ਨਾਗਰਿਕਤਾ ਕਾਨੂੰਨ : ਪਹਿਲਾਂ ਆਪਣੇ ਦੇਸ਼ ਦੀ ਚਿੰਤਾ ਕਰੇ ਇਮਰਾਨ : ਭਾਰਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਦਿਤੀ ਸੀ ਪ੍ਰਮਾਣੂ ਜੰਗ ਦੀ ਧਮਕੀ

Photo

ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕੱਲ੍ਹ ਜਨੇਵਾ (ਸਵਿਟਜ਼ਰਲੈਂਡ) ਵਿਖੇ 'ਗਲੋਬਲ ਰਿਫ਼ਿਊਜੀ ਫ਼ੋਰਮ' ਤੋਂ ਭਾਰਤ ਨੂੰ ਇਕ ਵਾਰ ਫਿਰ ਪ੍ਰਮਾਣੂ ਜੰਗ ਦੀ ਧਮਕੀ ਦਿਤੀ। ਖ਼ਾਨ ਨੇ ਭਾਰਤ ਦੇ ਨਾਗਰਿਕਤਾ ਸੋਧ ਕਾਨੂੰਨ ਬਾਰੇ ਕਿਹਾ ਕਿ ਇਸ ਨਾਲ ਦਖਣੀ ਏਸ਼ੀਆ 'ਚ ਨਾ ਸਿਰਫ਼ ਸ਼ਰਨਾਰਥੀਆਂ ਦੀ ਸਮੱਸਿਆ ਪੈਦਾ ਹੋ ਜਾਵੇਗੀ, ਸਗੋਂ ਇਹ ਪ੍ਰਮਾਣੂ ਸ਼ਕਤੀ ਵਾਲੇ ਦੇਸ਼ਾਂ ਵਿਚਾਲੇ ਸੰਘਰਸ਼ ਨੂੰ ਵੀ ਜਨਮ ਦੇ ਸਕਦਾ ਹੈ।

ਉਧਰ, ਭਾਰਤ ਨੇ ਇਮਰਾਨ ਖ਼ਾਨ ਦੀ ਧਮਕੀ ਦਾ ਜਵਾਬ ਦਿੰਦਿਆਂ ਕਿਹਾ ਕਿ ਉਹ ਭਾਰਤ ਦੇ ਅੰਦਰੂਨੀ ਮਾਮਲਿਆਂ ਵਿਚ ਦਖ਼ਲ ਦੇਣ ਦੀ ਬਜਾਏ ਆਪਣੇ ਦੇਸ਼ ਦੀ ਚਿੰਤਾ ਕਰੇ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਪਾਕਿਸਤਾਨ ਦੀ ਅਪਣੀ ਆਰਥਕ ਅਤੇ ਅੰਦਰੂਲੀ ਹਾਲਤ ਬੇਹੱਦ ਖ਼ਰਾਬ ਹੈ ਅਤੇ ਇਮਰਾਨ ਨੂੰ ਉਸ ਦੀ ਚਿੰਤਾ ਕਰਨੀ ਚਾਹੀਦੀ ਹੈ। ਭਾਰਤ ਨੇ ਕਿਹਾ ਕਿ ਦੇਸ਼ ਦੇ ਮਾਮਲਿਆਂ ਵਿਚ ਬਾਹਰੀ ਦਖ਼ਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਇਮਰਾਨ ਨੇ ਕੱਲ੍ਹ ਕਿਹਾ ਸੀ ਕਿ ਸਾਨੂੰ ਪਾਕਿਸਤਾਨ ਵਿਚ ਸਿਰਫ਼ ਇਹੋ ਚਿੰਤਾ ਹੋ ਰਹੀ ਹੈ ਕਿ ਭਾਰਤ ਦੇ ਇਸ ਕਦਮ ਨਾਲ ਸ਼ਰਨਾਰਥੀਆਂ ਦੀ ਸਮੱਸਿਆ ਪੈਦਾ ਹੋ ਜਾਵੇਗੀ ਅਤੇ ਇਸ ਦਾ ਨਤੀਜਾ ਦੋ ਪ੍ਰਮਾਣੂ ਸ਼ਕਤੀਆਂ ਵਾਲੇ ਦੇਸ਼ਾਂ 'ਚ ਸੰਘਰਸ਼ ਦੇ ਰੂਪ ਵਿਚ ਨਿਕਲ ਸਕਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਰਤ ਕਸ਼ਮੀਰ ਦੀ ਮੁਸਲਿਮ ਬਹੁ-ਗਿਣਤੀ ਵਾਲੀ ਆਬਾਦੀ ਨੂੰ ਬਦਲਣ ਦੇ ਯਤਨ ਕਰ ਰਿਹਾ ਹੈ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਸ਼ਮੀਰ ਵਿਚ ਕਰਫ਼ੀਊ ਲੱਗਾ ਹੈ ਅਤੇ ਨਵੇਂ ਨਾਗਰਿਕਤਾ ਕਾਨੂੰਨ ਕਾਰਨ ਲੱਖਾਂ ਮੁਸਲਮਾਨ ਭਾਰਤ ਤੋਂ ਭੱਜ ਸਕਦੇ ਹਨ ਜਿਸ ਨਾਲ ਰਿਫ਼ਿਊਜੀ ਸੰਕਟ ਪੈਦਾ ਹੋ ਸਕਦਾ ਹੈ। ਇਸ ਸ਼ਰਨਾਰਥੀ ਸੰਕਟ ਸਾਹਮਣੇ ਬਾਕੀ ਸਮੱਸਿਆਵਾਂ ਛੋਟੀਆਂ ਹੋ ਜਾਣਗੀਆਂ। ਫ਼ੋਰਮ ਨੂੰ ਸੰਬੋਧਨ ਕਰਦਿਆਂ ਖ਼ਾਨ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਹੋਰ ਸ਼ਰਨਾਰਥੀਆਂ ਦਾ ਬੋਝ ਨਹੀਂ ਝੱਲ ਸਕਦਾ। ਉਨ੍ਹਾਂ ਪੂਰੀ ਦੁਨੀਆ ਨੂੰ ਇਸ ਮਾਮਲੇ 'ਚ ਛੇਤੀ ਤੋਂ ਛੇਤੀ ਦਖ਼ਲ ਦੇਣ ਦੀ ਅਪੀਲ ਕੀਤੀ