ਕੌਣ ਹੈ ਈਵੀਐਮ ਹੈਕਿੰਗ ਦਾ ਦਾਅਵਾ ਕਰਨ ਵਾਲਾ 'ਸੱਯਦ ਸ਼ੁਜਾ'
ਈਵੀਐਮ ਹੈਕਿੰਗ ਨੂੰ ਲੈ ਕੇ ਲੰਦਨ ਵਿਚ ਅਮਰੀਕੀ ਸਾਈਬਰ ਮਾਹਿਰ ਸੱਯਦ ਸ਼ੁਜਾ ਨੇ ਇਕ ਵੀਡੀਓ ਕਾਨਫਰੰਸ ਰਾਹੀਂ ਕਈ ਸਨਸਨੀਖੇਜ਼ ਦਾਅਵੇ ਕੀਤੇ ਹਨ। ਜਿਸ ਨਾਲ ਦੇਸ਼...
ਨਵੀਂ ਦਿੱਲੀ : ਈਵੀਐਮ ਹੈਕਿੰਗ ਨੂੰ ਲੈ ਕੇ ਲੰਦਨ ਵਿਚ ਅਮਰੀਕੀ ਸਾਈਬਰ ਮਾਹਿਰ ਸੱਯਦ ਸ਼ੁਜਾ ਨੇ ਇਕ ਵੀਡੀਓ ਕਾਨਫਰੰਸ ਰਾਹੀਂ ਕਈ ਸਨਸਨੀਖੇਜ਼ ਦਾਅਵੇ ਕੀਤੇ ਹਨ। ਜਿਸ ਨਾਲ ਦੇਸ਼ ਵਿਚ ਈਵੀਐਮ ਦੀ ਭਰੋਸੇਯੋਗਤਾ ਨੂੰ ਲੈ ਕੇ ਇਕ ਵਾਰ ਫਿਰ ਤੋਂ ਵੱਡੀ ਚਰਚਾ ਛਿੜ ਗਈ ਹੈ। ਸ਼ੁਜਾ ਨੇ ਦਾਅਵਾ ਕੀਤਾ ਹੈ ਕਿ 2014 ਦੀਆਂ ਲੋਕ ਸਭਾ ਚੋਣਾਂ ਵਿਚ ਈਵੀਐਮ ਨੂੰ ਹੈਕ ਕੀਤਾ ਗਿਆ ਸੀ, ਜਿਸ ਦੇ ਦਮ 'ਤੇ ਹੀ ਭਾਜਪਾ ਦੀ ਜਿੱਤ ਹੋਈ ਸੀ। ਸ਼ੁਜਾ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਭਾਜਪਾ ਨੇਤਾ ਗੋਪੀਨਾਥ ਮੁੰਡੇ ਅਤੇ ਪੱਤਰਕਾਰ ਗੌਰੀ ਲੰਕੇਸ਼ ਦੀ ਮੌਤ ਵੀ ਕਿਤੇ ਨਾ ਕਿਤੇ ਈਵੀਐਮ ਨਾਲ ਜੁੜੀ ਹੋਈ ਸੀ।
ਭਾਰਤੀ ਮੂਲ ਦੇ ਇਸ ਅਮਰੀਕੀ ਸਾਇਬਰ ਮਾਹਿਰ ਨੇ ਦਾਅਵੇ ਤਾਂ ਕੀਤੇ ਪਰ ਉਹ ਇਸ ਦੇ ਸਬੂਤ ਪੇਸ਼ ਨਹੀਂ ਕਰ ਸਕਿਆ। ਇਸ ਦੇ ਨਾਲ ਹੀ ਇਹ ਸਵਾਲ ਵੀ ਖੜ੍ਹਾ ਹੋ ਰਿਹਾ ਹੈ ਕਿ ਆਖ਼ਰ ਇਹ ਸਨਸਨੀਖੇਜ਼ ਦਾਅਵੇ ਕਰਨ ਵਾਲਾ ਸੱਯਦ ਸ਼ੁਜਾ ਹੈ ਕੌਣ? ਕਿਹਾ ਜਾ ਰਿਹਾ ਹੈ ਕਿ ਸੱਯਦ ਸ਼ੁਜਾ ਇਕ ਸਾਈਬਰ ਸਕਿਓਰਟੀ ਰਿਸਰਚ ਹੈ, ਜੋ ਹੈਦਰਾਬਾਦ ਦਾ ਰਹਿਣ ਵਾਲਾ ਹੈ ਅਤੇ ਫਿਲਹਾਲ ਅਮਰੀਕਾ ਵਿਚ ਨੌਕਰੀ ਕਰਦਾ ਹੈ। ਸ਼ੁਜਾ ਦੀ ਮੰਨੀਏ ਤਾਂ ਉਹ ਭਾਰਤ ਵਿਚ ਵੋਟਿੰਗ ਲਈ ਈਵੀਐਮ ਮਸ਼ੀਨ ਬਣਾਉਣ ਵਾਲੀ ਟੀਮ ਦਾ ਹਿੱਸਾ ਸੀ ਜੋ ਭਾਰਤ ਇਲੈਕਟ੍ਰੋਨਿਕ ਨਿਗਮ ਲਿਮਟਿਡ ਵਿਚ ਕੰਮ ਕਰਦਾ ਸੀ।
ਸ਼ੁਜਾ ਨੇ ਦਾਅਵਾ ਕੀਤਾ ਕਿ ਸਾਲ 2014 ਵਿਚ ਉਸ ਦੀ ਟੀਮ ਨੂੰ ਕਿਸੇ ਵੀ ਤਰ੍ਹਾਂ ਈਵੀਐਮ ਹੈਕ ਕਰਨ ਲਈ ਕਿਹਾ ਗਿਆ ਸੀ, ਪਰ ਜਦੋਂ ਉਨ੍ਹਾਂ ਦੀ ਟੀਮ ਨੇ ਈਵੀਐਮ ਹੈਕ ਕਰ ਦਿਤੀ ਤਾਂ ਹੈਦਰਾਬਾਦ ਵਿਚ ਉਨ੍ਹਾਂ 'ਤੇ ਜਾਨਲੇਵਾ ਹਮਲਾ ਹੋਇਆ। ਸ਼ੁਜਾ ਮੁਤਾਬਕ ਕਿਸੇ ਤਰ੍ਹਾਂ ਹਮਲੇ ਵਿਚ ਬਚ ਗਿਆ ਪਰ ਉਸ ਦੇ ਸਾਥੀ ਮਾਰੇ ਗਏ ਸਨ। ਸ਼ੁਜਾ ਦਾ ਕਹਿਣੈ ਕਿ ਇਸ ਤੋਂ ਬਾਅਦ ਉਸ ਦੇ ਸਾਥੀਆਂ ਨੂੰ ਦੰਗਿਆਂ ਦਾ ਸ਼ਿਕਾਰ ਕਰਾਰ ਦੇ ਦਿਤਾ ਗਿਆ। ਸ਼ੁਜਾ ਦੇ ਇਨ੍ਹਾਂ ਦਾਅਵਿਆਂ ਵਿਚ ਕਿੰਨੀ ਕੁ ਸੱਚਾਈ ਹੈ। ਫਿਲਹਾਲ ਇਸ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ। ਕਿਉਂਕਿ ਇਹ ਇਕ ਵੱਡੀ ਜਾਂਚ ਦਾ ਵਿਸ਼ਾ ਹੈ।