ਚੋਣ ਨਤੀਜੇ ਆਉਣ ਤਕ ਮੂੰਹ ਬੰਦ ਰੱਖੇਗੀ ਸਾਧਵੀ ਪ੍ਰਗਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਚੋਣ ਪ੍ਰਚਾਰ ਦੌਰਾਨ ਸ਼ਹੀਦ ਹੇਮੰਤ ਕਰਕਰੇ ਬਾਰੇ ਦਿੱਤਾ ਸੀ ਵਿਵਾਦਤ ਬਿਆਨ

Sadhvi Pragya Thakur announces 'maun vrat' till poll results are out

ਨਵੀਂ ਦਿੱਲੀ : ਲੋਕ ਸਭਾ ਚੋਣਾਂ 2019 ਦੇ ਨਤੀਜਿਆਂ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ। 23 ਮਈ ਨੂੰ ਆਉਣ ਵਾਲੇ ਨਤੀਜਿਆਂ ਤੋਂ ਪਹਿਲਾਂ ਆਗੂਆਂ ਦੀਆਂ ਧੜਕਨਾਂ ਤੇਜ਼ ਹੋ ਗਈਆਂ ਹਨ। ਇਸ ਦੌਰਾਨ ਚੋਣ ਪ੍ਰਚਾਰ 'ਚ ਆਪਣੇ ਬਿਆਨਾਂ ਕਾਰਨ ਚਰਚਾ 'ਚ ਰਹਿਣ ਵਾਲੀ ਸਾਧਵੀ ਪ੍ਰਗਿਆ ਸਿੰਘ ਠਾਕੁਰ ਨੇ ਮੌਨ ਵਰਤ ਰੱਖ ਲਿਆ ਹੈ, ਜੋ ਸੋਮਵਾਰ ਸਵੇਰੇ ਤੋਂ ਸ਼ੁਰੂ ਹੋ ਚੁੱਕਾ ਹੈ ਅਤੇ ਚੋਣਾਂ ਵਾਲੇ ਦਿਨ ਖ਼ਤਮ ਹੋਵੇਗਾ। 

ਸਾਧਵੀ ਪ੍ਰਗਿਆ ਨੇ ਅੱਜ ਇਕ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ। ਆਪਣੇ ਟਵੀਟ 'ਚ ਸਾਧਵੀ ਨੇ ਲਿਖਿਆ, "ਚੋਣ ਪ੍ਰਕਿਰਿਆ ਤੋਂ ਬਾਅਦ ਹੁਣ ਸਮਾਂ ਹੈ ਚਿੰਤਨ ਦਾ। ਚੋਣ ਪ੍ਰਚਾਰ ਦੌਰਾਨ ਜੇ ਮੇਰੇ ਸ਼ਬਦਾਂ ਨਾਲ ਦੇਸ਼ ਭਗਤਾਂ ਨੂੰ ਸੱਟ ਪੁੱਜੀ ਹੈ ਤਾਂ ਮੈਂ ਮਾਫ਼ੀ ਚਾਹੁੰਦੀ ਹਾਂ। ਮੈਂ ਆਪਣੀ ਗਲਤੀ ਲਈ 63 ਘੰਟੇ ਦਾ ਮੌਨ ਅਤੇ ਸਾਧਨਾ ਕਰ ਰਹੀ ਹਾਂ।"

ਜ਼ਿਕਰਯੋਗ ਹੈ ਕਿ ਭੋਪਾਲ ਲੋਕ ਸਭਾ ਸੀਟ ਤੋਂ ਉਮੀਦਵਾਰ ਸਾਧਵੀ ਪ੍ਰਗਿਆ ਨੇ ਚੋਣ ਪ੍ਰਚਾਰ ਦੌਰਾਨ ਆਪਣੇ ਬਿਆਨਾਂ ਨਾਲ ਸਿਆਸੀ ਮਾਹੌਲ 'ਚ ਗਰਮੀ ਲਿਆ ਦਿੱਤੀ ਸੀ। ਚੋਣ ਕਮਿਸ਼ਨ ਨੇ ਸਾਧਵੀ ਦੇ ਮੁੰਬਈ ਅਤਿਵਾਦੀ ਹਮਲੇ 'ਚ ਸ਼ਹੀਦ ਹੇਮੰਤ ਕਰਕਰੇ ਬਾਰੇ ਦਿੱਤੇ ਬਿਆਨ 'ਤੇ ਕਾਰਵਾਈ ਕਰਦਿਆਂ ਉਸ ਦੇ ਚੋਣ ਪ੍ਰਚਾਰ 'ਤੇ 72 ਘੰਟੇ ਦੀ ਪਾਬੰਦੀ ਵੀ ਲਗਾਈ ਸੀ। ਹਾਲ ਹੀ 'ਚ ਸਾਧਵੀ ਪ੍ਰਗਿਆ ਫਿਰ ਸੁਰਖੀਆਂ 'ਚ ਉਦੋਂ ਆਈ ਸੀ ਜਦੋਂ ਉਸ ਨੇ ਮਹਾਤਮਾ ਗਾਂਧੀ ਦੇ ਕਾਤਲ ਨਾਥੂਰਾਮ ਗੋਡਸੇ ਨੂੰ ਦੇਸ਼ਭਗਤ ਦੱਸਿਆ ਸੀ।