ਮੁੰਬਈ ਦੇ ਜਿਨਾਹ ਹਾਊਸ 'ਤੇ ਹੁਣ ਵਿਦੇਸ਼ ਮੰਤਰਾਲੇ ਦਾ ਹੋਵੇਗਾ ਮਾਲਿਕਾਨਾ ਹੱਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਜਪਾ ਵਿਧਾਇਕ ਮੰਗਲ ਪ੍ਰਭਾਤ ਲੋਧਾ ਨੂੰ ਲਿਖੀ ਚਿੱਠੀ ਵਿਚ ਸੁਸ਼ਮਾ ਨੇ ਕਿਹਾ ਕਿ ਮੰਤਰਾਲਾ ਸਾਡੇ ਨਾਮ 'ਤੇ ਜਾਇਦਾਦ ਦੇ ਮਾਲਿਕਾਨਾ ਹੱਕ ਨੂੰ ਬਦਲਣ ਦੀ ਪ੍ਰਕਿਰਿਆ ਵਿਚ ਹੈ।

jinnah house

ਮੁੰਬਈ, (ਭਾਸ਼ਾ) : ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਹੈ ਕਿ ਉਹਨਾਂ ਦਾ ਮੰਤਰਾਲਾ ਜਿਨਾਹ ਹਾਊਸ ਨੂੰ ਹਾਸਲ ਕਰਨ ਦੀ ਪ੍ਰਕਿਰਿਆ ਵਿਚ ਹੈ। ਮੁੰਬਈ ਵਿਖੇ ਸਥਿਤ ਜਿਨਾਹ ਹਾਊਸ ਦੇ ਮਾਲਿਕ ਮੂਲ ਰੂਪ ਤੋਂ ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿਨਾਹ ਸੀ। ਸਵਰਾਜ ਨੇ ਕਿਹਾ ਕਿ ਜਿਨਾਹ ਹਾਊਸ ਨੂੰ ਨਵੀਂ ਦਿੱਲੀ ਸਥਿਤ ਹੈਦਰਾਬਾਦ ਹਾਊਸ ਦੀ ਤਰਜ਼ 'ਤੇ ਵਰਤਿਆ ਜਾਵੇਗਾ। ਭਾਜਪਾ ਦੇ ਵਿਧਾਇਕ ਮੰਗਲ ਪ੍ਰਭਾਤ ਲੋਧਾ ਨੂੰ ਲਿਖੀ ਚਿੱਠੀ ਵਿਚ ਸੁਸ਼ਮਾ ਨੇ ਕਿਹਾ ਕਿ ਮੰਤਰਾਲਾ ਸਾਡੇ ਨਾਮ 'ਤੇ ਜਾਇਦਾਦ ਦੇ ਮਾਲਿਕਾਨਾ ਹੱਕ ਨੂੰ ਬਦਲਣ ਦੀ ਪ੍ਰਕਿਰਿਆ ਵਿਚ ਹੈ।

ਲੋਧਾ ਨੇ ਕਿਹਾ ਕਿ ਸਰਕਾਰ ਦੇ ਇਸ ਕਦਮ ਨਾਲ ਜਿਨਾਹ ਹਾਊਸ ਦੇ ਮਾਲਿਕਾਨਾ ਹੱਕ ਅਤੇ ਇਸ ਦੀ ਵਰਤੋਂ ਨੂੰ ਲੈ ਕੇ ਚਲ ਰਿਹਾ ਵਿਵਾਦ ਵੀ ਖਤਮ ਹੋ ਜਾਵੇਗਾ। ਜਿਨਾਹ ਹਾਊਸ ਨੂੰ ਲੈ ਕੇ ਭਾਰਤ ਸਰਕਾਰ ਅਤੇ ਜਿਨਾਹ ਦੀ ਬੇਟਾ ਦੀਨਾ ਵਾਡੀਆ ਵਿਚਕਾਰ ਲੰਮੇ ਸਮੇਂ ਤੋਂ ਕਾਨੂੰਨੀ ਲੜਾਈ ਚਲ ਰਹੀ ਸੀ। ਦੀਨਾ ਵਾਡੀਆ ਨੇ ਬੰਬੇ ਹਾਈਕਰੋਟ ਵਿਖੇ ਜਾਇਦਾਦ ਦੇ ਨਿਯੰਤਰਣ ਨੂੰ ਵਾਪਸ ਪਾਉਣ ਲਈ ਪਟੀਸ਼ਨ ਦਾਖਲ ਕੀਤੀ ਸੀ। ਪਿਛਲੇ ਸਾਲ ਨਵੰਬਰ ਵਿਚ ਵਾਡੀਆ ਦਾ ਦੇਹਾਂਤ ਹੋ ਗਿਆ ਸੀ। ਜਿਨਾਹ ਹਾਊਸ ਨੂੰ ਆਰਕੀਟੈਕਟ ਕਲਾਊਡ ਬੈਟਲੇ ਨੇ ਤਿਆਰ ਕੀਤਾ ਸੀ।

ਜਿਨਾਹ ਹਾਊਸ ਮਹਾਰਾਸ਼ਟਰਾ ਦੇ ਮੁੱਖ ਮੰਤਰੀ ਦੀ ਅਧਿਕਾਰਕ ਰਿਹਾਇਸ਼ ਦੇ ਠੀਕ ਸਾਹਮਣੇ ਹੈ। ਸੁਰੱਖਿਅਤ ਵਿਰਾਸਤ ਦਾ ਦਰਜਾ ਹਾਸਲ ਕਰ ਚੁੱਕੀ ਇਸ ਇਮਾਰਤ ਵਿਚ ਭਾਰਤ ਵੰਡ ਤੋਂ ਪਹਿਲਾਂ ਪੰਡਤ ਜਵਾਹਰਲਾਲ ਨਹਿਰੂ, ਮਹਾਤਮਾ ਗਾਂਧੀ ਅਤੇ ਜਿਨਾਹ ਵਿਚਕਾਰ ਇਕ ਮਹੱਤਵਪੂਰਨ ਬੈਠਕ ਹੋਈ ਸੀ। ਇਕ ਸਮੇਂ ਦੌਰਾਨ ਪਾਕਿਸਤਾਨ ਜਿਨਾਹ ਹਾਊਸ ਨੂੰ ਅਪਣਾ ਮੁੰਬਈ ਦਾ ਵਪਾਰਕ ਦੂਤਘਰ ਬਣਾਉਣਾ ਚਾਹੁੰਦਾ ਸੀ। ਲੋਧਾ ਨੂੰ ਲਿਖੀ ਚਿੱਠੀ ਵਿਚ ਸਵਰਾਜ ਨੇ ਲਿਖਿਆ ਕਿ ਮੈਨੂੰ

ਮੁੰਬਈ ਦੇ ਜਿਨਾਹ ਹਾਊਸ ਦੇ ਸਬੰਧ ਵਿਚ ਅਕਤੂਬਰ ਨੂੰ ਲਿਖੀ ਤੁਹਾਡੀ ਚਿੱਠੀ ਮਿਲੀ ਅਤੇ ਮੰਤਰਾਲੇ ਦੇ ਅਧਿਕਾਰੀਆਂ ਨੇ ਇਸ ਮਾਮਲੇ ਦੀ ਜਾਂਚ ਕਰਵਾਈ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਦਫ਼ਤਰ ਨੇ ਸਾਨੂੰ ਦਿੱਲੀ ਦੇ ਹੈਦਰਾਬਾਦ ਹਾਊਸ ਵਿਚ ਉਪਲਬਧ ਸਹੂਲਤਾਂ ਦੀ ਤਰਜ਼ 'ਤੇ ਜਿਨਾਹ ਹਾਊਸ ਦੀ ਮੁੜ ਤੋਂ ਉਸਾਰੀ ਅਤੇ ਇਸ ਨੂੰ ਨਵਾਂ ਰੂਪ ਦੇਣ ਦਾ ਨਿਰਦੇਸ਼ ਦਿਤਾ। ਸਵਰਾਜ ਦੀ ਚਿੱਠੀ ਵਿਚ ਇਹ ਵੀ ਲਿਖਿਆ ਗਿਆ ਕਿ ਪੀਐਮਓ ਨੇ ਇਸ ਪ੍ਰੋਜੈਕਟ ਲਈ ਲੋੜੀਂਦੀ ਪ੍ਰਵਾਨਗੀ ਦੇ ਦਿਤੀ ਹੈ।