ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਵੱਲੋਂ ਭੋਪਾਲ ਤੋਂ ਉਮੀਦਵਾਰ ਬਣਾਏ ਜਾਣ 'ਤੇ ਸਾਧਵੀ ਪ੍ਰਗਯਾ ਲਗਾਤਾਰ ਸੁਰਖ਼ੀਆਂ ਵਿਚ ਹੈ। ਹੇਮੰਤ ਕਰਕਰੇ 'ਤੇ ਕੀਤੀ ਗਈ ਅਪਣੀ ਵਿਵਾਦਿਤ ਟਿੱਪਣੀ ਵਾਪਸ ਲੈਣ ਤੋਂ ਇੱਕ ਦਿਨ ਬਾਅਦ ਸਾਧਵੀ ਨੇ ਕਿਹਾ ਕਿ ਉਹ ਹਮੇਸ਼ਾ ਸੋਚ ਸਮਝ ਕੇ ਹੀ ਬੋਲਦੀ ਹੈ। ਕਦੇ ਗ਼ਲਤ ਬਿਆਨ ਨਹੀਂ ਦਿੰਦੀ। ਉਸ ਨੇ ਅੱਗੇ ਕਿਹਾ ਕਿ ਸਾਧਵੀ ਦਾ ਅੰਤ ਨਹੀਂ ਹੋਵੇਗਾ। ਦੇਸ਼ ਦੇ ਵਿਰੋਧੀ ਲੋਕ ਅਪਣੇ ਅੰਤ ਦੀ ਚਿੰਤਾ ਕਰਨ।
1984 ਵਿਚ ਜਿਹੜੇ ਦੰਗੇ ਹੋਏ ਸਨ ਉਹ ਦੰਗੇ ਨਹੀਂ ਬਲਕਿ ਹਤਿਆਕਾਂਡ ਸੀ। ਦੰਗਿਆਂ ਵਿਚ ਸ਼ਾਮਲ ਅੱਜ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਬਣੇ ਬੈਠੇ ਹਨ, ਉਹ ਕਿਸ ਆਧਾਰ 'ਤੇ ਕਹਿੰਦੇ ਹਨ ਕਿ ਸਾਧਵੀ ਦਾ ਅੰਤ ਹੋਵੇਗਾ। ਹੁਣ ਉਹ ਸਾਧਵੀ ਦੇ ਅੰਤ ਦੀ ਗੱਲ ਨਾ ਹੀ ਕਰਨ। ਤੁਸੀਂ ਜਿੱਥੇ ਹੋ ਉੱਥੇ ਹੀ ਰਹੋ। ਮੇਰੇ ਅੰਤ ਦਾ ਇੰਤਜ਼ਾਰ ਨਾ ਹੀ ਕਰੋ। ਉਸ ਨੇ ਅੱਗੇ ਕਿਹਾ ਕਿ ਦੇਸ਼ ਵਿਰੋਧੀ, ਧਰਮ ਵਿਰੋਧੀ, ਹਿੰਦੂ ਧਰਮ ਦੇ ਵਿਰੋਧੀ, ਸੈਨਾ ਵਿਰੋਧੀ ਅਪਣੇ ਅੰਤ ਦੀ ਚਿੰਤਾ ਕਰਨ।
ਸਾਜਿਸ਼ਕਰਤਾ ਕਿਸੇ ਵੀ ਹੱਦ ਤਕ ਚਲੇ ਜਾਂਦੇ ਹਨ। ਚੋਣਾਂ ਵਿਚ ਨਤੀਜੇ ਜੋ ਵੀ ਹੋਣ, ਜਾਂਚ ਏਜੰਸੀ ਵੱਲੋਂ 9 ਸਾਲ ਤਕ ਜਿਸ ਤਰ੍ਹਾਂ ਨਾਲ ਮੈਨੂੰ ਦਬਾਇਆ ਗਿਆ, ਪਰ ਇਸ ਦਾ ਨਤੀਜਾ ਜੋ ਵੀ ਆਇਆ ਉਹ ਤੁਹਾਡੇ ਸਾਹਮਣੇ ਹੈ। ਜਾਂਚ ਏਜੰਸੀ ਨੇ ਮੇਰੇ ਜੀਵਨ ਦੇ 9 ਸਾਲ ਖਤਮ ਕਰ ਦਿੱਤੇ ਹਨ। ਜੋ ਸੱਚ ਹੈ ਉਹ ਸੱਚ ਹੀ ਹੈ ਉਸ ਨੂੰ ਬਦਲਿਆ ਨਹੀਂ ਜਾ ਸਕਦਾ। ਬੀਜੇਪੀ ਦੀ ਉਮਾ ਭਾਰਤੀ ਬਾਰੇ ਸਾਧਵੀ ਨੇ ਕਿਹਾ ਕਿ ਉਹ ਮੇਰੀ ਦੀਦੀ ਹੈ ਉਹ ਮੇਰੀ ਉਂਗਲੀ ਫੜ ਕੇ ਮੈਨੂੰ ਤੋਰਦੀ ਹੈ।
ਟਿਕਟ ਮਿਲਣ 'ਤੇ ਉਸ ਨੇ ਕਿਹਾ ਕਿ ਅੱਜ ਦਾ ਦਿਨ ਬਹੁਤ ਖ਼ਾਸ ਹੈ। ਇਹ ਦਿਨ ਮੈਨੂੰ ਹਮੇਸ਼ਾ ਯਾਦ ਰਹੇਗਾ। ਅੱਜ ਦੇ ਦਿਨ ਮੇਰਾ ਨਾਮ ਐਲਾਨਿਆਂ ਗਿਆ ਹੈ। ਇਸ ਤੋਂ ਪਹਿਲਾਂ ਸਾਧਵੀ ਪ੍ਰਗਯਾ ਸਿੰਘ ਠਾਕੁਰ ਨੇ ਮੁੰਬਈ ਹਮਲੇ ਵਿਚ ਸ਼ਹੀਦ ਹੋਏ ਪੁਲਿਸ ਅਧਿਕਾਰੀ ਹੇਮੰਤ ਕਰਕਰੇ 'ਤੇ ਕੀਤੀ ਵਿਵਾਦਤ ਟਿੱਪਣੀ ਵਾਪਸ ਲੈ ਲਈ ਹੈ। ਸਾਧਵੀ ਨੇ ਕਿਹਾ ਕਿ ਉਸ ਦੇ ਬਿਆਨ ਨਾਲ ਦੁਸ਼ਮਣ ਮਜ਼ਬੂਤ ਹੋ ਰਹੇ ਹਨ ਇਸ ਲਈ ਉਹ ਅਪਣੀ ਵਾਪਸ ਲੈ ਰਹੀ ਹੈ।
ਪ੍ਰਗਯਾ ਨੇ ਦਾਅਵਾ ਕੀਤਾ ਸੀ ਕਿ ਸਾਬਕਾ ਹੇਮੰਤ ਕਰਕਰੇ ਨੇ ਉਹਨਾਂ ਨੂੰ ਮਾਲੇਗਾਂਵ ਵਿਸਫੋਟ ਮਾਮਲੇ ਵਿਚ ਗਲਤ ਤਰੀਕੇ ਨਾਲ ਫਸਾਇਆ ਸੀ ਅਤੇ ਉਹ ਅਪਣੇ ਕਰਮਾਂ ਕਰਕੇ ਮਾਰੇ ਗਏ ਸਨ। ਹੇਮੰਤ ਕਰਕਰੇ ਮੁੰਬਈ ਅਤਿਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਸੀ।