ਬੱਚੇ ਦੀ ਜਾਨ ਬਚਾਉਣ ਵਾਲੇ ਰੇਲਵੇ ਕਰਮਚਾਰੀ ਨੂੰ ਮੰਤਰਾਲੇ ਵਲੋਂ 50 ਹਜ਼ਾਰ ਇਨਾਮ ਦਾ ਐਲਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ ਵੀਡੀਉ

railway employee

ਮੁੰਬਈ: ਬੀਤੇ ਦਿਨੀਂ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋਇਆ ਸੀ, ਜਿਸ ਵਿਚ ਰੇਲਵੇ ਟਰੈਕ ‘ਤੇ ਡਿੱਗੇ ਬੱਚੇ ਨੂੰ ਇਕ ਰੇਲਵੇ ਮੁਲਾਜ਼ਮ ਨੇ ਬਹਾਦਰੀ ਨਾਲ ਬਚਾ ਲਿਆ ਸੀ। ਰੇਲਵੇ ਵੱਲੋਂ ਹੁਣ ਇਸ ਮੁਲਾਜ਼ਮ ਨੂੰ 50 ਹਜ਼ਾਰ ਦਾ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ।

ਇਸ ਵੀਡੀਓ ਦੀ ਵੱਡੇ ਪੱਧਰ ‘ਤੇ ਚਰਚਾ ਹੋਈ। ਇੱਥੋਂ ਤਕ ਕਿ ਵੀਡੀਓ ਵੇਖਣ ਬਾਅਦ ਖੁਦ ਰੇਲ ਮੰਤਰੀ ਪਿਯੂਸ਼ ਗੋਇਲ ਨੇ ਰੇਲਵੇ ਮੁਲਾਜ਼ਮ ਨਾਲ ਫੋਨ ‘ਤੇ ਗੱਲ ਕੀਤੀ ਅਤੇ ਉਸ ਦੀ ਬਹਾਦਰੀ ਦੀ ਸਰਾਹਨਾ ਕੀਤੀ। ਵਾਇਰਲ ਵੀਡੀਓ ਵਿਚ ਇ ਮਾਂ ਤੇ ਬੱਚਾ ਰੇਲਵੇ ਪਲੇਟਫਾਰਮ 'ਤੇ ਤੁਰੇ ਜਾਂਦੇ ਵਿਖਾਈ ਦਿੰਦੇ ਹਨ। ਇਸ ਦੌਰਾਨ ਬੱਚਾ ਅਚਾਨਕ ਪਲੇਟ ਫਾਰਮ ਫਰਸ ਤੋਂ ਨੀਵੇਂ ਰੇਲਵੇ ਟਰੈਕ 'ਤੇ ਡਿੱਗ ਜਾਂਦਾ ਹੈ। ਇਸ ਦੌਰਾਨ ਟ੍ਰੇਨ ਆ ਜਾਂਦੀ ਹੈ ਤੇ ਰੇਲਵੇ ਦਾ ਇੱਕ ਕਰਮਚਾਰੀ ਆਪਣੀ ਜਾਨ ਜ਼ੋਖਮ ਵਿਚ ਪਾ ਕੇ ਬੱਚੇ ਨੂੰ ਬਚਾ ਲੈਂਦਾ ਹੈ।

ਬੱਚੇ ਦੀ ਜਾਨ ਬਚਾਉਣ ਵਾਲਾ ਮੁੰਬਈ ਡਿਵੀਜ਼ਨ ਦਾ ਪੁਆਇੰਟਸਮੈਨ ਮਾਯੂਰ ਸ਼ੇਲਖੇ ਹੈ। ਘਟਨਾ 17 ਅਪਰੈਲ ਵਾਨਗਾਨੀ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 2 ਦੀ ਹੈ। ਇਸ ਮਗਰੋਂ ਮਾਯੂਰ ਦੀ ਇਸ ਦਲੇਰੀ ਲਈ ਪੂਰਾ ਰੇਲਵੇ ਵਿਭਾਗ ਉਸ ਦੀ ਤਾਰੀਫ ਕਰ ਰਿਹਾ ਹੈ।

ਮਾਯੂਰ ਨੇ ਨਿਊਜ਼ ਏਜੰਸੀ ANI ਨੂੰ ਦੱਸਿਆ ਕਿ "ਔਰਤ ਤੇ ਬੱਚੇ ਦੀ ਅੱਖਾਂ ਦੀ ਰੌਸ਼ਨੀ ਘੱਟ ਸੀ ਜਿਸ ਕਾਰਨ ਉਹ ਕੁਝ ਨਹੀਂ ਕਰ ਸਕੇ ਤੇ ਮੈਂ ਬੱਚੇ ਨੂੰ ਬਚਾਉਣ ਲਈ ਦੌੜਿਆ। ਮੈਨੂੰ ਇੰਝ ਵੀ ਲੱਗਾ ਕਿ ਖ਼ਤਰਾ ਹੈ ਪਰ ਮੈਂ ਬੱਚੇ ਦੀ ਜਾਨ ਬਚਾਉਣ ਬਾਰੇ ਸੋਚਿਆ। ਮਹਿਲਾ ਬਹੁਤ ਭਾਵੁਕ ਹੋ ਗਈ ਤੇ ਉਸ ਨੇ ਮੇਰਾ ਧੰਨਵਾਦ ਕੀਤਾ। ਇਸ ਮਗਰੋਂ ਰੇਲ ਮੰਤਰੀ ਪਿਯੂਸ਼ ਗੋਇਲ ਨੇ ਵੀ ਮੈਨੂੰ ਫੋਨ ਕੀਤਾ।" ਰੇਲਵੇ ਮੰਤਰਾਲੇ ਨੇ ਮਾਯੂਰ ਨੂੰ 50,000 ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ।