ਮੁਜ਼ਫੱਰਪੁਰ ਬਾਲਿਕਾ ਆਸਰਾ ਘਰ ਮਾਮਲੇ 'ਚ ਫਰਾਰ ਸਾਬਕਾ ਮੰਤਰੀ ਮੰਜੂ ਵਰਮਾ ਨੇ ਕੀਤਾ ਸਮਰਪਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੰਜੂ ਵਰਮਾ ਨੇ ਇਕ ਗੱਡੀ ਵਿਚ ਤਿੰਨ ਲੋਕਾਂ ਦੇ ਨਾਲ ਆ ਕੇ ਚੁਪਚਾਪ ਬੇਗੁਸਰਾਇ ਜ਼ਿਲ੍ਹੇ ਦੀ ਮੰਝੋਲ ਅਦਾਲਤ ਵਿਖੇ ਸਮਰਪਣ ਕਰ ਦਿਤਾ ਹੈ।

Manju Verma

ਪਟਨਾ ,  ( ਭਾਸ਼ਾ ) : ਬਿਹਾਰ ਦੇ ਮੁਜ਼ਫੱਰਪੁਰ ਬਾਲਿਕਾ ਆਸਰਾ ਘਰ ਮਾਮਲੇ ਚ ਫਰਾਰ ਚਲ ਰਹੀ ਸਾਬਕਾ ਮੰਤਰੀ ਮੰਜੂ ਵਰਮਾ ਨੇ ਆਖਰਕਾਰ ਸਮਰਪਣ ਕਰ ਦਿਤਾ ਹੈ। ਉਨ੍ਹਾਂ ਨੇ ਇਕ ਗੱਡੀ ਵਿਚ ਤਿੰਨ ਲੋਕਾਂ ਦੇ ਨਾਲ ਆ ਕੇ ਚੁਪਚਾਪ ਬੇਗੁਸਰਾਇ ਜ਼ਿਲ੍ਹੇ ਦੀ ਮੰਝੋਲ ਅਦਾਲਤ ਵਿਖੇ ਸਮਰਪਣ ਕਰ ਦਿਤਾ ਹੈ। ਬੈਠਕ ਵਿਚ ਆ ਕੇ ਉਹ ਬੇਹੋਸ਼ ਹੋ ਗਈ ਜਿਸ ਕਾਰਨ ਡਾਕਟਰ ਨੂੰ ਬੁਲਾਇਆ ਗਿਆ। ਉਨ੍ਹਾਂ 'ਤੇ ਹਥਿਆਰ ਐਕਟ ਸਬੰਧੀ ਮਾਮਲਾ ਚਲ ਰਿਹਾ ਹੈ। ਬੀਤੇ ਦਿਨੀ ਬੇਗੁਸਰਾਇ ਦੀ ਮੰਝੋਲ ਅਦਾਲਤ ਵੱਲੋਂ ਦਿਤੇ ਹੁਕਮ ਮੁਤਾਬਕ

ਮੰਜੂ ਵਰਮਾ ਦੇ ਘਰ ਦੇ ਬਾਹਰ ਜਾਇਦਾਦ ਜ਼ਬਤ ਕਰਨ ਦਾ ਨੋਟਿਸ ਲਗਾ ਦਿਤਾ ਗਿਆ ਸੀ। ਇਸ ਤੋਂ ਪਹਿਲਾਂ ਬਿਹਾਰ ਪੁਲਿਸ ਦੇ ਏਡੀਜੀ ਐਸਕੇ ਸਿੰਘਲ ਨੇ ਕਿਹਾ ਸੀ ਕਿ ਜੇਕਰ ਮੰਜੂ ਵਰਮਾ ਜਲਦੀ ਹੀ ਸਮਰਪਣ ਨਹੀਂ ਕਰਦੀ ਹੈ ਤਾਂ ਬਿਹਾਰ ਪੁਲਿਸ ਉਨ੍ਹਾਂ ਦੀ ਜਾਇਦਾਦ ਜ਼ਬਤ ਕਰ ਲਵੇਗੀ। ਏਡੀਜੀ ਦਾ ਇਹ ਬਿਆਨ ਉਸ ਵੇਲੇ ਆਇਆ ਜਦ ਮੰਜੂ ਵਰਮਾ ਦੀ ਗ੍ਰਿਫਤਾਰੀ ਨੂੰ ਲੈ ਕੇ ਸੁਪਰੀਮ ਕੋਰਟ ਵੱਲੋਂ ਬਿਹਾਰ ਪੁਲਿਸ ਨੂੰ ਫਟਕਾਰ ਲਗਾਈ ਗਈ।

ਮੰਜੂ ਵਰਮਾ ਨੂੰ ਜਨਤਾ ਦਲ ਯੂਨਾਈਟੇਡ ਨੇ ਪਾਰਟੀ ਤੋਂ ਮੁਅੱਤਲ ਕਰ ਦਿਤਾ ਗਿਆ ਸੀ। ਬਿਹਾਰ ਦੀ ਸਾਬਕਾ ਮੰਤਰੀ ਰਹਿ ਚੁੱਕੀ ਮੰਜੂ ਵਰਮਾ ਦੇ ਘਰ ਤੋਂ ਵੱਡੀ ਗਿਣਤੀ ਵਿਚ ਹਥਿਆਰ ਅਤੇ ਅਸਲ੍ਹਾ ਬਰਾਮਦ ਹੋਇਆ ਸੀ। ਜਿਸ ਸਬੰਧ ਵਿਚ ਪੁਲਿਸ ਉਨ੍ਹਾਂ ਨੂੰ ਗ੍ਰਿਫਤਾਰ ਨਹੀਂ ਕਰ ਸਕੀ ਸੀ। ਫਰਾਰ ਨੇਤਾ ਨੂੰ ਗ੍ਰਿ੍ਰਫ਼ਤਾਰ ਕਰਨ ਲਈ ਪੁਲਿਸ ਨੇ ਬਿਹਾਰ ਅਤੇ ਝਾਰਖੰਡ ਵਿਖੇ ਉਨ੍ਹਾਂ ਦੇ ਕਈ ਠਿਕਾਣਿਆਂ ਤੇ ਛਾਪੇਮਾਰੀ ਵੀ ਕੀਤੀ ਸੀ। ਮੰਜੂ ਵਰਮਾ ਦੇ ਪਤੀ ਚੰਦਰਸ਼ੇਖਰ ਵਰਮਾ ਵੱਲੋਂ ਸਮਰਪਣ ਕਰ ਦਿਤੇ ਜਾਣ ਤੋਂ ਬਾਅਦ ਅੰਦਾਜਾ ਲਗਾਇਆ ਜਾ ਰਿਹਾ ਸੀ ਕਿ ਮੰਜੂ ਵਰਮਾ ਵੀ ਜਲਦ ਹੀ ਸਮਰਪਣ ਕਰ ਦੇਵੇਗੀ।