ਕੇਂਦਰ ਸਰਕਾਰ ਦਾ ਸੂਬਿਆਂ ਨੂੰ ਨਿਰਦੇਸ਼, ਬਲੈਕ ਫੰਗਸ ਨੂੰ ਐਲਾਨਿਆ ਜਾਵੇ ਮਹਾਂਮਾਰੀ
ਕੋਰੋਨਾ ਵਾਇਰਸ ਦੇ ਚਲਦਿਆਂ ਭਾਰਤ ਵਿਚ ਹੁਣ ਬਲੈਕ ਫੰਗਸ ਦਾ ਖਤਰਾ ਵੀ ਵਧਦਾ ਜਾ ਰਿਹਾ ਹੈ।
ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਚਲਦਿਆਂ ਭਾਰਤ ਵਿਚ ਹੁਣ ਬਲੈਕ ਫੰਗਸ ਦਾ ਖਤਰਾ ਵੀ ਵਧਦਾ ਜਾ ਰਿਹਾ ਹੈ। ਅਜਿਹੀ ਸਥਿਤੀ ਵਿਚ ਕੇਂਦਰ ਸਰਕਾਰ ਨੇ ਸੂਬਾ ਸਰਕਾਰਾਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ। ਕੇਂਦਰ ਨੇ ਕਿਹਾ ਕਿ ਬਲੈਕ ਫੰਗਸ ਨੂੰ ਮਹਾਂਮਾਰੀ ਕਾਨੂੰਨ ਤਹਿਤ ਨੋਟੀਫਾਈਡ ਬੀਮਾਰੀ ਵਜੋਂ ਸ਼ਾਮਲ ਕੀਤਾ ਜਾਵੇ ਅਤੇ ਇਸ ਦੇ ਸਾਰੇ ਕੇਸ ਕੇਂਦਰੀ ਸਿਹਤ ਮੰਤਰਾਲੇ ਨੂੰ ਰਿਪੋਰਟ ਕੀਤੇ ਜਾਣ।
ਇਸ ਦਾ ਅਰਥ ਇਹ ਹੈ ਕਿ ਬਲੈਕ ਫੰਗਸ ਦੇ ਸਾਰੇ ਪਾਜ਼ੇਟਿਵ ਤੇ ਸ਼ੱਕੀ ਕੇਸ ਸਿਹਤ ਮੰਤਰਾਲੇ ਕੋਲ ਦਰਜ ਕੀਤੇ ਜਾਣਗੇ। ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗ੍ਰਵਾਲ ਨੇ ਸੂਬਿਆਂ ਨੂੰ ਲਿਖੀ ਚਿੱਠੀ ਵਿਚ ਕਿਹਾ, ‘ਸਾਰੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਨੂੰ ਬਲੈਕ ਫੰਗਸ ਦੀ ਸਕ੍ਰੀਨਿੰਗ, ਡਾਇਗਨੋਸਿਸ ਅਤੇ ਮੈਨੇਜਮੈਂਟ ਦੀਆਂ ਹਦਾਇਤਾਂ ਦਾ ਪਾਲਣ ਕਰਨਾ ਹੋਵੇਗਾ’।
ਜ਼ਿਕਰਯੋਗ ਹੈ ਕਿ ਸਿਰਫ਼ ਮਹਾਰਾਸ਼ਟਰ ਵਿਚ ਹੀ ਹੁਣ ਤੱਕ ਬਲੈਗ ਫੰਗਸ ਦੇ 1500 ਕੇਸ ਦਰਜ ਹੋ ਚੁੱਕੇ ਹਨ। ਇਸ ਦੇ ਨਾਲ ਹੀ 90 ਲੋਕਾਂ ਦੀ ਮੌਤ ਹੋ ਗਈ। ਦੱਸ ਦਈਏ ਕਿ ਬਲੈਕ ਫੰਗਸ ਦੇ ਮਾਮਲੇ ਕੋਰੋਨਾ ਤੋਂ ਠੀਕ ਹੋ ਚੁੱਕੇ ਮਰੀਜ਼ਾਂ ਵਿਚ ਦੇਖੇ ਜਾ ਰਹੇ ਹਨ। ਬਲੈਕ ਫੰਗਸ ਨੇ ਪੰਜਾਬ ਵਿਚ ਵੀ ਦਸਤਕ ਦੇ ਦਿੱਤੀ ਹੈ। ਬਲੈਕ ਫੰਗਸ ਮਿਊਕਰ ਮਾਈਕੋਸਿਸ ਦੇ ਕੇਸ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ, ਪਟਿਆਲਾ ਅਤੇ ਅੰਮ੍ਰਿਤਸਰ ਜ਼ਿਲ੍ਹੇ ’ਚ ਰਿਪੋਰਟ ਕੀਤੇ ਗਏ ਹਨ।
ਆਖਿਰ ਕੀ ਹੈ ਇਹ 'ਬਲੈਕ ਫੰਗਸ'
ਮੈਡੀਕਲ ਭਾਸ਼ਾ ਵਿਚ ਇਹ ਮਿਊਕੋਰਮਾਇਕੋਸਿਸ ਇਕ ਤਰ੍ਹਾਂ ਦੀ ਫੰਗਲ ਇਨਫੈਕਸ਼ਨ ਹੈ। ਜਿਸ ਨੂੰ 'ਬਲੈਕ ਫੰਗਲ' ਦਾ ਨਾਂ ਦਿੱਤਾ ਗਿਆ ਹੈ। ਇਹ ਇਨਫੈਕਸ਼ਨ ਸਿੱਧਾ ਫੇਫੜਿਆਂ, ਦਿਮਾਗ ਅਤੇ ਚਮੜ੍ਹੀ 'ਤੇ ਅਸਰ ਕਰਦੀ ਹੈ। ਡਰਾਉਣ ਵਾਲੀ ਗੱਲ ਇਹ ਵੀ ਹੈ ਕਿ ਇਸ ਇਨਫੈਕਸ਼ਨ ਨਾਲ ਲੋਕਾਂ ਦੀ ਅੱਖਾਂ ਦੀ ਰੌਸ਼ਨੀ ਤੱਕ ਜਾ ਰਹੀ ਹੈ। ਇਨਫੈਕਸ਼ਨ ਜ਼ਿਆਦਾ ਵਧਣ ਨਾਲ ਮਰੀਜ਼ਾਂ ਦੇ ਜਬਾੜੇ ਅਤੇ ਨੱਕ ਦੀ ਹੱਡੀ ਗਲ ਜਾਣ ਦਾ ਖਤਰਾ ਵਧ ਜਾਂਦਾ ਹੈ।
ਨੀਤੀ ਆਯੋਗ ਦੇ ਮੈਂਬਰ ਵੀ. ਕੇ. ਪਾਲ ਨੇ ਦੱਸਿਆ ਕਿ ਮਿਊਕੋਰਮਾਇਕੋਸਿਸ 'ਮਿਊਕਾਰ' ਨਾਂ ਦਾ ਫੰਗਲ ਹੁੰਦਾ ਹੈ ਜਿਹੜਾ ਕਿ ਸਰੀਰ ਦੀਆਂ ਗੀਲੀਆਂ ਪਰਤਾਂ 'ਤੇ ਪਾਇਆ ਜਾਂਦਾ ਹੈ ਜਦ ਇਕ ਕੋਰੋਨਾ ਮਰੀਜ਼ ਨੂੰ ਆਕਸੀਜਨ ਸਪੋਰਟ 'ਤੇ ਰੱਖਿਆ ਜਾਂਦਾ ਹੈ। ਜਿਸ ਵਿਚ ਪਾਣੀ ਦੇ ਨਾਲ ਹਿਊਮੀਡਿਫਾਇਰ ਹੁੰਦਾ ਹੈ ਤਾਂ ਇਸ ਨਾਲ ਉਸ ਮਰੀਜ਼ ਵਿਚ ਫੰਗਲ ਇਨਫਕੈਸ਼ਨ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ।