ਸਰਕਾਰ ਪੁਲਿਸ ਮੁਲਾਜ਼ਮਾਂ ਲਈ ਕੰਮ ਦਾ ਚੰਗਾ ਮਾਹੌਲ ਬਣਾਏਗੀ : ਸ਼ਾਹ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੋਦੀ ਨੇ ਪੁਲਿਸ ਮੁਲਾਜ਼ਮਾਂ ਦੇ ਹੌਸਲੇ ਦੀ ਸ਼ਲਾਘਾ ਕੀਤੀ

Government will ensure good working environment for police personnel : Amit Shah

ਨਵੀਂ ਦਿੱਲੀ : ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਕੇਂਦਰ ਸਰਕਾਰ ਇਹ ਯਕੀਨੀ ਕਰਨ ਲਈ ਤੈਅ ਸਮਾਂ-ਸੀਮਾ ਵਿਚ ਕਦਮ ਚੁੱਕੇਗੀ ਕਿ ਪੁਲਿਸ ਮੁਲਾਜ਼ਮਾਂ ਨੂੰ ਕੰਮ ਦਾ ਚੰਗਾ ਮਾਹੌਲ ਮੁਹਈਆ ਕਰਵਾਇਆ ਜਾਵੇ ਅਤੇ ਉਨ੍ਹਾਂ ਦੀ ਸਿਹਤ ਅਤੇ ਪਰਵਾਰ ਭਲਾਈ ਸਬੰਧੀ ਚਿੰਤਾਵਾਂ ਨੂੰ ਦੂਰ ਕੀਤਾ ਜਾਵੇ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਟਵਿਟਰ 'ਤੇ ਪੁਲਿਸ ਮੁਲਾਜ਼ਮਾਂ ਦੇ ਹੌਸਲੇ ਦੀ ਸ਼ਲਾਘਾ ਕੀਤੀ ਅਤੇ ਕੁਰਬਾਨੀ ਕਰਨ ਵਾਲਿਆਂ ਨੂੰ ਯਾਦ ਕੀਤਾ। ਸ਼ਾਹ ਨੇ ਸ਼ਹੀਦ ਪੁਲਿਸ ਮੁਲਾਜ਼ਮਾਂ ਨੂੰ ਸ਼ਰਧਾਂਜਲੀ ਦੇਣ ਮਗਰੋਂ ਪੁਲਿਸ ਅਤੇ ਅਰਧਸੈਨਿਕ ਬਲਾਂ ਨੂੰ ਸਾਂਝੇ ਤੌਰ 'ਤੇ ਸੰਬੋਧਤ ਕਰਦਿਆਂ ਕਿਹਾ ਕਿ ਦੇਸ਼ ਦੀ ਸਮਰਪਣ ਭਾਵ ਨਾਲ ਸੇਵਾ ਕਰਨ ਵਾਲੇ ਖ਼ਾਕੀ ਵਰਦੀ ਪਾਈ ਪੁਰਸ਼ ਅਤੇ ਔਤਰਾਂ ਹੀ ਸੰਸਾਰ ਦੇ ਸ਼ਕਤੀਸ਼ਾਲੀ ਦੇਸ਼ ਦੇ ਰੂਪ ਵਿਚ ਭਾਰਤ ਦੀ ਤਰੱਕੀ ਨੂੰ ਯਕੀਨੀ ਕਰਦੇ ਹਨ। ਮੰਤਰੀ ਨੇ ਕਿਹਾ ਕਿ ਪ੍ਰਤੀ ਇਕ ਲੱਖ ਨਾਗਰਿਕਾਂ ਲਈ 222 ਪੁਲਿਸ ਮੁਲਾਜ਼ਮਾਂ ਦੇ ਘੱਟੋ ਘੱਟ ਮਾਪਦੰਡ ਦੀ ਤੁਲਨਾ ਵਿਚ ਮਹਿਜ਼ 144 ਮੁਲਾਜ਼ਮ ਮੌਜੂਦ ਹਨ।

ਉਨ੍ਹਾਂ ਕਿਹਾ ਕਿ ਇਹੋ ਕਾਰਨ ਹੈ ਕਿ ਕਰੀਬ 90 ਫ਼ੀ ਸਦੀ ਪੁਲਿਸ ਮੁਲਾਜ਼ਮਾਂ ਨੂੰ ਹਰ ਰੋਜ਼ 12 ਘੰਟਿਆਂ ਤੋਂ ਵੀ ਵੱਧ ਸਮੇਂ ਤਕ ਕੰਮ ਕਰਨਾ ਪੈਂਦਾ ਹੈ ਅਤੇ ਉਨ੍ਹਾਂ ਵਿਚੋਂ ਤਿੰਨ ਚੌਥਾਈ ਮੁਲਾਜ਼ਮ ਹਫ਼ਤਾਵਾਰੀ ਛੁੱਟੀ ਵੀ ਨਹੀਂ ਲੈਂਦੇ। ਉੁਨ੍ਹਾਂ ਕਿਹਾ ਕਿ ਉਹ ਅਤੇ ਦੇਸ਼ ਦੇ ਨਾਗਰਿਕ ਪੁਲਿਸ ਯਾਦਗਾਰ ਦਿਵਸ ਮੌਕੇ ਫ਼ਰਜ਼ ਦੀ ਪਾਲਣਾ ਲਈ ਜੀਵਨ ਦਾ ਬਲੀਦਾਨ ਦੇਣ ਵਾਲਿਆਂ ਅਤੇ ਉਨ੍ਹਾਂ ਦੇ ਪਰਵਾਰ ਨੂੰ ਸ਼ਰਧਾਂਜਲੀ ਦਿੰਦੇ ਹਨ। ਸ਼ਾਹ ਨੇ ਕਿਹਾ, 'ਜਦ ਅਸੀਂ ਪੁਲਿਸ ਨੂੰ ਆਮ ਤਰੀਕੇ ਨਾਲ ਕੰਮ ਕਰਦੇ ਵੇਖਦੇ ਹਾਂ ਤਾਂ ਇਹ ਆਮ ਦਿਸਦੇ ਹਨ ਪਰ ਜਦ ਅਸੀਂ ਨਜ਼ਰੀਆ ਬਦਲਦੇ ਹਾਂ ਤਾਂ ਸਮਝ ਆਉਂਦਾ ਹੈ ਕਿ ਸਾਡਾ ਦੇਸ਼ ਜੋ ਵਿਕਾਸ ਕਰ ਰਿਹਾ ਹੈ, ਉਹ ਇਨ੍ਹਾਂ ਪੁਲਿਸ ਮੁਲਾਜ਼ਮਾਂ ਦੇ ਸਮਰਪਣ ਅਤੇ ਉਨ੍ਹਾਂ ਦੀ ਮੌਨ ਸੇਵਾ ਕਾਰਨ ਹੈ।