5 ਸਾਲਾਂ 'ਚ 153 ਸੰਸਦ ਮੈਂਬਰਾਂ ਦੀ ਜਾਇਦਾਦ ਦੁਗਣੀ ਹੋਈ, ਭਾਜਪਾਈ ਸੱਭ ਤੋਂ ਅੱਗੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੂਚੀ 'ਚ ਭਾਜਪਾ ਦੇ ਬਾਗੀ ਸੰਸਦ ਮੈਂਬਰ ਸ਼ਤਰੁਘਨ ਸਿਨਹਾ ਪਹਿਲੇ ਨੰਬਰ 'ਤੇ

ADR report :142 percent hike in assets of 153 MPs

ਨਵੀਂ ਦਿੱਲੀ : ਲੋਕ ਸਭਾ ਚੋਣਾਂ ਨੂੰ ਲੈ ਕੇ ਦੇਸ਼ ਭਰ 'ਚ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਇਲੈਕਸ਼ਨ ਵਾਚ ਅਤੇ ਐਸੋਸੀਏਸ਼ਨ ਆਫ਼ ਡੈਮੋਕ੍ਰੇਟਿਕ ਰਿਫੋਰਮਜ਼ (ਏ.ਡੀ.ਆਰ.) ਦੀ ਰਿਪੋਟਰ 'ਚ ਪ੍ਰਗਟਾਵਾ ਹੋਇਆ ਹੈ ਕਿ ਪਿਛਲੇ 5 ਸਾਲਾਂ 'ਚ ਕਿੰਨੇ ਸੰਸਦ ਮੈਂਬਰਾਂ ਦੀਆਂ ਜਾਇਦਾਦਾਂ 'ਚ ਵਾਧਾ ਹੋਇਆ ਹੈ। 

ਏ.ਡੀ.ਆਰ. ਦੀ ਰਿਪੋਰਟ ਮੁਤਾਬਕ 2009 ਤੋਂ 2014 ਦੌਰਾਨ 5 ਸਾਲ 'ਚ ਦੇਸ਼ ਦੇ 153 ਸੰਸਦ ਮੈਂਬਰਾਂ ਦੀ ਔਸਤ ਜਾਇਦਾਦ 'ਚ 142 ਫ਼ੀਸਦੀ ਦਾ ਵਾਧਾ ਹੋਇਆ ਹੈ। ਇਸ ਸੂਚੀ 'ਚ ਭਾਜਪਾ ਦੇ ਬਾਗੀ ਸੰਸਦ ਮੈਂਬਰ ਸ਼ਤਰੁਘਨ ਸਿਨਹਾ ਦਾ ਨਾਂ ਸੱਭ ਤੋਂ ਉੱਪਰ ਹੈ। ਉਨ੍ਹਾਂ ਦੀ ਕੁਲ ਜਾਇਦਾਦ ਸਾਲ 2009 'ਚ 15 ਕਰੋੜ ਰੁਪਏ ਸੀ ਜੋ 2014 'ਚ ਵੱਧ ਕੇ 131 ਕਰੋੜ ਰੁਪਏ ਹੋ ਗਈ। ਸ਼ਤਰੁਘਨ ਸਿਨਹਾ 2009 ਦੀਆਂ ਲੋਕ ਸਭਾ ਚੋਣਾਂ 'ਚ ਬਿਹਾਰ ਦੀ ਪਟਨਾ ਸਾਹਿਬ ਸੀਟ ਤੋਂ ਸੰਸਦ ਮੈਂਬਰ ਚੁਣੇ ਗਏ ਸਨ।

ਏ.ਡੀ.ਆਰ. ਦੀ ਰਿਪੋਰਟ ਦੇ ਅੰਕੜਿਆਂ ਮੁਤਾਬਕ 5 ਸਾਲਾਂ 'ਚ ਇਨ੍ਹਾਂ 153 ਸੰਸਦ ਮੈਂਬਰਾਂ 'ਚੋਂ ਹਰੇਕ ਦੀ ਔਸਤਨ ਆਮਦਨ 13.32 ਕਰੋੜ ਰੁਪਏ ਵਧੀ ਹੈ। ਇਸ ਸੂਚੀ 'ਚ 72 ਸੰਸਦ ਮੈਂਬਰ ਭਾਜਪਾ ਦੇ ਹਨ, ਜਦਕਿ ਕਾਂਗਰਸ ਦੇ 28, ਤ੍ਰਿਣਮੂਲ ਕਾਂਗਰਸ ਦੇ 13 ਅਤੇ ਬੀਜੇਡੀ ਦੇ 7 ਸੰਸਦ ਮੈਂਬਰ ਹਨ।

ਬੀਜੂ ਜਨਤਾ ਦਲ (ਬੀਜੇਡੀ) ਦੇ ਸੰਸਦ ਮੈਂਬਰ ਪਿਨਾਕੀ ਮਿਸ਼ਰਾ ਜਾਇਦਾਦ ਵਧਣ ਦੇ ਮਾਮਲੇ 'ਚ ਦੂਜੇ ਨੰਬਰ 'ਤੇ ਹਨ। ਪਿਨਾਕੀ ਮਿਸ਼ਰਾ ਦੀ ਆਮਦਨ 2009 'ਚ 107 ਕਰੋੜ ਰੁਪਏ ਤੋਂ ਵੱਧ ਕੇ 2014 'ਚ 137 ਕਰੋੜ ਰੁਪਏ ਹੋ ਗਈ। 

ਐਨਸੀਪੀ ਦੀ ਸੰਸਦ ਮੈਂਬਰ ਸੁਪਰੀਆ ਸੁਲੇ ਦੀ ਜਾਇਦਾਦ 2009 'ਚ 51 ਕਰੋੜ ਰੁਪਏ ਸੀ, ਜੋ 2014 'ਚ ਵੱਧ ਕੇ 113 ਕਰੋੜ ਰੁਪਏ ਹੋ ਗਈ।

ਕੇਂਦਰੀ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ 6ਵੇਂ ਨੰਬਰ 'ਤੇ ਹਨ। ਉਨ੍ਹਾਂ ਦੀ ਜਾਇਦਾਦ ਸਾਲ 2009 'ਚ 60 ਕਰੋੜ ਰੁਪਏ ਸੀ ਅਤੇ 2014 'ਚ 108 ਕਰੋੜ ਰੁਪਏ ਹੋ ਗਈ। 

ਯੂਪੀ ਦੀ ਸੁਲਤਾਨਪੁਰ ਸੀਟ ਤੋਂ ਭਾਜਪਾ ਸੰਸਮ ਮੈਂਬਰ ਵਰੁਣ ਗਾਂਧੀ 10ਵੇਂ ਨੰਬਰ 'ਤੇ ਹਨ। ਸਾਲ 2009 'ਚ ਉਨ੍ਹਾਂ ਦੀ ਆਮਦਨ 4 ਕਰੋੜ ਸੀ, ਜੋ 2014 'ਚ ਵੱਧ ਕੇ 35 ਕਰੋੜ ਰੁਪਏ ਹੋ ਗਈ।

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਜਾਇਦਾਦ 2009 'ਚ 2 ਕਰੋੜ ਰੁਪਏ ਸੀ ਅਤੇ 2014 'ਚ ਵੱਧ ਕੇ 7 ਕਰੋੜ ਰੁਪਏ ਹੋ ਗਈ।