ਪ੍ਰਧਾਨ ਮੰਤਰੀ ਇਹ ਵੀ ਦੱਸਣ ਕਿ ਕਾਂਗਰਸ ਨੇ ਪਾਕਿ ਦੇ ਦੋ ਟੁਕੜੇ ਕਰ ਦਿਤੇ ਸਨ : ਕਪਿਲ ਸਿੱਬਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਧਾਰਾ 370 ਨਾਲ ਲੋਕਾਂ ਦਾ ਪੇਟ ਨਹੀਂ ਭਰੇਗਾ, ਲੋਕਾਂ ਨੂੰ ਰੁਜ਼ਗਾਰ ਨਹੀਂ ਮਿਲੇਗਾ।''

Kapil Sibal

ਨਵੀਂ ਦਿੱਲੀ : ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ 'ਤੇ ਹਰਿਆਣਾ ਅਤੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ 'ਚ ਧਾਰਾ 370 ਦੇ ਮੁੱਦੇ ਦਾ ਪ੍ਰਯੋਗ ਸਿਆਸੀ ਲਾਭ ਲਈ ਕਰਨ ਦਾ ਦੋਸ਼ ਲਾਉਂਦਿਆਂ ਸਨਿਚਰਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਜਨਤਾ ਦੇ ਸਾਹਮਣੇ ਇਹ ਵੀ ਬੋਲਣਾ ਚਾਹੀਦਾ ਹੈ ਕਿ ਉਸ ਦੀ ਸਰਕਾਰ ਨੇ 1971 'ਚ ਪਾਕਿਸਤਾਨ ਦੇ ਦੋ ਟੁਕੜੇ ਕਰ ਦਿਤੇ ਸਨ।

ਪਾਰਟੀ ਦੇ ਸੀਨੀਅਰ ਆਗੂ ਕਪਿਲ ਸਿੱਬਲ ਨੇ ਪੱਤਰਕਾਰਾਂ ਨੂੰ ਕਿਹਾ, ''ਚੋਣਾਂ ਆਉਂਦਿਆਂ ਹੀ ਮੋਦੀ ਜੀ ਅਤੇ ਅਮਿਤ ਸ਼ਾਹ ਜੀ ਅਸਲੀ ਮੁੱਦਿਆਂ ਨੂੰ ਭੁੱਲ ਜਾਂਦੇ ਹਨ ਅਤੇ ਕਦੇ ਐਨ.ਆਰ.ਸੀ. ਦੀ ਗੱਲ ਕਰਦੇ ਹਨ ਤਾਂ ਕਦੀ ਧਾਰਾ 370 ਦੀ ਗੱਲ ਕਰਦੇ ਹਨ। ਧਾਰਾ 370 ਨਾਲ ਲੋਕਾਂ ਦਾ ਪੇਟ ਨਹੀਂ ਭਰੇਗਾ, ਲੋਕਾਂ ਨੂੰ ਰੁਜ਼ਗਾਰ ਨਹੀਂ ਮਿਲੇਗਾ।'' ਉਨ੍ਹਾਂ ਅੱਗੇ ਕਿਹਾ, ''ਪ੍ਰਧਾਨ ਮੰਤਰੀ ਹਰਿਆਣਾ ਅਤੇ ਮਹਾਰਾਸ਼ਟਰ ਦੀਆਂ ਚੋਣਾਂ 'ਚ ਧਾਰਾ 370 ਦੀ ਗੱਲ ਕਰਦੇ ਹਨ। ਧਾਰਾ 370 ਅਤੇ ਜੰਮੂ-ਕਸ਼ਮੀਰ ਸਾਡਾ ਅੰਦਰੂਨੀ ਮਾਮਲਾ ਰਿਹਾ ਹੈ, ਪਰ ਜਨਤਾ ਨੂੰ ਉਹ ਇਹ ਵੀ ਦੱਸਣ ਕਿ ਕਾਗਰਸ ਦੀ ਸਰਕਾਰ 'ਚ ਪਾਕਿਸਤਾਨ ਦੇ ਦੋ ਟੁਕੜੇ ਹੋਏ।

ਮੈਨੂੰ ਪਤਾ ਹੈ ਕਿ ਉਹ ਇਹ ਨਹੀਂ ਬੋਲਣਗੇ, ਕਿਉਂਕਿ ਉਨ੍ਹਾਂ 'ਚ ਇਹ ਕਹਿਣ ਦੀ ਹਿੰਮਤ ਨਹੀਂ ਹੈ।'' ਉਨ੍ਹਾਂ ਨੇ ਮਹਾਰਾਸ਼ਟਰ 'ਚ ਭਾਜਪਾ ਦੇ ਚੋਣ ਐਲਾਨਨਾਮੇ 'ਚ ਵੀਰ ਸਾਵਰਕ ਨੂੰ ਭਾਰਤ ਰਤਨ ਦੇਣ ਦੀ ਮੰਗ ਨੂੰ ਲੈ ਕੇ ਚਲ ਰਹੇ ਸਿਆਸੀ ਘਮਾਸਾਨ ਵਿਚਕਾਰ ਕਿਹਾ ਕਿ ਵੀਰ ਸਾਵਰਕਰ ਦਾ ਕਾਂਗਰਸ ਮਾਣ ਕਰਦੀ ਹੈ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਹ ਗਾਂਧੀ ਦੇ ਭਗਤ ਹਨ ਜਾਂ ਫਿਰ ਸਾਵਰਕਰ ਦੇ ਭਗਤ ਹਨ।  (ਪੀਟੀਆਈ)