ਦੇਸ਼ ਵਿਚ 11 ਲੱਖ ਤੋਂ ਪਾਰ ਹੋਏ ਕੋਰੋਨਾ ਦੇ ਮਾਮਲੇ, ਇਕ ਦਿਨ ਵਿਚ 40 ਹਜ਼ਾਰ ਤੋਂ ਜ਼ਿਆਦਾ ਨਵੇਂ ਕੇਸ
ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਰੀਜਾਂ ਦਾ ਅੰਕੜਾ 11 ਲੱਖ ਤੋਂ ਪਾਰ ਹੋ ਗਿਆ ਹੈ। ਭਾਰਤ ਵਿਚ ਹੁਣ ਤੱਕ ਇਸ ਵਾਇਰਸ ਦੇ 11 ਲੱਖ 18 ਹਜ਼ਾਰ 17 ਮਰੀਜ ਸਾਹਮਣੇ ਆਏ ਹਨ।
ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਰੀਜਾਂ ਦਾ ਅੰਕੜਾ 11 ਲੱਖ ਤੋਂ ਪਾਰ ਹੋ ਗਿਆ ਹੈ। ਭਾਰਤ ਵਿਚ ਹੁਣ ਤੱਕ ਇਸ ਵਾਇਰਸ ਦੇ 11 ਲੱਖ 18 ਹਜ਼ਾਰ 17 ਮਰੀਜ ਸਾਹਮਣੇ ਆਏ ਹਨ। ਐਤਵਾਰ ਨੂੰ ਹੁਣ ਤੱਕ ਸਭ ਤੋਂ ਜ਼ਿਆਦਾ 40 ਹਜ਼ਾਰ 253 ਲੋਕ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ ਹਨ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਹੀ ਸਭ ਤੋਂ ਜ਼ਿਆਦਾ 38 ਹਜ਼ਾਰ 902 ਨਵੇਂ ਮਾਮਲੇ ਮਿਲੇ ਸੀ।
ਇਸ ਦੌਰਾਨ ਰਾਹਤ ਦੀ ਖ਼ਬਰ ਇਹ ਹੈ ਕਿ ਦੇਸ਼ ਵਿਚ ਠੀਕ ਹੋਣ ਵਾਲੇ ਮਰੀਜਾਂ ਦਾ ਅੰਕੜਾ ਵੀ 7 ਲੱਖ ਤੋਂ ਪਾਰ ਹੋ ਗਿਆ ਹੈ। ਹੁਣ ਤੱਕ 7 ਲੱਖ 339 ਲੋਕ ਬਿਮਾਰੀ ਤੋਂ ਰਿਕਵਰ ਹੋ ਕੇ ਘਰ ਜਾ ਚੁੱਕੇ ਹਨ। ਕੋਰੋਨਾ ਦੇ 21 ਫੀਸਦੀ ਕੇਸ ਸਿਰਫ ਇਕ ਹਫ਼ਤੇ ਦੇ ਅੰਦਰ ਹੀ ਆਏ ਹਨ। 22 ਤੋਂ 28 ਜੂਨ ਦੌਰਾਨ ਕੋਰੋਨਾ ਦੇ ਕੁੱਲ 1.2 ਲੱਖ ਕੇਸ ਆਏ ਸੀ। ਇਸ ਤੋਂ ਬਾਅਦ 29 ਜੂਨ ਤੋਂ 5 ਜੁਲਾਈ ਵਿਚਕਾਰ ਕੋਰੋਨਾ ਸੰਕਰਮਣ ਦੇ 1.5 ਲੱਖ ਮਾਮਲੇ ਰਿਕਾਰਡ ਹੋਏ। 6-12 ਜੁਲਾਈ ਦੌਰਾਨ ਕੋਰੋਨਾ ਨਾਲ 1.8 ਲੱਖ ਲੋਕ ਸੰਕਰਮਿਤ ਪਾਏ ਗਏ।
ਉੱਥੇ ਹੀ 13 ਤੋਂ 19 ਜੁਲਾਈ ਤੱਕ 2.4 ਲੱਖ ਕੋਰੋਨਾ ਵਾਇਰਸ ਦੀ ਚਪੇਟ ਵਿਚ ਆਏ ਹਨ। ਸਿਹਤ ਮੰਤਰਾਲੇ ਦੀ ਤਾਜ਼ਾ ਅਪਡੇਟ ਅਨੁਸਾਰ ਦੇਸ਼ ਵਿਚ ਕੋਰੋਨਾ ਦੇ ਹੁਣ 3 ਲੱਖ 90 ਹਜ਼ਾਰ 459 ਐਕਟਿਵ ਕੇਸ ਹਨ। ਹੁਣ ਤੱਕ ਇਸ ਵਾਇਰਸ ਨਾਲ 27 ਹਜ਼ਾਰ 497 ਮਰੀਜਾਂ ਦੀ ਜਾਨ ਜਾ ਚੁੱਕੀ ਹੈ। ਰਾਹਤ ਦੀ ਖ਼ਬਰ ਇਹ ਹੈ ਕਿ 7 ਲੱਖ 86 ਲੋਕ ਹੁਣ ਤੱਕ ਇਸ ਮਹਾਂਮਾਰੀ ਰਿਕਵਰ ਕਰ ਚੁੱਕੇ ਹਨ।
ਕੋਰੋਨਾ ਦੇ ਸਭ ਤੋਂ ਜ਼ਿਆਦਾ ਐਕਟਿਵ ਮਾਮਲੇ ਮਹਾਰਾਸ਼ਟਰ ਵਿਚ ਹਨ। ਮਹਾਰਾਸ਼ਟਰ ਵਿਚ ਇਕ ਲੱਖ ਤੋਂ ਜ਼ਿਆਦਾ ਸੰਕਰਮਿਤ ਮਰੀਜਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਇਸ ਤੋਂ ਬਾਅਦ ਦੂਜੇ ਨੰਬਰ ‘ਤੇ ਤਮਿਲਨਾਡੂ, ਤੀਜੇ ਨੰਬਰ ‘ਤੇ ਕਰਨਾਟਕ, ਚੌਥੇ ਨੰਬਰ ‘ਤੇ ਆਂਧਰਾ ਪ੍ਰਦੇਸ਼ ਅਤੇ ਪੰਜਵੇਂ ਨੰਬਰ ‘ਤੇ ਦਿੱਲੀ ਹੈ। ਇਹਨਾਂ ਪੰਜ ਸੂਬਿਆਂ ਵਿਚ ਸਭ ਤੋਂ ਜ਼ਿਆਦਾ ਐਕਟਿਵ ਮਾਮਲੇ ਹਨ। ਐਕਟਿਵ ਮਾਮਲਿਆਂ ਵਿਚ ਦੁਨੀਆ ਭਰ ਵਿਚ ਭਾਰਤ ਦਾ ਚੌਥਾ ਸਥਾਨ ਹੈ।