ਲੋਕਾਂ ਦੀ ਸਿਹਤ ਨਾਲ ਖਿਲਵਾੜ ਨਹੀਂ ਹੋਣ ਦਿਤਾ ਜਾਵੇਗਾ : ਸਿੱਧੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਸ਼ੂ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਰਾਜ ਵਿਚ ਨਕਲੀ ਪਨੀਰ, ਘਿਉ ਸਮੇਤ ਨਕਲੀ ਖਾਧ ਪਦਾਰਥ ਤਿਆਰ ਕਰਨ ਵਾਲੇ ਇਸ ਗੋਰਖ ਧੰਦੇ..............

Balbir Singh Sidhu

ਐਸ.ਏ.ਐਸ. ਨਗਰ : ਪਸ਼ੂ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਰਾਜ ਵਿਚ ਨਕਲੀ ਪਨੀਰ, ਘਿਉ ਸਮੇਤ ਨਕਲੀ ਖਾਧ ਪਦਾਰਥ ਤਿਆਰ ਕਰਨ ਵਾਲੇ ਇਸ ਗੋਰਖ ਧੰਦੇ ਵਿਚ ਲੱਗੇ ਮਿਲਾਵਟਖ਼ੋਰਾਂ ਨੂੰ ਕਰੜੇ ਹੱਥੀ ਲੈਂਦੀਆਂ ਦਸਿਆ ਕਿ ਮਿਲਾਵਟਖ਼ੋਰਾਂ ਨੂੰ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਦੀ ਆਗਿਆ ਨਹੀਂ ਦਿਤੀ ਜਾਵੇਗੀ। ਇਨ੍ਹਾਂ ਵਿਰੁਧ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ ਤਾਂ ਜੋ ਮਿਲਾਵਟਖ਼ੋਰਾਂ ਨੂੰ ਸਖ਼ਤ ਸਜ਼ਾਵਾਂ ਮਿਲ ਸਕਣ। ਸਿੱਧੂ ਨੇ ਦਸਿਆ ਕਿ ਨਕਲੀ ਪਨੀਰ, ਘਿਉ ਅਤੇ ਨਕਲੀ ਖਾਧ ਵਸਤਾਂ ਤਿਆਰ ਕਰਨ ਵਾਲੇ ਮਿਲਾਵਟਖ਼ੋਰ ਡੇਅਰੀ ਧੰਦੇ ਵਿਚ ਲੱਗੇ ਕਿਸਾਨਾਂ ਨੂੰ ਵੀ ਵੱਡੀ ਢਾਹ ਲਾ ਰਹੇ ਹਨ।

ਮਿਲਾਵਟਖੋਰਾਂ ਦੀ ਵਜ੍ਹਾ ਕਾਰਨ ਉਨ੍ਹਾਂ ਨੂੰ ਦੁਧ ਅਤੇ ਦੁਧ ਤਂੋ ਤਿਆਰ ਪਦਾਰਥਾਂ ਦੇ ਸਹੀ ਭਾਅ ਨਹੀਂ ਮਿਲ ਰਹੇ ਜਦਕਿ ਮਿਲਾਵਟਖ਼ੋਰ ਰਿਫ਼ਾਇੰਡ ਤੇਲ, ਰਸਾਇਣ, ਸਿਰਕਾ, ਤੇਜ਼ਾਬ ਤੇ ਡਿਟਰਜੈਂਟ ਪਾਊਡਰ ਤੋਂ ਨਕਲੀ ਪਨੀਰ, ਘਿਉ ਅਤੇ ਨਕਲੀ ਖਾਧ ਪਦਾਰਥ ਲੋਕਾਂ ਨੂੰ ਵੇਚ ਰਹੇ ਹਨ ਜਿਸ ਕਾਰਨ ਲੋਕਾਂ ਦੀ ਸਿਹਤ ਤੇ ਵੀ ਮਾੜਾ ਅਸਰ ਪੈ ਰਿਹਾ ਹੈ। ਸਿੱਧੂ ਨੇ ਦਸਿਆ ਕਿ ਵੇਰਕਾ ਮਿਲਕ ਪਲਾਂਟ ਮੋਹਾਲੀ ਵਿਖੇ 12 ਹਜ਼ਾਰ ਟਨ ਪਨੀਰ ਦਾ ਸਟਾਕ ਪਿਆ ਹੈ। ਜਿਸ ਦੀ ਵਜ੍ਹਾ ਵੀ ਮਿਲਾਵਟਖ਼ੋਰ ਹਨ।

ਸਿੱਧੂ ਨੇ ਪੰਜਾਬ ਦੇ ਲੋਕਾਂ ਨੂੰ ਮਿਲਾਵਟਖੋਰ੍ਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਦੱਸਿਆ ਕਿ ਕੋਈ ਵੀ ਵਿਅਕਤੀ ਮਿਲਾਵਟ ਖੋਰ੍ਹਾਂ ਦੀ ਸੂਚਨਾਂ ਜ਼ਿਲ੍ਹੇ ਦੇ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਦੇ ਦਫ਼ਤਰਾਂ ਅਤੇ ਨੇੜਲੇ ਡੇਅਰੀ ਇੰਸਪੈਕਟਰ ਨੂੰ ਦੇਣ ਤਾਂ ਜੋ ਮਿਲਾਵਟ ਖੋਰ੍ਹਾਂ ਤੇ ਸਿਕੰਜਾ ਕਸਿਆ ਜਾ ਸਕੇ।  ਸੂਚਨਾਂ ਦੇਣ ਵਾਲੇ ਦਾ ਨਾਂ ਗੁਪਤ ਰੱਖਿਆ ਜਾਵੇਗਾ। 

ਮਿਲਾਵਟ ਖੋਰ੍ਹਾਂ ਨੂੰ ਨੱਥ ਪਾਉਣ ਵਾਲਿਆਂ ਦਾ ਸਨਮਾਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਮਿਲਾਵਟ ਖੋਰ੍ਹਾਂ ਨਾਲ ਅਧਿਕਾਰੀਆਂ ਦੀ ਮਿਲੀ ਭੁਗਤ ਦੇ ਸਾਹਮਣੇ ਆ ਰਹੇ ਕੇਸ ਵੀ ਸ਼ਰਮਨਾਕ ਗੱਲ ਹੈ ਜਿਨ੍ਹਾਂ ਦੀ ਮੁਕੰਮਲ ਜਾਂਚ ਕੀਤੀ ਜਾਵੇਗੀ। ਸਚਾਈ ਸਾਹਮਣੇ ਆਉਣ ਤੇ ਮਿਲੀਭੁਗਤ ਵਾਲੇ ਅਧਿਕਾਰੀਆਂ ਵਿਰੁਧ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।