ਲੋਕ ਸਭਾ 'ਚ ਖਪਤਕਾਰ ਬਿੱਲ ਪਾਸ, ਹੁਣ ਘਰ ਬੈਠੇ ਹੋਵੇਗੀ ਸ਼ਿਕਾਇਤ ਦਰਜ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਾਸਵਾਨ ਨੇ ਕਿਹਾ ਕਿ ਇਹ ਕਾਨੂੰਨ 1986 ਵਿਚ ਬਣਿਆ ਸੀ। ਉਸ ਵੇਲ੍ਹੇ ਤੋਂ ਹੁਣ ਤੱਕ ਦੇ ਹਾਲਾਤਾਂ ਵਿਚ ਬਦਲਾਅ ਆ ਗਿਆ ਹੈ, ਪਰ ਕਾਨੂੰਨ ਪੁਰਾਣਾ ਹੀ ਸੀ।

Ram Vilas Paswan

ਨਵੀਂ ਦਿੱਲੀ, (ਭਾਸ਼ਾ) :  ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਖਪਤਕਾਰਾਂ ਦੇ ਹਿੱਤਾਂ ਦੀ ਰੱਖਿਆ ਅਤੇ ਉਸ ਨਾਲ ਜੁੜੇ ਵਿਵਾਦਾਂ ਦੇ ਖਾਤਮੇ ਦੇ ਪ੍ਰਬੰਧਾਂ ਨਾਲ ਜੁੜਿਆ ਖਪਤਕਾਰ ਸੁਰੱਖਿਆ ਬਿੱਲ-2018 ਲੋਕਸਭਾ ਵਿਚ ਪਾਸ ਕਰ ਦਿਤਾ ਗਿਆ ਹੈ। ਬਿੱਲ 'ਤੇ ਵਿਚਾਰ-ਵਟਾਂਦਰੇ ਦੌਰਾਨ ਜਵਾਬ ਦਿੰਦੇ ਹੋਏ ਖੁਰਾਕ ਸਪਲਾਈ ਅਤੇ ਖਪਤਕਾਰ ਮਾਮਲਿਆਂ ਦੇ ਮੰਤਰੀ ਰਾਮਵਿਲਾਸ ਪਾਸਵਾਨ ਨੇ ਕਿਹਾ ਕਿ ਬਿੱਲ ਵਿਚ ਅਜਿਹਾ ਕੋਈ ਪ੍ਰਬੰਧ ਨਹੀਂ ਹੈ ਜਿਸ ਨਾਲ ਦੇਸ਼ ਦੇ ਸੰਘੀ ਢਾਂਚੇ ਨੂੰ ਨੁਕਸਾਨ ਹੋਵੇ। ਕੇਂਦਰੀ ਮੰਤਰੀ ਪਾਸਵਾਨ ਨੇ ਕਿਹਾ ਕਿ ਰਾਜਾਂ

ਦੇ ਅਧਿਕਾਰਾਂ ਦਾ ਪੂਰਾ ਖਿਆਲ ਰੱਖਿਆ ਗਿਆ ਹੈ ਅਤੇ ਉਸ ਵਿਚ ਕਿਸੇ ਤਰ੍ਹਾਂ ਦੀ ਦਖਲਅੰਦਾਜ਼ੀ ਨਹੀਂ ਹੋਵੇਗੀ। ਪਾਸਵਾਨ ਨੇ ਕਿਹਾ ਕਿ ਇਹ ਕਾਨੂੰਨ 1986 ਵਿਚ ਬਣਿਆ ਸੀ। ਉਸ ਵੇਲ੍ਹੇ ਤੋਂ ਹੁਣ ਤੱਕ ਦੇ ਹਾਲਾਤਾਂ ਵਿਚ ਬਦਲਾਅ ਆ ਗਿਆ ਹੈ, ਪਰ ਕਾਨੂੰਨ ਪੁਰਾਣਾ ਹੀ ਸੀ। ਇਸ ਲਈ ਨਵਾਂ ਬਿੱਲ ਲਿਆਉਣ ਦਾ ਫ਼ੈਸਲਾ ਲਿਆ ਗਿਆ। ਉਹਨਾਂ ਨੇ ਬਿੱਲ ਨੂੰ ਵਿਵਾਦ-ਰਹਿਤ ਦੱਸਦੇ ਹੋਏ ਕਿਹਾ ਕਿ ਇਹ ਦੇਸ਼ ਦੇ ਸਵਾ ਸੌ ਕਰੋੜ ਖਪਤਕਾਰਾਂ ਦੇ ਹਿੱਤ ਵਿਚ ਹੈ। ਇਸ ਵਿਚ ਕੇਂਦਰੀ ਖਪਤਕਾਰ ਸੁਰੱਖਿਆ ਅਥਾਰਿਟੀ ਬਣਾਉਣ ਦਾ ਪ੍ਰਬੰਧ ਹੈ।

ਪਾਸਵਾਨ ਨੇ ਕਿਹਾ ਕਿ ਪਹਿਲਾਂ ਖਪਤਕਾਰ ਨੂੰ ਉਥੇ ਜਾ ਕੇ ਸ਼ਿਕਾਇਤ ਕਰਨੀ ਹੁੰਦੀ ਸੀ ਜਿਥੋਂ ਉਸ ਨੇ ਸਮਾਨ ਖਰੀਦਿਆ ਹੈ। ਪਰ ਹੁਣ ਘਰ ਤੋਂ ਹੀ ਸ਼ਿਕਾਇਤ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਖਪਤਕਾਰ ਸੁਰੱਖਿਆ ਬਿੱਲ-2018 ਵਿਚ ਆਰਬਿਟਰੇਸ਼ਨ ਦਾ ਵੀ ਪ੍ਰਬੰਧ ਹੈ। ਉਹਨਾਂ ਨੇ ਕਿਹਾ ਕਿ ਨਵੇਂ ਬਿੱਲ ਵਿਚ ਇਹ ਪ੍ਰਬੰਧ ਹੈ ਕਿ ਜੇਕਰ ਜਿਲ੍ਹਾ ਅਤੇ ਰਾਜ ਖਪਤਕਾਰ ਫੋਰਮ ਖਪਤਕਾਰ ਦੇ ਹਿੱਤ ਵਿਚ ਫ਼ੈਸਲਾ ਦਿੰਦੇ ਹਨ ਤਾਂ

ਦੋਸ਼ੀ ਕੰਪਨੀ ਰਾਸ਼ਟਰੀ ਫੋਰਮ ਵਿਚ ਨਹੀਂ ਜਾ ਸਕਦੀ। ਕੇਂਦਰੀ ਮੰਤਰੀ ਨੇ ਕਿਹਾ ਕਿ ਸਥਾਈ ਕਮੇਟੀ ਨੇ ਗੁੰਮਰਾਹ ਕਰਨ ਵਾਲੇ ਇਸ਼ਤਿਹਾਰਾਂ ਵਿਚ ਦਿਖਣ ਵਾਲੇ ਅਦਾਕਾਰਾਂ ਨੂੰ ਜੇਲ੍ਹ ਦੀ ਸਜ਼ਾ ਦੀ ਸਿਫਾਰਸ਼ ਕੀਤੀ ਸੀ, ਪਰ ਇਸ ਵਿਚ ਸਿਰਫ ਜੁਰਮਾਨੇ ਦਾ ਹੀ ਪ੍ਰਬੰਧ ਕੀਤਾ ਗਿਆ ਹੈ। ਮੰਤਰੀ ਨੇ ਕਿਹਾ ਕਿ ਸਾਰੇ ਪੱਖਾਂ ਦੇ ਸੁਝਾਅ ਨੂੰ ਸਵੀਕਾਰ ਕੀਤਾ ਗਿਆ ਹੈ ਤੇ ਅਗਾਂਹ ਤੋਂ ਵੀ ਸਵੀਕਾਰ ਕਰਾਂਗੇ।