ਕੈਪਟਨ ਅਮਰਿੰਦਰ ਨੇ '84 ਸਿੱਖ ਕਤਲੇਆਮ 'ਚ ਕਾਂਗਰਸੀ ਲੀਡਰਾਂ ਦੀ ਸ਼ਮੂਲੀਅਤ ਨੂੰ ਕਬੂਲਿਆ  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

1984 ਸਿੱਖ ਕਤਲੇਆਮ ਮਾਮਲੇ ਵਿਚ  ਸੁਖਬੀਰ ਬਾਦਲ ਵੱਲੋਂ ਗਾਂਧੀ ਪਰਿਵਾਰ ਦਾ ਨਾਮ ਲੈਣ ਤੇ ਕੈਪਟਨ ਅਮਰਿੰਦਰ ਸਿੰਘ ਨੇ ਕਰਾਰ ਜਵਾਬ ਦਿੱਤਾ ਹੈ....

ਕੈਪਟਨ ਅਮਰਿੰਦਰ ਸਿੰਘ

ਨਵੀਂ ਦਿੱਲੀ (ਭਾਸ਼ਾ) : 1984 ਸਿੱਖ ਕਤਲੇਆਮ ਮਾਮਲੇ ਵਿਚ  ਸੁਖਬੀਰ ਬਾਦਲ ਵੱਲੋਂ ਗਾਂਧੀ ਪਰਿਵਾਰ ਦਾ ਨਾਮ ਲੈਣ ਤੇ ਕੈਪਟਨ ਅਮਰਿੰਦਰ ਸਿੰਘ ਨੇ ਕਰਾਰ ਜਵਾਬ ਦਿੱਤਾ ਹੈ। ਗਾਂਧੀ ਪਰਿਵਾਰ ਦੇ ਹੱਕ ਵਿਚ ਨਿਤਰੇ ਮੁਖ ਮੰਤਰੀ ਕੈਪਟਨ ਨੇ ਕਿਹਾ ਕਿ  ਦੰਗਿਆਂ ਵਿੱਚ ਨਿੱਜੀ ਰੂਪ ’ਚ ਕੁਝ ਕਾਂਗਰਸੀ ਲੀਡਰ ਜ਼ਰੂਰ ਸ਼ਾਮਲ ਸਨ ਪਰ ਉਨ੍ਹਾਂ ਨੂੰ ਪਾਰਟੀ ਲੀਡਰਸ਼ਿਪ ਦੀ ਲੁਕਵੇਂ ਜਾਂ ਖੁੱਲ੍ਹੇ ਤੌਰ 'ਤੇ ਕੋਈ ਹਮਾਇਤ ਨਹੀਂ ਸੀ। ਮੁੱਖ ਮੰਤਰੀ ਕਿਹਾ ਕਿ ਜੇ ਕਿਸੇ ਕਾਂਗਰਸੀ ਦੀ ਨਿੱਜੀ ਤੌਰ 'ਤੇ ਦੰਗਿਆਂ ਵਿੱਚ ਕੋਈ ਸ਼ਮੂਲੀਅਤ ਹੈ ਤਾਂ ਉਹ ਸਜ਼ਾ ਦਾ ਹੱਕਦਾਰ ਹੈ ਤੇ ਉਸ ਨੂੰ ਗੁਨਾਹਾਂ ਦੀ ਸਜ਼ਾ ਮਿਲਣੀ ਚਾਹੀਦੀ ਹੈ ।

ਪਰ ਇਸ ਮਾਮਲੇ ਵਿੱਚ ਪੂਰੀ ਕਾਂਗਰਸ ਪਾਰਟੀ ਜਾਂ ਗਾਂਧੀ ਪਰਿਵਾਰ ਨੂੰ ਲਪੇਟਣ ਦੀ ਕੋਸ਼ਿਸ਼ ਕਰਨੀ ਗੈਰ-ਵਾਜਬ ਹੈ। ਉਨ੍ਹਾਂ ਕਿਹਾ ਕਿ ਹਿੰਸਾ ਦੌਰਾਨ ਰਾਹੁਲ ਸਕੂਲ ਪੜ੍ਹਦੇ ਸੀ ਤੇ ਰਾਜੀਵ ਗਾਂਧੀ ਪੱਛਮੀ ਬੰਗਾਲ ਵਿੱਚ ਸਨ। ਸੱਜਣ ਕੁਮਾਰ ਦੀ ਸਜਾ ਤੇ ਬੋਲਦੇ ਹੋਏ ਕੈਪਟਨ ਨੇ ਕਿਹਾ ਕਿ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਦੇ ਕੇ ਅਦਾਲਤ ਨੇ ਮਿਸਾਲ ਕਾਇਮ ਕੀਤੀ ਹੈ | ਇਸਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਰਾਹੁਲ ਗਾਂਧੀ ਦੀ ਲੀਡਰਸ਼ਿਪ ਨੂੰ ਕਮਜ਼ੋਰ ਕਰਨ ਲਈ ਕੀਤੀਆਂ ਨਿਰਾਸ਼ ਕੋਸ਼ਿਸ਼ਾਂ ਨੂੰ ਹਾਸੋ-ਹੀਣਾ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ

ਕਿ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਨੇ ਹਾਲ ਹੀ 'ਚ ਤਿੰਨ ਵੱਡੇ ਸੂਬਿਆਂ ਵਿੱਚ ਜਿੱਤ ਹਾਸਲ ਕੀਤੀ ਹੈ।ਮੁੱਖ ਮੰਤਰੀ ਨੇ ਕਿਹਾ ਕਿ ਇਸ ਤੋਂ ਸਿੱਧ ਹੁੰਦਾ ਹੈ ਕਿ ਸੁਖਬੀਰ ਬਾਦਲ ਸੰਸਦੀ ਚੋਣਾਂ ਤੋਂ ਪਹਿਲਾਂ ਚੋਣ ਮੈਦਾਨ ਵਿੱਚ ਕੁੱਦਣ ਲਈ ਹੱਥ-ਪੈਰ ਮਾਰ ਰਿਹਾ ਹੈ। ਵੋਟਰਾਂ ਦਾ ਸਮਰਥਨ ਜੁਟਾਉਣ ਵਾਸਤੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖੇਡਣ ਲਈ ਅਕਾਲੀਆਂ 'ਤੇ ਵਰ ਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਬਾਦਲ ਨੂੰ ਇਸ ਸੰਵੇਦਨਸ਼ੀਲ ਮਸਲੇ ਦਾ ਸਿਆਸੀਕਰਨ ਬੰਦ ਕਰਨ ਲਈ ਆਖਿਆ।