ਜਾਣੋ ਕੋਣ ਹਨ ਅਰਵਿੰਦ ਕੇਜਰੀਵਾਲ ਨੂੰ ਟੱਕਰ ਦੇਣ ਵਾਲੇ ਭਾਜਪਾ ਦੇ ਉਮੀਦਵਾਰ ਸੁਨੀਲ ਯਾਦਵ

ਏਜੰਸੀ

ਖ਼ਬਰਾਂ, ਰਾਸ਼ਟਰੀ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਅੱਜ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤਾ ਹੈ

File Photo

ਨਵੀਂ ਦਿੱਲੀ : ਸੋਮਵਾਰ ਸ਼ਾਮੀਂ ਭਾਜਪਾ ਨੇ ਦਿੱਲੀ ਵਿਧਾਨ ਸਭਾ ਚੋਣਾਂ ਦੇ ਲਈ ਆਪਣੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਦੀ ਖਾਸ ਗੱਲ ਇਹ ਹੈ ਕਿ ਪਾਰਟੀ ਨੇ ਇਸ ਵਿਚ ਦਿੱਲੀ ਦੇ ਸੀਐਮ ਕੇਜਰੀਵਾਲ ਵਿਰੁੱਧ ਨਵੀਂ ਦਿੱਲੀ ਵਿਧਾਨ ਸਭਾ ਸੀਟ ਤੋਂ ਆਪਣੇ ਉਮੀਦਵਾਰ ਸੁਨੀਲ ਯਾਦਵ ਨੂੰ ਮੈਦਾਨ ਵਿਚ ਉਤਾਰਿਆ ਹੈ।

ਕੋਣ ਹਨ ਸੁਨੀਲ ਯਾਦਵ

ਨਵੀਂ ਦਿੱਲੀ ਵਿਧਾਨ ਸਭਾ ਦੀ ਹਾਈ ਪ੍ਰਫਾਇਲ ਸੀਟ ਤੋਂ ਸੀਐਮ ਅਰਵਿੰਦ ਕੇਜਰੀਵਾਲ ਵਿਰੁੱਧ ਚੋਣ ਲੜਨ ਵਾਲੇ ਸੁਨੀਲ ਯਾਦਵ ਭਾਰਤੀ ਜਨਤਾ ਨੋਜਵਾਨ ਮੋਰਚਾ ਦੇ ਦਿੱਲੀ ਪ੍ਰਦੇਸ਼ ਪ੍ਰਧਾਨ ਹਨ। ਸੁਨੀਲ ਯਾਦਵ ਨੇ ਜਿਲ੍ਹਾ ਪ੍ਰਧਾਨ ਤੋਂ ਲੈ ਕੇ ਪ੍ਰਦੇਸ਼ ਪ੍ਰਧਾਨ ਤੱਕ ਦਾ ਸਫ਼ਰ ਤੈਅ ਕੀਤਾ ਹੈ। ਯਾਦਵ ਨੇ ਦਿੱਲੀ ਯੂਨੀਵਰਸਿਟੀ ਦੇ ਕਿਰੋਰੀਮੱਲ ਕਾਲਜ ਤੋਂ ਪੜਾਈ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਭਾਜਪਾ ਨੇ ਨਵੇਂ ਨੌਜਵਾਨ ਚਹਿਰੇ ਨੂੰ ਮੈਦਾਨ ਵਿਚ ਉਤਾਰ ਕੇ ਮੁੱਖ ਮੰਤਰੀ ਕੇਜਰੀਵਾਲ ਨੂੰ ਤੱਕੜੀ ਟੱਕਰ ਦੇਣ ਦੀ ਕੋਸ਼ਿਸ਼ ਕੀਤੀ ਹੈ।

ਇਸ ਤੋਂ ਪਹਿਲਾਂ ਦਿੱਲੀ ਦੀ ਮੁੱਖ ਮੰਤਰੀ ਰਹੀ ਸ਼ੀਲਾ ਦਿਕਸ਼ੀਤ ਨੂੰ ਅਰਵਿੰਦ ਕੇਜਰੀਵਾਲ ਨੇ 2013 ਦੀ ਵਿਧਾਨ ਸਭਾ ਚੋਣਾਂ ਵਿਚ ਇਸੇ ਸੀਟ ਤੋਂ ਹਰਾਇਆ ਸੀ ਉੱਥੇ ਹੀ 2015 ਦੀਆਂ ਚੋਣਾਂ ਵਿਚ ਵੀ ਅਰਵਿੰਦ ਕੇਜਰੀਵਾਲ ਵਿਰੁੱਧ ਭਾਜਪਾ ਦੀ ਉਮੀਦਵਾਰ ਨੂਪੁਰ ਸ਼ਰਮਾ ਨੂੰ ਕਰਾਰੀ ਹਾਰ ਦਾ ਮੂੰਹ ਵੇਖਣਾ ਪਿਆ ਸੀ ਜਦਕਿ ਕਾਂਗਰਸ ਦਾ ਉਮੀਦਵਾਰ ਤੀਜੇ ਸਥਾਨ ਤੇ ਰਿਹਾ ਸੀ।

ਦਿੱਲੀ ਦੀ ਸੱਤਾ ਤੇ ਲਗਾਤਾਰ 15 ਸਾਲ ਕਾਬਜ਼ ਰਹੀ ਕਾਂਗਰਸ ਪਾਰਟੀ ਨੇ ਵੀ ਸੀਐਮ ਅਰਵਿੰਦ ਕੇਜਰੀਵਾਲ ਵਿਰੁੱਧ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਕਾਂਗਰਸ ਨੇ ਰਾਮੇਸ਼ ਸਬਰਵਾਲ ਨੂੰ ਕੇਜਰੀਵਾਲ ਵਿਰੁੱਧ ਚੋਣ ਮੈਦਾਨ ਵਿਚ ਉਤਾਰਿਆ ਹੈ ਪਰ ਇਸ ਸੀਟ 'ਤੇ ਅਸਲੀ ਮੁਕਾਬਲਾ ਭਾਜਪਾ ਅਤੇ ਆਪ ਵਿਚਾਲੇ ਹੀ ਮੰਨਿਆ ਜਾ ਰਿਹਾ ਹੈ।

ਦੱਸ ਦਈਏ ਕਿ ਦਿੱਲੀ ਵਿਧਾਨ ਸਭਾ ਦੀ 70 ਸੀਟਾਂ ਲਈ 8 ਫਰਵਰੀ ਨੂੰ ਵੋਟਾਂ ਪੈਣੀਆਂ ਹਨ ਅਤੇ 11 ਫਰਵਰੀ ਨੂੰ ਨਤੀਜੇ ਆਉਣੇ ਹਨ। ਇਹ ਵੀ ਦੱਸ ਦਈਏ ਕਿ ਉਮੀਦਵਾਰਾ ਦੀ ਨਾਮਜ਼ਦਗੀਆਂ ਦੇ ਲਈ ਅੱਜ 21 ਜਨਵਰੀ ਆਖਰੀ ਤਰੀਕ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਅੱਜ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨ ਪਹੁੰਚ ਹਨ। ਹਾਲਾਂਕਿ ਉਨ੍ਹਾਂ ਨੇ ਆਪਣਾ ਪਰਚਾ ਕੱਲ ਭਰਨਾ ਸੀ ਪਰ ਰੋਡ ਸ਼ੋਅ ਦੇ ਕਾਰਨ ਉਹ ਸਮੇਂ 'ਤੇ ਨਹੀਂ ਪਹੁੰਚ ਸਕੇ।