ਯੂਪੀ ਵਿੱਚ 40 ਫ਼ੀ ਸਦੀ ਮਹਿਲਾ ਉਮੀਦਵਾਰ : TMC ਨੇ ਉਡਾਇਆ ਕਾਂਗਰਸ ਦਾ ਮਜ਼ਾਕ
ਪਾਰਟੀ ਨੂੰ ਰਾਜਨੀਤੀ ਵਿੱਚ ਮਹਿਲਾ ਸਸ਼ਕਤੀਕਰਨ ਬਾਰੇ ਤ੍ਰਿਣਮੂਲ ਤੋਂ ਸਿੱਖਣ ਦੀ ਲੋੜ ਨਹੀਂ ਹੈ : ਪ੍ਰਦੀਪ ਭੱਟਾਚਾਰਿਆ
ਕਿਹਾ- ਸਾਡੀ ਨੀਤੀ ਦੀ ਨਕਲ ਕੀਤੀ ਜਾ ਰਹੀ ਹੈ
ਨਵੀਂ ਦਿੱਲੀ : ਤ੍ਰਿਣਮੂਲ ਕਾਂਗਰਸ ਨੇ ਉੱਤਰ ਪ੍ਰਦੇਸ਼ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਵੱਲੋਂ 40 ਫ਼ੀ ਸਦੀ ਔਰਤਾਂ ਨੂੰ ਉਮੀਦਵਾਰ ਬਣਾਉਣ ਦੇ ਫੈਸਲੇ ਦਾ ਮਜ਼ਾਕ ਉਡਾਇਆ। ਤ੍ਰਿਣਮੂਲ ਨੇ ਉਮੀਦ ਜਤਾਈ ਕਿ ਉਨ੍ਹਾਂ ਦੀ ਨੀਤੀ ਦੀ ਨਕਲ ਕਰ ਕੇ ਕਾਂਗਰਸ ਸਿਰਫ ਦਿਖਾਵਾ ਨਹੀਂ ਕਰੇਗੀ ਸਗੋਂ ਕਰ ਕੇ ਵੀ ਦਿਖਾਉਂਦੀ। ਦੱਸ ਦਈਏ ਕਿ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਮੰਗਲਵਾਰ ਨੂੰ ਐਲਾਨ ਕੀਤਾ ਸੀ ਕਿ ਉਨ੍ਹਾਂ ਦੀ ਪਾਰਟੀ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੌਰਾਨ ਔਰਤਾਂ ਨੂੰ 40 ਫ਼ੀ ਸਦੀ ਟਿਕਟਾਂ ਦੇਵੇਗੀ।
ਤ੍ਰਿਣਮੂਲ ਨੇ ਟਵੀਟ ਕੀਤਾ, '' ਮਮਤਾ ਬੈਨਰਜੀ ਦੀ ਅਗਵਾਈ 'ਚ ਤ੍ਰਿਣਮੂਲ ਕਾਂਗਰਸ ਨੇ ਉਹ ਰਾਹ ਦਿਖਾਇਆ ਹੈ ਜਿਸ ਨੇ ਦੇਸ਼ ਦੀ ਰਾਜਨੀਤੀ' ਚ ਔਰਤਾਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਕੰਮ ਕੀਤਾ ਹੈ। ਅਸੀਂ ਪਹਿਲੀ ਪਾਰਟੀ ਸੀ ਜਿਸ ਨੇ ਲੋਕ ਸਭਾ ਚੋਣਾਂ ਵਿੱਚ ਔਰਤਾਂ ਨੂੰ 40 ਫ਼ੀ ਸਦੀ ਸੀਟਾਂ ਦਿੱਤੀਆਂ। ਅਜਿਹੇ ਮੁਸ਼ਕਲ ਸਮੇਂ 'ਚ, ਕਾਂਗਰਸ ਇਸ ਦੀ ਨਕਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਸਾਨੂੰ ਉਮੀਦ ਹੈ ਕਿ ਇਹ ਸਿਰਫ ਇੱਕ ਧੋਖਾ ਨਹੀਂ ਹੋਵੇਗਾ ਸਗੋਂ ਹਕੀਕਤ ਵਿੱਚ ਕੀਤਾ ਜਾਵੇਗਾ. ਜੇ ਉਹ ਇਸ ਨੂੰ ਗੰਭੀਰਤਾ ਨਾਲ ਲੈਂਦੇ ਹਨ ਤਾਂ ਉਨ੍ਹਾਂ ਨੂੰ ਉੱਤਰ ਪ੍ਰਦੇਸ਼ ਤੋਂ ਇਲਾਵਾ ਹੋਰ ਸੂਬਿਆਂ ਵਿੱਚ ਵੀ ਔਰਤਾਂ ਨੂੰ 40 ਫ਼ੀ ਸਦੀ ਸੀਟਾਂ ਦੇਣੀਆਂ ਚਾਹੀਦੀਆਂ ਹਨ।
ਮਮਤਾ ਬੈਨਰਜੀ ਦੀ ਅਗਵਾਈ ਵਾਲੀ ਪਾਰਟੀ ਵੱਲੋਂ ਆਲੋਚਨਾ ਅਜਿਹੇ ਸਮੇਂ ਆਈ ਹੈ ਜਦੋਂ ਕਾਂਗਰਸ ਅਤੇ ਟੀਐਮਸੀ ਦੋਵੇਂ ਭਾਰਤੀ ਜਨਤਾ ਪਾਰਟੀ ਦੇ ਵਿਰੁੱਧ ਵਿਰੋਧੀ ਧਿਰ ਦੀ ਅਗਵਾਈ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਤ੍ਰਿਣਮੂਲ ਕਾਂਗਰਸ ਦੇ ਟਵੀਟ ਦਾ ਜਵਾਬ ਦਿੰਦਿਆਂ ਸੀਨੀਅਰ ਕਾਂਗਰਸੀ ਨੇਤਾ ਪ੍ਰਦੀਪ ਭੱਟਾਚਾਰਿਆ ਨੇ ਕਿਹਾ ਕਿ ਪਾਰਟੀ ਨੂੰ ਰਾਜਨੀਤੀ ਵਿੱਚ ਮਹਿਲਾ ਸਸ਼ਕਤੀਕਰਨ ਬਾਰੇ ਤ੍ਰਿਣਮੂਲ ਤੋਂ ਸਿੱਖਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਤ੍ਰਿਣਮੂਲ ਕਾਂਗਰਸ ਹੈ, ਜੋ ਕਾਂਗਰਸ ਦੀ ਨਕਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਸਾਡੇ ਨੇਤਾਵਾਂ ਨੂੰ ਆਪਣੇ ਖੇਮੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ।