਾ ਹਾਂ ਕਿ ਉਹਨਾਂ ਨੂੰ ਸਾਨੂੰ ਕੋਰੋਨਾ ਵੈਕਸੀਨ ਦੀ ਖੇਪ ਪਹੁੰਚਾਈ ਹੈ। ਇਸ ਨਾਲ ਭਵਿੱਖ ਵਿਚ ਸਾਡੇ ਰਿਸ਼ਤੇ ਹੋਰ ਮਜ਼ਬੂਤ ਹੋਣਗੇ।
ਦੱਸ ਦਈਏ ਕਿ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਭਾਰਤ ਨੇ ਅਨੇਕਾਂ ਦੇਸ਼ਾਂ ਨੂੰ ਕੋਰੋਨਾ ਵੈਕਸੀਨ ਦਿੱਤੀ ਹੈ। ਇਹਨਾਂ ਵਿਚ ਭੂਟਾਨ, ਮਾਲਦੀਵ, ਮਾਰੀਸ਼ਸ, ਬਹਿਰੀਨ, ਨੇਪਾਲ, ਬੰਗਲਾਦੇਸ਼, ਮਿਆਂਮਾਰ ਅਤੇ ਸ੍ਰੀਲੰਕਾ ਆਦਿ ਦੇਸ਼ ਸ਼ਾਮਲ ਹਨ।