ਹੁਣ ਰਾਸ਼ਟਰੀ ਪੁਰਸਕਾਰ ਲਈ ਸਿੱਧੇ ਅਰਜ਼ੀ ਭੇਜ ਸਕਣਗੇ ਸਰਕਾਰੀ ਸਕੂਲਾਂ ਦੇ ਅਧਿਆਪਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਸਰਕਾਰੀ ਅਧਿਆਪਕਾਂ ਲਈ ਵੱਡਾ ਐਲਾਨ ਕੀਤਾ ਹੈ...

Prakash Javadekar

ਨਵੀਂ ਦਿੱਲੀ : ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਸਰਕਾਰੀ ਅਧਿਆਪਕਾਂ ਲਈ ਵੱਡਾ ਐਲਾਨ ਕੀਤਾ ਹੈ। ਪ੍ਰਕਾਸ਼ ਜਾਵਡੇਕਰ ਨੇ ਐਲਾਨ ਕੀਤਾ ਕਿ ਦੇਸ਼ ਭਰ ਦੇ ਸਰਕਾਰੀ ਸਕੂਲਾਂ ਦੇ ਅਧਿਆਪਕ ਰਾਸ਼ਟਰੀ ਅਧਿਆਪਕ ਪੁਰਸਕਾਰ ਲਈ ਸਿੱਧੇ ਐਂਟਰੀ ਕਰ ਸਕਦੇ ਹਨ। ਪਿਛਲੇ ਸਾਲ ਤਕ ਰਾਸ਼ਟਰੀ ਪੁਰਸਕਾਰ ਲਈ ਸਰਕਾਰ ਖ਼ੁਦ ਅਧਿਆਪਕਾਂ ਦੀ ਐਂਟਰੀ ਕਰਦੀ ਸੀ। ਜਾਵਡੇਕਰ ਨੇ ਕਿਹਾ ਕਿ ਨਵੀਂ ਪ੍ਰਣਾਲੀ ਤਹਿਤ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਤੋਂ ਇਲਾਵਾ ਪ੍ਰਿੰਸੀਪਲ ਵੀ ਖ਼ੁਦ ਨੂੰ ਨਾਮਜ਼ਦ ਕਰ ਸਕਦੇ ਹਨ। 

ਦਸ ਦਈਏ ਕਿ ਸਰਕਾਰੀ ਸਕੂਲਾਂ ਦੇ ਅਧਿਆਪਕ 30 ਜੂਨ ਤਕ ਰਾਸ਼ਟਰੀ ਪੁਰਸਕਾਰ ਲਈ ਬੇਨਤੀ ਕਰ ਸਕਦੇ ਹਨ। ਨਵੀਂ ਪ੍ਰਣਾਲੀ ਤਹਿਤ ਹਰ ਜ਼ਿਲ੍ਹੇ ਤੋਂ 3 ਅਧਿਆਪਕਾਂ ਦੀ ਚੋਣ ਕੀਤੀ ਜਾਵੇਗੀ ਅਤੇ ਜਿਸ ਤੋਂ ਬਾਅਦ ਹਰ ਰਾਜ ਤੋਂ 6 ਅਧਿਆਪਕ ਚੁਣੇ ਜਾਣਗੇ। ਉਨ੍ਹਾਂ ਕਿਹਾ ਕਿ ਰਾਸ਼ਟਰੀ ਅਧਿਆਪਕ ਪੁਰਸਕਾਰ ਲਈ ਰਾਸ਼ਟਰੀ ਪੱਧਰ 'ਤੇ ਇਕ ਆਜ਼ਾਦ ਫ਼ੈਸਲਾਕੁੰਨ ਮੰਡਲ ਰਾਸ਼ਟਰੀ ਪੁਰਸਕਾਰ ਲਈ 50 ਅਧਿਆਪਕਾਂ, ਪ੍ਰਿੰਸੀਪਲਾਂ ਦੀ ਚੋਣ ਕਰੇਗਾ। ਐਂਟਰੀ ਭੇਜਣ ਦੌਰਾਨ ਅਧਿਆਪਕ ਅਪਣੇ ਕੰਮਾਂ ਦਾ ਵੀਡੀਓ ਵੀ ਅਪਲੋਡ ਕਰ ਸਕਦੇ ਹਨ।

ਜਾਵਡੇਕਰ ਮੁਤਾਬਕ ਰਾਸ਼ਟਰੀ ਫ਼ੈਸਲਾ ਕਮੇਟੀ ਰਾਸ਼ਟਰੀ ਪੁਰਸਕਾਰ ਲਈ ਚੰਗੇ ਅਧਿਆਪਕਾਂ ਦੀ ਚੋਣ ਸਿੱਖਿਆ ਪ੍ਰਣਾਲੀ ਵਿਚ ਕ੍ਰਾਂਤੀਕਾਰੀ ਤਬਦੀਲੀ ਅਤੇ ਅਧਿਆਪਨ ਸ਼ੈਲੀ ਦੇ ਆਧਾਰ 'ਤੇ ਕਰੇਗੀ। ਜ਼ਿਕਰਯੋਗ ਹੈ ਕਿ ਰਾਜਾਂ, ਕੇਂਦਰ ਸ਼ਾਸਤ ਸੂਬਿਆਂ ਦੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ਦੇ ਅਧਿਆਪਕ, ਕੇਂਦਰ ਸਰਕਾਰ ਦੇ ਸਕੂਲਾਂ ਭਾਵ ਕੇਂਦਰੀ ਵਿਦਿਆਲਾ, ਜਵਾਹਰ ਨਵੋਦਿਆ ਵਿਦਿਆਲਿਆ, ਤਿੱਬਤੀ ਲੋਕਾਂ ਦੇ ਕੇਂਦਰੀ ਵਿਦਿਆਲਿਆ, ਰੱਖਿਆ ਮੰਤਰਾਲੇ ਦੇ ਸੈਨਿਕ ਸਕੂਲ, ਪਰਮਾਣੂ ਊਰਜਾ ਸਿੱਖਿਆ ਸੁਸਾਇਟੀ ਦੇ ਸਕੂਲ ਅਤੇ ਸੀਬੀਐਸਈ ਅਤੇ ਸੀਆਈਐਸਸੀਈ

ਨਾਲ ਸਬੰਧਤ ਸਾਰੇ ਸਕੂਲਾਂ ਦੇ ਅਧਿਆਪਕ ਰਾਸ਼ਟਰ ਪੁਰਸਕਾਰ ਲਈ ਅਰਜ਼ੀ ਦੇ ਸਕਦੇ ਹਨ। ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰਾਲਾ ਦੀ ਵੈਬਸਾਈਟ 'ਤੇ ਰਜਿਸਟ੍ਰੇਸ਼ਨ ਲਈ 15-30 ਜੂਨ ਤਕ ਦਾ ਸਮਾਂ ਹੈ।ਦਸ ਦਈਏ ਕਿ ਪਹਿਲਾਂ ਇਨ੍ਹਾਂ ਪੁਰਸਕਾਰਾਂ ਲਈ ਅਰਜ਼ੀਆਂ ਲੈਣ ਦਾ ਕੰਮ ਸਰਕਾਰ ਵਲੋਂ ਕੀਤਾ ਜਾਂਦਾ ਸੀ ਜੋ ਜ਼ਿਲ੍ਹਾ ਪੱਧਰ 'ਤੇ ਸਿੱਖਿਆ ਅਧਿਕਾਰੀ ਅਤੇ ਡਿਪਟੀ ਕਮਿਸ਼ਨਰ ਦੇਖਦੇ ਸਨ ਅਤੇ ਅੱਗੇ ਕੇਂਦਰ ਨੂੰ ਭੇਜਦੇ ਸਨ ਪਰ ਹੁਣ ਇਸ ਪੁਰਸਕਾਰ ਲਈ ਅਧਿਆਪਕ ਸਿੱਧੇ ਤੌਰ 'ਤੇ ਹੀ ਅਪਣੀ ਅਰਜ਼ੀ ਕੇਂਦਰ ਸਰਕਾਰ ਨੂੰ ਭੇਜ ਸਕਣਗੇ। ਇਨ੍ਹਾਂ ਵਿਚੋਂ ਜਿਹੜੇ ਵੀ ਅਧਿਆਪਕ ਦੀ ਕਾਰਗੁਜ਼ਾਰੀ ਸਭ ਤੋਂ ਵਧੀਆ ਹੋਵੇਗੀ, ਉਸ ਨੂੰ ਪੁਰਸਕਾਰੀ ਲਈ ਚੁਣਿਆ ਜਾਵੇਗਾ।