ਹਾਈਕੋਰਟ ਵਲੋਂ ਕਾਂਗਰਸ ਨੂੰ ਵੱਡਾ ਝਟਕਾ, ਹੇਰਾਲਡ ਹਾਊਸ ਖ਼ਾਲੀ ਕਰਨ ਲਈ ਆਖਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰ ਸਰਕਾਰ ਦੇ 30 ਅਕਤੂਬਰ ਦੇ ਨੋਟਿਸ 'ਤੇ ਹਾਈਕੋਰਟ ਨੇ ਵੱਡਾ ਫ਼ੈਸਲਾ ਸੁਣਾਇਆ ਹੈ। ਇਸ ਤਰ੍ਹਾਂ ਕੋਰਟ ਨੇ ਏਜੇਐਲ ਦੀ ਪਟੀਸ਼ਨ ਖਾਰਜ ਕਰ ਦਿਤੀ ਹੈ।

Herald House

ਨਵੀਂ ਦਿੱਲੀ, ( ਪੀਟੀਆਈ) : ਨੈਸ਼ਨਲ ਹੇਰਾਲਡ ਹਾਊਸ ਨੂੰ ਲੈ ਕੇ ਕਾਂਗਰਸ ਨੂੰ ਵੱਡਾ ਝਟਕਾ ਲਗਾ ਹੈ। ਦਿੱਲੀ ਹਾਈਕਰੋਟ ਨੇ ਅਪਣੇ ਹੁਕਮ ਵਿਚ ਕਾਂਗਰਸ ਨੂੰ ਦੋ ਹਫਤਿਆਂ ਵਿਚ ਨੈਸ਼ਨਲ ਹੇਰਾਲਡ ਹਾਊਸ ਨੂੰ ਖਾਲੀ ਕਰਨ ਦਾ ਹੁਕਮ ਦਿਤਾ ਹੈ। ਹੁਕਮ ਮੁਤਾਬਕ ਏਜੇਐਲ ਨੂੰ ਹੇਰਾਲਡ ਹਾਊਸ ਖਾਲੀ ਕਰਨਾ ਪਵੇਗਾ। ਕੇਂਦਰ ਸਰਕਾਰ ਦੇ 30 ਅਕਤੂਬਰ ਦੇ ਨੋਟਿਸ 'ਤੇ ਹਾਈਕੋਰਟ ਨੇ ਵੱਡਾ ਫ਼ੈਸਲਾ ਸੁਣਾਇਆ ਹੈ। ਇਸ ਤਰ੍ਹਾਂ ਕੋਰਟ ਨੇ ਏਜੇਐਲ ਦੀ ਪਟੀਸ਼ਨ ਖਾਰਜ ਕਰ ਦਿਤੀ ਹੈ। ਹਾਲਾਂਕਿ ਕੋਰਟ ਨੇ ਬਿਲਡਿੰਗ ਨੂੰ ਖਾਲੀ ਕਰਨ ਲਈ ਦੋ ਹਫਤੇ ਦਾ ਸਮਾਂ ਦਿਤਾ ਹੈ।

ਹਾਈਕੋਰਟ ਨੇ ਕਿਹਾ ਕਿ ਦੋ ਹਫਤੇ ਤੋਂ ਵੱਧ ਸਮਾਂ ਲਗਾ ਤਾਂ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ। 22 ਨਵੰਬਰ ਨੂੰ ਨੈਸ਼ਨਲ ਹੇਰਾਲਡ ਬਿਲਡਿੰਗ ਦੀ ਲੀਜ਼ ਖਤਮ ਕਰਨ ਦੇ ਕੇਂਦਰ ਸਰਕਾਰ ਦੇ ਫ਼ੈਸਲੇ ਨੂੰ ਲੈ ਕੇ ਏਜੇਐਲ ਦੀ ਪਟੀਸ਼ਨ 'ਤੇ ਦਿੱਲੀ ਹਾਈਕੋਰਟ ਨੇ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ। ਦਿੱਲੀ ਹਾਈਕੋਰਟ ਨੇ ਏਜੇਐਲ (ਐਸੋਸੀਏਟਡ ਜਨਰਲਸ ਲਿਮਿਟੇਡ) ਦੀ ਉਸ ਅਰਜ਼ੀ 'ਤੇ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ, ਜਿਸ ਵਿਚ ਲੀਜ਼ ਦੇ ਪ੍ਰਬੰਧਾਂ ਦੀ ਉਲੰਘਣਾ ਕਰਨ ਦੇ ਦੋਸ਼ਾਂ ਦੇ ਆਧਾਰ 'ਤੇ ਉਹਨਾਂ ਦੀ ਲੀਜ਼ ਰੱਦ ਕਰਨ ਅਤੇ ਹੇਰਾਲਡ ਹਾਊਸ ਖਾਲੀ ਕਰਨ ਦੇ ਹੁਕਮ ਦੇਣ ਦੇ ਕੇਂਦਰ ਸਰਕਾਰ ਦੇ ਫ਼ੈਸਲੇ ਨੂੰ ਚੁਣੌਤੀ ਦਿਤੀ ਗਈ ਸੀ।

ਦਿੱਲੀ ਹਾਈ ਕੋਰਟ ਨੇ ਦੋਹਾਂ ਪੱਖਾਂ ਦੀ ਬਹਿਸ ਸੁਣ ਲੈਣ ਤੋਂ ਬਾਅਦ ਅਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ। ਇਸ ਤੋਂ ਪਹਿਲਾਂ 13 ਨਵੰਬਰ ਨੂੰ ਹਾਈਕੋਰਟ ਨੇ ਸੁਣਵਾਈ 22 ਦਸੰਬਰ ਤੱਕ ਟਾਲ ਦਿਤੀ ਸੀ। ਇਸ ਦੌਰਾਨ ਕੇਂਦਰ ਵੱਲੋਂ ਪੇਸ਼ ਐਸਜੀ ਤੁਸ਼ਾਰ ਮਹਿਤਾ ਨੇ ਭਰੋਸਾ ਦਿਤਾ ਸੀ ਕਿ ਇਸ ਦੌਰਾਨ ਬਿਲਡਿੰਗ ਸੀਲ ਕਰਨ ਜਾਂ ਖਾਲੀ ਕਰਨ 'ਤੇ ਕਾਰਵਾਈ ਨਹੀਂ ਹੋਵੇਗੀ। ਕੇਂਦਰ ਸਰਕਾਰ ਵੱਲੋਂ ਨੈਸ਼ਨਲ ਹੇਰਾਲਡ ਹਾਊਸ ਨੂੰ ਨੋਟਿਸ ਦਿਤਾ ਸੀ ਕਿ ਉਹ ਬਿਲਡਿੰਗ ਖਾਲੀ ਕਰ ਦੇਵੇ ਕਿਉਂਕਿ ਜਿਸ ਉਦੇਸ਼ ਨਾਲ ਸਰਕਾਰ ਨੇ ਉਹਨਾਂ ਨੂੰ ਬਿਲਡਿੰਗ ਦਿਤੀ ਸੀ, ਉਹ ਕੰਮ ਉਥੇ ਨਹੀਂ ਹੋ ਰਿਹਾ ਹੈ।

ਸੋਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਹਾਈ ਕੋਰਟ ਨੂੰ ਕਿਹਾ ਸੀ ਕਿ ਨਿਯਮ ਮੁਤਾਬਕ ਨੈਸ਼ਨਲ ਹੇਰਾਲਡ ਹਾਊਸ ਵਿਚ ਪ੍ਰਿਟਿੰਗ ਦਾ ਕੰਮ ਹੋਣਾ ਚਾਹੀਦਾ ਹੈ, ਜਦਕਿ ਅਜਿਹਾ ਲੰਮੇ ਸਮੇਂ ਤੋਂ ਨਹੀਂ ਹੋ ਰਿਹਾ ਹੈ। ਇਸ ਤੋਂ ਇਲਾਵਾ ਜਦ ਉਹਨਾਂ ਨੂੰ ਐਲਐਨਡੀਓ ਵੱਲੋਂ ਪਹਿਲੀ ਵਾਰ ਨੋਟਿਸ ਦਿਤਾ ਗਿਆ ਤਾਂ ਉਥੇ ਦੁਬਾਰਾ ਅਖ਼ਬਾਰ ਦਾ ਕੰਮ ਸ਼ੁਰੂ ਹੋ ਗਿਆ। ਉਸ ਤੋਂ ਪਹਿਲਾਂ 2008 ਵਿਚ ਅਖ਼ਬਾਰ ਦੇ ਸਾਰੇ ਕਰਮਚਾਰੀਆਂ ਨੂੰ ਵੀਆਰਐਸ ਦੇ ਕੇ ਅਖ਼ਬਾਰ ਨੂੰ ਬੰਦ ਕਰ ਦਿਤਾ ਗਿਆ ਸੀ। 2008 ਤੋਂ 2016 ਤੱਕ ਛਪਾਈ ਦਾ ਕੋਈ ਕੰਮ ਨਹੀਂ ਹੋਇਆ ਜਦਕਿ 2016 ਵਿਚ ਪਹਿਲਾ ਨੋਟਿਸ ਜ਼ਾਰੀ ਕੀਤਾ ਗਿਆ ਸੀ।

ਉਸ ਵੇਲੇ ਨੈਸ਼ਨਲ ਹੇਰਾਲਡ ਹਾਊਸ ਨੇ ਜਵਾਬ ਦਿਤਾ ਸੀ ਛੇਤੀ ਹੀ ਪ੍ਰਿੰਟਿੰਗ ਦਾ ਕੰਮ ਦੁਬਾਰਾ ਸ਼ੁਰੂ ਹੋ ਜਾਵੇਗਾ। ਇਸ 'ਤੇ ਨੈਸ਼ਨਲ ਹੇਰਾਲਡ ਵੱਲੋਂ ਪੇਸ਼ ਕੀਤੇ ਗਏ ਵਕੀਲ ਅਭਿਸ਼ੇਕ ਮਨੂ ਸਿੰਘਵੀ ਨੇ ਕੋਰਟ ਨੂੰ ਕਿਹਾ ਕਿ 2008 ਤੋਂ 2016 ਵਿਚਕਾਰ ਕੰਪਨੀ ਦੀ ਵਿੱਤੀ ਹਾਲਤ ਠੀਕ ਨਹੀਂ ਸੀ। ਇਸ ਲਈ ਪਬਲਿਕੇਸ਼ਨ ਬੰਦ ਕਰਨਾ ਪਿਆ ਸੀ। ਉਸ ਤੋਂ ਬਾਅਦ ਇਕ ਵਾਰ ਵਿੱਤੀ ਸਥਿਤੀ ਠੀਕ ਹੋਣ ਤੋਂ ਬਾਅਦ ਦੁਬਾਰਾ ਅਖ਼ਬਾਰ ਦਾ ਕੰਮ ਸ਼ੁਰੂ ਹੋਇਆ।

ਅਜੇ ਹਿੰਦੀ, ਉਰਦੂ ਅਤੇ ਅੰਗਰੇਜ਼ੀ ਵਿਚ ਅਖ਼ਬਾਰ ਹੈ। ਇਸ ਤੋਂ ਇਲਾਵਾ ਇੰਟਰਨੈਟ 'ਤੇ ਵੀ ਪ੍ਰਕਾਸ਼ਿਤ ਹੁੰਦਾ ਹੈ। ਅਖ਼ਬਾਰ ਦੀ ਪ੍ਰਿਟਿੰਗ ਦਾ ਕੰਮ ਕਿਤੇ ਹੋਰ ਹੁੰਦਾ ਹੈ। ਸਮੇਂ ਦੇ ਨਾਲ-ਨਾਲ ਅਖ਼ਬਾਰ ਪੜ੍ਹਨ ਵਾਲੇ ਲੋਕਾਂ ਦੀ ਸੋਚ ਵੀ ਬਦਲੀ ਹੈ।