ਪ੍ਰਿਅੰਕਾ ਗਾਂਧੀ ਨੇ ਕਾਨਪੁਰ ਵਿਚ ਕੀਤਾ ਰੋਡ ਸ਼ੋ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੈਂ ਇੰਦਰਾ ਗਾਂਧੀ ਵਰਗੀ ਨਹੀਂ ਹਾਂ ਪਰ ਉਹਨਾਂ ਵਰਗੇ ਕੰਮ ਕਰੂੰਗੀ: ਪ੍ਰਿਅੰਕਾ ਗਾਂਧੀ

Priyanka Gandhi

ਨਵੀਂ ਦਿੱਲੀ: ਕਾਂਗਰਸ ਸਕੱਤਰ ਪ੍ਰਿਅੰਕਾ ਗਾਂਧੀ ਨੇ ਸ਼ੁਕਰਵਾਰ ਨੂੰ ਕਾਨਪੁਰ ਲੋਕ ਸਭਾ ਸੀਟ ਦੇ ਉਮੀਦਵਾਰ ਜੈਸਵਾਲ ਦੇ ਸਮਰਥਨ ਵਿਚ ਰੋਡ ਸ਼ੋਅ ਕੀਤਾ ਸੀ। ਉਸ ਨੇ ਕਿਹਾ ਕਿ ਬੀਜੇਪੀ ਸਰਕਾਰ ਕਾਨਪੁਰ ਵਾਸਤੇ ਕੁਝ ਨਹੀਂ ਕਰ ਰਹੀ। ਉੱਥੋਂ ਦੇ ਕਿਸਾਨ ਅਤੇ ਨੌਜਵਾਨ ਕਰਜ਼ੇ ਕਾਰਨ ਆਤਮ ਹੱਤਿਆ ਕਰ ਰਹੇ ਹਨ। ਪ੍ਰਿਅੰਕਾ ਗਾਂਧੀ ਉੱਤਰ ਪ੍ਰਦੇਸ਼ ਦੀ ਇੰਚਾਰਜ ਵੀ ਹੈ। ਉਸ ਨੇ ਅੱਗੇ ਕਿਹਾ ਕਿ ਉਹ ਅਪਣੀ ਦਾਦੀ ਇੰਦਰਾ ਗਾਂਧੀ ਦੀ ਬਰਾਬਰੀ ਨਹੀਂ ਕਰ ਸਕਦੀ।

ਪਰ ਉਸ ਨੇ ਪਾਰਟੀ ਵਿਚ ਰਹਿ ਕੇ ਲੋਕਾਂ ਲਈ ਬਹੁਤ ਕੰਮ ਕੀਤੇ ਹਨ। ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਮੇਰੇ ਅਤੇ ਮੇਰੇ ਭਰਾ ਰਾਹੁਲ ਗਾਂਧੀ ਦੇ ਦਿਲ ਵਿਚ ਲੋਕਾਂ ਦੀ ਸੇਵਾ ਕਰਨ ਦੀ ਇੱਛਾ ਹਮੇਸ਼ਾ ਰਹੇਗੀ। ਸਾਡੇ ਦਿਲ ਵਿਚੋਂ ਕੋਈ ਵੀ ਇਸ ਇੱਛਾ ਨੂੰ ਕੱਢ ਨਹੀਂ ਸਕਦਾ। ਰੋਡ ਸ਼ੋਅ ਵਿਚ ਉਸ ਨੇ ਕਿਹਾ ਕਿ ਅਸੀਂ ਗਰੀਬਾਂ ਨੂੰ 72 ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ ਹੈ ਪਰ ਭਾਜਪਾ ਕਹਿ ਰਹੀ ਹੈ ਕਿ ਇਹ ਕੋਈ ਵੱਡੀ ਰਕਮ ਨਹੀਂ ਹੈ।

ਸਰਕਾਰਾਂ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ। ਇੱਕ ਉਹ ਜੋ ਲੋਕਾਂ ਲਈ ਕੰਮ ਕਰਦੀ ਹੈ ਅਤੇ ਲੋਕਾਂ ਦੀਆਂ ਸਾਰੀਆਂ ਗਤੀਵਿਧੀਆਂ ਦਾ ਧਿਆਨ ਰੱਖਦੀ ਹੈ। ਇੱਕ ਉਹ ਹੈ ਜੋ ਕੇਵਲ ਅਪਣਾ ਹੀ ਸੋਚਦੀ  ਹੈ। ਉਹਨਾਂ ਨੂੰ ਕਿਸੇ ਦੀ ਕੋਈ ਚਿੰਤਾ ਨਹੀਂ ਹੁੰਦੀ। ਕਾਂਗਰਸ ਲੋਕਾਂ ਲਈ ਕੰਮ ਕਰਦੀ ਹੈ ਜਦਕਿ ਭਾਜਪਾ ਉਦਯੋਗਪਤੀਆਂ ਲਈ ਕੰਮ ਕਰਦੀ ਹੈ। ਮਿਲੀ ਜਾਣਕਾਰੀ ਮੁਤਾਬਕ ਪ੍ਰਿਅੰਕਾ ਦਾ ਕਹਿਣਾ ਹੈ ਕਿ ਮੈਂ ਵਾਰਾਣਸੀ ਗਈ ਸੀ ਜਿੱਥੇ ਮੋਦੀ ਨੇ ਕੋਈ ਵਿਕਾਸ ਨਹੀਂ ਕੀਤਾ ਉਹਨਾਂ ਨੇ ਸਿਰਫ 15...

....ਕਿਲੋਮੀਟਰ ਲੰਬੀ ਸੜਕ ਬਣਵਾਈ ਹੈ ਪਰ ਕਾਂਗਰਸ ਸਰਕਾਰ ਦੇ ਸਮੇਂ ਡੇਢ ਸੌ ਕਿਲੋਮੀਟਰ ਲੰਬੀ ਸੜਕ ਬਣੀ ਸੀ। ਪ੍ਰਿਅੰਕਾ ਗਾਂਧੀ ਅਪਣੇ ਰੋਡ ਸ਼ੋਅ ਵਿਚ ਦੋ ਘੰਟੇ ਦੀ ਦੇਰੀ ਨਾਲ ਪਹੁੰਚੀ ਸੀ ਉਸ ਨੇ ਉੱਥੋਂ ਹੀ ਰੋਡ ਸ਼ੋ ਸ਼ੁਰੂ ਕੀਤਾ ਸੀ। ਮੁਸਲਮਾਨਾਂ ਨੇ ਉਹਨਾਂ ਦਾ ਬਹੁਤ ਸਤਿਕਾਰ ਕੀਤਾ। ਵੱਡੀ ਗਿਣਤੀ ਵਿਚ ਲੋਕ ਪ੍ਰਿਅੰਕਾ ਗਾਂਧੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ।