ਸੁਪਰੀਮ ਕੋਰਟ ਦੇ ਮੁੱਖ ਜੱਜ ਰੰਜਨ ਗੋਗੋਈ ਨੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਝੂਠਾ ਦੱਸਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ - ਨਿਆਂਪਾਲਿਕਾ ਦੀ ਆਜ਼ਾਦੀ ਖ਼ਤਰੇ 'ਚ ਹੈ

CJI Ranjan Gogoi refutes sexual harassment allegation

ਨਵੀਂ ਦਿੱਲੀ : ਸੁਪਰੀਮ ਕੋਰਟ ਦੇ ਮੁੱਖ ਜੱਜ (ਸੀ.ਜੇ.ਆਈ.) ਰੰਜਨ ਗੋਗੋਈ ਵਿਰੁੱਧ ਇਕ ਔਰਤ ਵੱਲੋਂ ਲਗਾਏ ਜਿਨਸੀ ਸ਼ੋਸ਼ਣ ਦੇ ਦੋਸ਼ 'ਤੇ ਸਨਿਚਰਵਾਰ ਨੂੰ ਸੁਪਰੀਮ ਕੋਰਟ ਵਿਚ ਵਿਸ਼ੇਸ਼ ਸੁਣਵਾਈ ਹੋਈ। ਇਸ ਦੌਰਾਨ ਰੰਜਨ ਗੋਗੋਈ ਨੇ ਆਪਣੇ ਉੱਪਰ ਲਗਾਏ ਦੋਸ਼ਾਂ ਨੂੰ ਝੂਠਾ ਤੇ ਬੇਬੁਨਿਆਦ ਦੱਸਿਆ ਅਤੇ ਕਿਹਾ ਕਿ ਇਸ ਦੇ ਪਿੱਛੇ ਕੋਈ ਵੱਡੀ ਤਾਕਤ ਹੈ, ਜੋ ਉਨ੍ਹਾਂ ਦੇ ਕਾਰਜਕਾਲ ਨੂੰ ਖ਼ਤਮ ਕਰਨਾ ਚਾਹੁੰਦੀ ਹੈ। ਨਿਆਂਪਾਲਿਕਾ ਦੀ ਆਜ਼ਾਦੀ ਖ਼ਤਰੇ 'ਚ ਹੈ। ਅਜਿਹੇ ਦੋਸ਼ ਨਾਲ ਮੈਂ ਬਹੁਤ ਦੁਖੀ ਹਾਂ। 

ਦਰਅਸਲ ਇਕ 35 ਸਾਲਾ ਔਰਤ ਨੇ ਰੰਜਨ ਗੋਗੋਈ ਵਿਰੁੱਧ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਏ ਹਨ। ਇਹ ਔਰਤ ਸਾਲ 2018 'ਚ ਗੋਗੋਈ ਦੇ ਘਰ 'ਚ ਬਤੌਰ ਜੂਨੀਅਰ ਕੋਰਟ ਅਸਿਸਟੈਂਟ ਅਹੁਦੇ 'ਤੇ ਕੰਮ ਕਰਦੀ ਸੀ। ਔਰਤ ਦਾ ਦਾਅਵਾ ਹੈ ਕਿ ਉਸ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ। ਇਸ ਔਰਤ ਨੇ ਆਪਣੇ ਐਫ਼ੀਡੇਵਿਟ ਦੀ ਕਾਪੀ 22 ਜੱਜਾਂ ਨੂੰ ਭੇਜੀ। ਇਸੇ ਆਧਾਰ 'ਤੇ 4 ਨਿਊਜ਼ ਵੈਬਸਾਈਟਾਂ ਨੇ ਇਸ ਖ਼ਬਰ ਨੂੰ ਪ੍ਰਕਾਸ਼ਤ ਕੀਤਾ ਸੀ। 

ਜਸਟਿਸ ਗੋਗੋਈ ਨੇ ਸੁਣਵਾਈ ਦੌਰਾਨ ਕਿਹਾ, "ਮੈਂ ਇਨ੍ਹਾਂ ਦੋਸ਼ਾਂ ਦਾ ਜਵਾਬ ਨਹੀਂ ਦੇਣਾ ਚਾਹੁੰਦਾ ਹਾਂ। ਕੀ ਚੀਫ਼ ਜਸਟਿਸ ਦੇ 20 ਸਾਲਾਂ ਦੇ ਕਾਰਜਕਾਲ ਦਾ ਇਹ ਈਨਾਮ ਹੈ? 20 ਸਾਲਾਂ ਦੀ ਸੇਵਾ ਤੋਂ ਬਾਅਦ ਮੇਰੇ ਖ਼ਾਤੇ 'ਚ ਸਿਰਫ਼ 6,80,000 ਰੁਪਏ ਹਨ। ਕੋਈ ਵੀ ਮੇਰਾ ਖ਼ਾਤਾ ਚੈੱਕ ਕਰ ਸਕਦਾ ਹੈ।" ਰੰਜਨ ਗੋਗੋਈ ਨੇ ਕਿਹਾ, "ਮੇਰੇ ਚਪੜਾਸੀ ਕੋਲ ਵੀ ਮੇਰੇ ਨਾਲੋਂ ਵੱਧ ਪੈਸੇ ਹਨ। ਅਦਾਲਤ ਨੂੰ ਬਲੀ ਦਾ ਬੱਕਰਾ ਨਹੀਂ ਬਣਾਇਆ ਜਾ ਸਕਦਾ ਹੈ। ਕੁਝ ਲੋਕ ਸੀ.ਜੇ.ਆਈ. ਦੇ ਦਫ਼ਤਰ ਨੂੰ ਨਸ਼ਟ ਕਰਨਾ ਚਾਹੁੰਦੇ ਹਨ। ਲੋਕ ਪੈਸੇ ਦੇ ਮਾਮਲੇ 'ਚ ਮੇਰੇ 'ਤੇ ਉਂਗਲ ਨਹੀਂ ਚੁੱਕ ਸਕਦੇ। ਇਸ ਲਈ ਇਸ ਤਰ੍ਹਾਂ ਦਾ ਦੋਸ਼ ਲਗਾਇਆ ਹੈ।"

ਰੰਜਨ ਗੋਗੋਈ ਨੇ ਕਿਹਾ, "ਮੈਂ ਦੇਸ਼ ਦੇ ਲੋਕਾਂ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਮੈਂ ਮਹੱਤਵਪੂਰਨ ਮਾਮਲਿਆਂ ਦੀ ਸੁਣਵਾਈ ਕਰਾਂਗਾ। ਜਿਨ੍ਹਾਂ ਨੇ ਮੇਰੇ 'ਤੇ ਦੋਸ਼ ਲਗਾਏ ਹਨ, ਉਹ ਜੇਲ 'ਚ ਸਨ ਅਤੇ ਹੁਣ ਬਾਹਰ ਹਨ। ਇਸ ਦੇ ਪਿੱਛੇ ਕੋਈ ਇਕ ਵਿਅਕਤੀ ਨਹੀਂ ਹੈ, ਸਗੋਂ ਕਈ ਲੋਕਾਂ ਦਾ ਹੱਥ ਹੈ। ਜਿਸ ਔਰਤ ਨੇ ਦੋਸ਼ ਲਗਾਇਆ ਹੈ, ਉਹ 4 ਦਿਨ ਜੇਲ 'ਚ ਸੀ। ਔਰਤ ਨੇ ਕਿਸੇ ਵਿਅਕਤੀ ਨੂੰ ਸੁਪਰੀਮ ਕੋਰਟ 'ਚ ਨੌਕਰੀ ਦਿਵਾਉਣ ਦਾ ਧੋਖਾ ਦਿੱਤਾ ਸੀ ਅਤੇ ਪੈਸੇ ਲਏ ਸਨ।"

ਜ਼ਿਕਰਯੋਗ ਹੈ ਕਿ ਰੰਜਨ ਗੋਗੋਈ ਨੇ ਅਗਲੇ ਹਫ਼ਤੇ ਰਾਹੁਲ ਗਾਂਧੀ ਵਿਰੁੱਧ ਮਾਨਹਾਨੀ ਪਟੀਸ਼ਨ, ਪ੍ਰਧਾਨ ਮੰਤਰੀ ਮੋਦੀ ਦੀ ਬਾਈਓਪਿਕ ਨੂੰ ਰੀਲੀਜ਼ ਕਰਨ ਦੇ ਨਾਲ-ਨਾਲ ਤਾਮਿਲਨਾਡੂ 'ਚ ਵੋਟਰਾਂ ਨੂੰ ਕਥਿਤ ਤੌਰ 'ਤੇ ਰਿਸ਼ਵਤ ਦੇਣ ਕਾਰਨ ਉੱਥੇ ਚੋਣਾਂ ਰੱਦ ਕਰਨ ਦੀ ਮੰਗ ਵਾਲੀਆਂ ਪਟੀਸ਼ਨਾਂ ਦੀ ਸੁਣਵਾਈ ਕਰਨੀ ਹੈ।