ਲੋਕ ਸਭਾ ਵਿਚ ਸਾਧਵੀ ਪ੍ਰਗਿਆ ਦੇ ਸਹੁੰ ਚੁੱਕਣ ਦੌਰਾਨ ਪਿਆ ਰੌਲਾ

ਏਜੰਸੀ

ਖ਼ਬਰਾਂ, ਰਾਜਨੀਤੀ

ਸਹੁੰ ਚੁੱਕਣ ਦੌਰਾਨ ਜਦੋਂ ਸਾਧਵੀ ਪ੍ਰਗਿਆ ਨੇ ਅਪਣਾ ਨਾਮ ਪੜ੍ਹਿਆ ਤਾਂ ਕਈ ਵਿਰੋਧੀ ਮੈਂਬਰਾਂ ਨੇ ਇਤਰਾਜ਼ ਪ੍ਰਗਟ ਕੀਤਾ

Sadhvi Pragya sparks controversy while taking oath

ਨਵੀਂ ਦਿੱਲੀ : ਅਪਣੇ ਬਿਆਨਾਂ ਕਾਰਨ ਅਕਸਰ ਵਿਵਾਦਾਂ ਵਿਚ ਰਹਿਣ ਵਾਲੀ ਭਾਜਪਾ ਸੰਸਦ ਮੈਂਬਰ ਸਾਧਵੀ ਪ੍ਰਗਿਆ ਠਾਕੁਰ ਜਦ ਲੋਕ ਸਭਾ ਦੀ ਮੈਂਬਰੀ ਦੀ ਸਹੁੰ ਚੁੱਕ ਰਹੀ ਸੀ ਤਾਂ ਉਥੇ ਵੀ ਵਿਵਾਦ ਨੇ ਉਸ ਦਾ ਪਿੱਛਾ ਨਹੀਂ ਛਡਿਆ। ਸਹੁੰ ਚੁੱਕਣ ਦੌਰਾਨ ਉਸ ਨੇ ਜਦ ਅਪਣਾ ਨਾਮ ਪੜ੍ਹਿਆ ਤਾਂ ਕਈ ਵਿਰੋਧੀ ਮੈਂਬਰਾਂ ਨੇ ਇਤਰਾਜ਼ ਪ੍ਰਗਟ ਕੀਤਾ। ਵਿਰੋਧੀ ਮੈਂਬਰਾਂ ਦੇ ਤਿੱਖੇ ਇਤਰਾਜ਼ ਮਗਰੋਂ ਕਾਰਜਕਾਰੀ ਸਪੀਕਰ ਵੀਰੇਂਦਰ ਸਿੰਘ ਨੇ ਭਰੋਸਾ ਦਿਤਾ ਕਿ ਸਾਧਵੀ ਦਾ ਜਿਹੜਾ ਨਾਮ ਚੋਣ ਪ੍ਰਮਾਣ ਪੱਤਰ ਵਿਚ ਲਿਖਿਆ ਹੋਵੇਗਾ, ਉਹੀ ਸਦਨ ਦੇ ਰੀਕਾਰਡ ਵਿਚ ਦਰਜ ਕੀਤਾ ਜਾਵੇਗਾ। ਸਾਧਵੀ ਨੇ ਸੰਸਕ੍ਰਿਤ ਵਿਚ ਸਹੁੰ ਚੁੱਕੀ।

ਉਸ ਨੇ ਅਪਣਾ ਨਾਮ ਸਾਧਵੀ ਪ੍ਰਗਿਆ ਸਿੰਘ ਠਾਕੁਰ ਪੂਰਨਚੇਤਨਾਨੰਦ ਅਵਧੇਸ਼ਾਨੰਦ ਗਿਰੀ ਬੋਲਿਆ ਅਤੇ ਸਹੁੰ ਪੂਰੀ ਕਰਨ ਮਗਰੋਂ 'ਭਾਰਤ ਮਾਤਾ ਦੀ ਜੈ' ਵੀ ਕਿਹਾ। ਉਸ ਦੇ 'ਸਾਧਵੀ' ਨਾਮ 'ਤੇ ਕਾਂਗਰਸ ਸਮੇਤ ਹੋਰ ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਇਤਰਾਜ਼ ਪ੍ਰਗਟ ਕੀਤਾ। ਸਪੀਕਰ ਨੇ ਪ੍ਰਗਿਆ ਨੂੰ ਸੰਵਿਧਾਨ ਜਾਂ ਰੱਬ ਦੇ ਨਾਮ 'ਤੇ ਸਹੁੰ ਚੁੱਕਣ ਲਈ ਕਿਹਾ। ਸਾਧਵੀ ਨੇ ਕਿਹਾ ਕਿ ਉਹ ਰੱਬ ਦੇ ਨਾਮ 'ਤੇ ਹੀ ਸਹੁੰ ਲੈ ਰਹੀ ਹੈ ਅਤੇ ਅਪਣਾ ਉਹੀ ਨਾਮ ਲੈ ਰਹੀ ਹੈ ਜੋ ਉਸ ਨੇ ਫ਼ਾਰਮ ਵਿਚ ਭਰਿਆ। ਕੁੱਝ ਦੇਰ ਬਾਅਦ ਲੋਕ ਸਭਾ ਦੇ ਅਧਿਕਾਰੀ ਰੀਕਾਰਡ ਵਿਚ ਸਾਧਵੀ ਪ੍ਰਗਿਆ ਦਾ ਰੀਕਾਰਡ ਵਿਚ ਜ਼ਿਕਰ ਕੀਤਾ ਨਾਮ ਲੱਭਦੇ ਰਹੇ।

ਫਿਰ ਜਦ ਸਪੀਕਰ ਨੇ ਦਖ਼ਲ ਦਿਤਾ ਤਾਂ ਹੰਗਾਮਾ ਸ਼ੁਰੂ ਹੋ ਗਿਆ ਅਤੇ ਠਾਕੁਰ ਨੇ ਸਹੁੰ ਪੱਤਰ ਦਾ ਨਾਮ ਮਗਰਲਾ ਹਿੱਸਾ ਵੀ ਪੜ੍ਹਿਆ। ਇਸ 'ਤੇ ਕਾਂਗਰਸ ਦੇ ਮੈਂਬਰਾਂ ਨੇ ਇਤਰਾਜ਼ ਕੀਤਾ ਹਾਲਾਂਕਿ ਸਪੀਕਰ ਨੇ ਭਰੋਸਾ ਦਿਤਾ ਕਿ ਸਾਧਵੀ ਦਾ ਜਿਹੜਾ ਨਾਮ ਪ੍ਰਮਾਣ ਪੱਤਰ ਵਿਚ ਲਿਖਿਆ ਹੋਵੇਗਾ, ਉਹੀ ਸਦਨ ਦੇ ਰੀਕਾਰਡ ਵਿਚ ਦਰਜ ਕੀਤਾ ਜਾਵੇਗਾ। ਮੈਂਬਰਾਂ ਨੇ ਕਿਹਾ ਕਿ ਸਹੁੰ ਪੱਤਰ ਦੀ ਕਾਪੀ ਅਤੇ ਕਵਾਇਦ ਹੁੰਦੀ ਹੈ ਅਤੇ ਉਸੇ ਅਨੁਸਾਰ ਸਹੁੰ ਚੁਕਣੀ ਚਾਹੀਦੀ ਹੈ। ਬਾਅਦ ਵਿਚ ਸਪੀਕਰ ਨੇ ਵੀ ਕਿਹਾ ਕਿ ਉਹ ਸਹੁੰ ਪੱਤਰ ਮੁਤਾਬਕ ਹੀ ਚੱਲਣ।