ਕਿਸਾਨਾਂ ਲਈ ਆਈ ਵੱਡੀ ਖੁਸ਼ਖ਼ਬਰੀ, ਪੀਐਮ ਕਿਸਾਨ ਸਕੀਮ ਦੀ ਚੌਥੀ ਕਿਸਤ ਜਾਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੀਐਮ ਕਿਸਾਨ ਸਕੀਮ ਦੀ ਚੌਥੀ ਕਿਸਤ ਜਾਰੀ

file photo

ਨਵੀਂ ਦਿੱਲੀ : ਪ੍ਰਧਾਨ ਮੰਤਰੀ ਮੋਦੀ ਵਲੋਂ ਕਿਸਾਨਾਂ ਨੂੰ ਨਵੇਂ ਸਾਲ 'ਤੇ ਇਕ ਹੋਰ ਤੋਹਫ਼ਾ ਦੇਣ ਦੀ ਤਿਆਰੀ ਖਿੱਚ ਲਈ ਗਈ ਹੈ। ਇਸੇ ਤਹਿਤ ਸਰਕਾਰ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਸਕੀਮ ਦਾ ਦੂਸਰਾ ਪੜਾਅ ਸ਼ੁਰੂ ਕਰ ਦਿਤਾ ਹੈ। ਇਸ ਦੇ ਤਹਿਤ ਸਕੀਮ ਦੀ ਚੌਥੀ ਕਿਸ਼ਤ ਨੂੰ ਕਿਸਾਨਾਂ ਦੇ ਖਾਤਿਆਂ ਵਿਚ ਭੇਜਣਾ ਸ਼ੁਰੂ ਕਰ ਦਿੱਤਾ ਹੈ।  ਕਾਬਲੇਗੌਰ ਹੈ ਕਿ ਪਹਿਲੀ ਦਸੰਬਰ ਨੂੰ ਇਸ ਯੋਜਨਾ ਦੇ ਸ਼ੁਰੂ ਹੋਇਆ ਇਕ ਸਾਲ ਦਾ ਅਰਸਾ ਪੂਰਾ ਹੋ ਚੁੱਕਾ ਹੈ। ਕੇਂਦਰੀ ਖੇਤੀ ਮੰਤਰਾਲੇ ਦੇ ਅਧਿਕਾਰੀਆਂ ਨੇ ਦਸਿਆ ਕਿ 2 ਕਰੋੜ 72 ਲੱਖ ਕਿਸਾਨਾਂ ਦੇ ਬੈਂਕ ਖ਼ਾਤਿਆਂ ਵਿਚ ਇਸ ਯੋਜਨਾ ਦੇ 2-2 ਹਜ਼ਾਰ ਰੁਪਏ ਭੇਜ ਦਿਤੇ ਗਏ ਹਨ।

ਦੱਸ ਦਈਏ ਕਿ ਜ਼ਿਆਦਾਤਰ ਲੋਕਾਂ ਦਾ ਮੰਨਣਾ ਸੀ ਕਿ ਇਹ ਸਕੀਮ ਸਾਲ ਭਰ 'ਚ ਹੀ ਬੰਦ ਹੋ ਜਾਵੇਗੀ। ਕੁੱਝ ਲੋਕਾਂ ਦਾ ਕਹਿਣਾ ਸੀ ਕਿ ਸਰਕਾਰ ਨੇ ਯੋਜਨਾ ਵੋਟਾਂ ਦੇ ਮੱਦੇਨਜ਼ਰ ਸ਼ੁਰੂ ਕੀਤੀ ਹੈ, ਜਿਸ ਦੇ ਜ਼ਿਆਦਾ ਦੇਰ ਤਕ ਚਾਲੂ ਰਹਿਣ ਦੀ ਸੰਭਾਵਨਾ ਨਹੀਂ ਸੀ। ਪਰ ਸਰਕਾਰ ਨੇ ਦੂਜੇ ਸਾਲ ਵੀ ਇਹ ਪੈਸਾ ਕਿਸਾਨਾਂ ਦੇ ਖਾਤਿਆਂ ਵਿਚ ਭੇਜ ਕੇ ਇਹ ਸੁਨੇਹਾ ਦਿਤਾ ਹੈ ਕਿ ਕਿਸਾਨਾਂ ਦੇ ਖਾਤਿਆਂ ਵਿਚ ਇਸ ਯੋਜਨਾ ਤਹਿਤ ਪੈਸਾ ਅੱਗੇ ਵੀ ਮੁਤਵਾਤਰ ਪਹੁੰਚਦਾ ਰਹੇਗਾ।

ਕਿਹੜੇ ਕਿਹੜੇ ਸੂਬੇ ਦੇ ਕਿਸਾਨਾਂ ਨੂੰ ਕਿੰਨਾ ਮਿਲਿਆ ਪੈਸਾ :
ਚੌਥੀ ਕਿਸ਼ਤ ਵਿਚ ਸਭ ਤੋਂ ਜ਼ਿਆਦਾ ਪੈਸਾ ਉਤਰ ਪ੍ਰਦੇਸ਼ ਨੂੰ ਭੇਜਿਆ ਗਿਆ ਹੈ। ਇੱਥੇ 70,97,246 ਕਿਸਾਨਾਂ ਦੇ ਖਾਤਿਆਂ ਵਿਚ 2000-2000 ਰੁਪਏ ਭੇਜੇ ਗਏ ਹਨ।
ਰਾਜਸਥਾਨ ਦੇ 15,29,504 ਕਿਸਾਨਾਂ ਕੋਲ ਇਹ ਪੈਸਾ ਭੇਜਿਆ ਗਿਆ ਹੈ। ਕਾਬਲਗੌਰ ਹੈ ਕਿ ਰਾਜਸਥਾਨ ਵਿਚ ਪਹਿਲੇ ਪੜਾਅ ਦੌਰਾਨ ਜ਼ਿਆਦਾਤਰ ਕਿਸਾਨਾਂ ਦਾ ਰਿਕਾਰਡ ਨਾ ਹੋਣ ਕਾਰਨ ਪੈਸਾ ਭੇਜਣ ਵਿਚ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ।
ਆਂਧਰਾ ਪ੍ਰਦੇਸ਼ ਦੇ 31,19,125 ਕਿਸਾਨਾਂ ਨੂੰ ਦੂਜੇ ਪੜਾਅ ਦਾ ਪੈਸਾ ਭੇਜ ਦਿਤਾ ਗਿਆ ਹੈ। ਜਦਕਿ ਤੇਲੰਗਾਨਾ ਦੇ 22,17,299 ਕਿਸਾਨਾਂ ਨੂੰ ਇਹ ਲਾਭ ਮਿਲਿਆ ਹੈ।  
ਭਾਜਪਾ ਦੀ ਸੱਤਾ ਵਾਲੇ ਗੁਜਰਾਤ ਵਿਚ 23,64,441, ਹਰਿਆਣਾ ਵਿਚ 8,68,308, ਹਿਮਾਚਲ ਵਿਚ 5,22,700 ਅਤੇ ਅਸਾਮ 'ਚ 9,26,744 ਕਿਸਾਨਾਂ ਦੇ ਖਾਤਿਆਂ ਵਿਚ 2000-2000 ਰੁਪਏ ਭੇਜੇ ਗਏ ਹਨ।

ਚੌਥੀ ਕਿਸ਼ਤ ਸਬੰਧੀ ਇਹ ਹਨ ਸ਼ਰਤਾਂ :
ਸੰਸਦ ਮੈਂਬਰ, ਵਿਧਾਇਕ, ਮੰਤਰੀ ਅਤੇ ਮੇਅਰ ਨੂੰ ਇਹ ਲਾਭ ਨਹੀਂ ਮਿਲ ਸਕੇਗਾ, ਭਾਵੇਂ ਉਹ ਕਿਸਾਨੀ ਵੀ ਕਰਦੇ ਹੋਣ।
ਕੇਂਦਰ ਜਾਂ ਸੂਬਾ ਸਰਕਾਰ ਦੇ ਅਧਿਕਾਰੀ ਜਾਂ 10 ਹਜ਼ਾਰ ਤੋਂ ਜ਼ਿਆਦਾ ਪੈਨਸ਼ਨ ਲੈਣ ਵਾਲੇ ਕਿਸਾਨਾਂ ਨੂੰ ਇਹ ਲਾਭ ਨਹੀਂ ਮਿਲ ਸਕਦਾ।
ਪੇਸ਼ੇਵਰ, ਡਾਕਟਰ, ਇੰਜੀਨੀਅਰ, ਸੀਏ, ਵਕੀਲ, ਆਰਕੀਟੈਕਟ, ਜੋ ਖੇਤੀ ਵੀ ਕਰਦਾ ਹੈ, ਨੂੰ ਇਹ ਲਾਭ ਨਹੀਂ ਮਿਲੇਗਾ।
ਪਿਛਲੇ ਵਿੱਤੀ ਸਾਲ ਦੌਰਾਨ ਇਨਕਮ ਟੈਕਸ ਦਾ ਭੁਗਤਾਨ ਕਰਨ ਵਾਲਿਆਂ ਨੂੰ ਵੀ ਇਹ ਲਾਭ ਨਹੀਂ ਮਿਲ ਸਕਦਾ।

ਕਿਸਾਨ ਲਾਭ ਲੈਣ ਲਈ ਖੁਦ ਕਰ ਸਕਦੇ ਹਨ ਰਜਿਸਟ੍ਰੇਸ਼ਨ :
ਹੁਣ ਕਿਸੇ ਵੀ ਕਿਸਾਨ ਨੂੰ ਇਸ ਯੋਜਨਾ ਦੀ ਰਜਿਸਟ੍ਰੇਸ਼ਨ ਕਰਵਾਉਣ ਲਈ ਅਧਿਕਾਰੀਆਂ ਕੋਲ ਜਾਣ ਦੀ ਜ਼ਰੂਰਤ ਨਹੀਂ ਹੈ। ਕੋਈ ਵੀ ਕਿਸਾਨ  ਪੋਰਟਲ 'ਤੇ ਜਾ ਕੇ ਆਪਣੀ ਰਜਿਸਟ੍ਰੇਸ਼ਨ ਕਰ ਸਕਦਾ ਹੈ। ਇਹ ਕਦਮ ਇਸ ਲਈ ਚੁਕਿਆ ਗਿਆ ਹੈ ਤਾਂ ਜੋ ਵੱਧ ਤੋਂ ਵੱਧ ਕਿਸਾਨਾਂ ਨੂੰ ਇਸ ਸਕੀਮ ਨਾਲ ਜੋੜ ਕੇ ਸਮੇਂ ਸਿਰ ਲਾਭ ਪਹੁੰਚਾਇਆ ਜਾ ਸਕੇ। ਖੇਤੀ ਮੰਤਰਾਲੇ ਦੀ ਇਸ ਸਹੂਲਤ ਦੇ ਸ਼ੁਰੂ ਹੋਣ ਤੋਂ ਬਾਅਦ ਸੂਬਾ ਸਰਕਾਰਾਂ ਵਲੋਂ ਕਿਸਾਨਾਂ ਸਬੰਧੀ ਭੇਜੀ ਜਾਣਕਾਰੀ 'ਚ ਹੋਈਆਂ ਗ਼ਲਤੀਆਂ ਅਤੇ ਉਨ੍ਹਾਂ ਨੂੰ ਦਰੁਸਤ ਕਰਨ ਵਿਚ ਹੁਣ ਪਹਿਲਾਂ ਤੋਂ ਕਾਫ਼ੀ ਘੱਟ ਸਮਾਂ ਲੱਗੇਗਾ।

ਰਸਿਟ੍ਰੇਸ਼ਨ ਕਰ ਦਿਤੀ ਹੈ ਤਾਂ ਇਸ ਦਾ ਸਟੇਟਸ ਜਾਣੋ :
ਜੇਕਰ ਤੁਸੀਂ ਇਸ ਸਕੀਮ ਦਾ ਲਾਭ ਲੈਣ ਲਈ ਅਰਜ਼ੀ ਦਿਤੀ ਹੈ ਅਤੇ ਅਜੇ ਤਕ ਬੈਂਕ ਅਕਾਊਂਟ ਵਿਚ ਪੈਸਾ ਨਹੀਂ ਆਇਆ ਤਾਂ ਉਸ ਦਾ ਸਟੇਟਸ ਜਾਣਨਾ ਬਹੁਤ ਅਸਾਨ ਹੋ ਜਾਵੇਗਾ। ਕੇਂਦਰੀ ਖੇਤੀ ਮੰਤਰੀ ਕੈਲਾਸ਼ ਚੌਧਰੀ ਨੇ ਦਸਿਆ ਕਿ ਕਿਸਾਨ ਪੋਰਟਲ 'ਤੇ ਜਾ ਕੇ ਕੋਈ ਵੀ ਕਿਸਾਨ ਅਪਣਾ ਅਧਾਰ, ਮੋਬਾਈਲ ਅਤੇ ਬੈਂਕ ਦਾ ਖ਼ਾਤਾ ਨੰਬਰ ਦਰਜ ਕਰ ਕੇ ਸਟੇਟਸ ਦੀ ਜਾਣਕਾਰੀ ਹਾਸਿਲ ਕਰ ਸਕਦਾ ਹੈ।