ਸਾਡੀ ਸਰਕਾਰ ਬਣੀ ਤਾਂ ਦੋ ਬਜਟ ਪੇਸ਼ ਹੋਣਗੇ : ਰਾਹੁਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ - ਹਿੰਦੂਸਤਾਨ ਦੇ ਕਿਸੇ ਵੀ ਕਿਸਾਨ ਨੂੰ ਕਰਜ਼ਾ ਵਾਪਸ ਨਾ ਕਰਨ 'ਤੇ ਜੇਲ ਨਹੀਂ ਭੇਜਿਆ ਜਾਵੇਗਾ

Two budgets will be present if our government is formed: Rahul

ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਕਿਹਾ ਕਿ ਜੇਕਰ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਦੋ ਬਜਟ ਪੇਸ਼ ਕੀਤੇ ਜਾਣਗੇ। ਇਨ੍ਹਾਂ ਵਿਚੋਂ ਇਕ ਕੌਮੀ ਬਜਟ ਹੋਵੇਗਾ ਜਦਕਿ ਦੂਜਾ ਕਿਸਾਨਾਂ ਦਾ ਬਜਟ ਹੋਵੇਗਾ।  ਰਾਹੁਲ ਨੇ ਹੈਦਰਗੜ੍ਹ ਤਹਿਸੀਲ ਦੇ ਚੌਬਸੀ ਪਿੰਡ 'ਚ ਇਕ ਜਨ ਸਭਾ ਵਿਚ ਕਿਹਾ, ''ਕਾਂਗਰਸ ਕਿਸਾਨਾਂ ਦੇ ਹਿੱਤ ਲਈ ਇਤਿਹਾਸਕ ਕੰਮ ਕਰਨ ਜਾ ਰਹੀ ਹੈ, ਕੇਂਦਰ ਵਿਚ ਜੇਕਰ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਇਸ ਵਾਰ ਦੋ ਬਜਟ ਪੇਸ਼ ਹੋਣਗੇ। ਇਕ ਕੌਮੀ ਬਜਟ ਅਤੇ ਦੂਜਾ ਕਿਸਾਨਾਂ ਦਾ ਬਜਟ ਹੋਵੇਗਾ। ਹੁਣ ਹਿੰਦੂਸਤਾਨ ਦੇ ਕਿਸੇ ਵੀ ਕਿਸਾਨ ਨੂੰ ਕਰਜ਼ਾ ਵਾਪਸ ਨਾ ਕਰਨ 'ਤੇ ਜੇਲ ਨਹੀਂ ਭੇਜਿਆ ਜਾਵੇਗਾ।''

ਰਾਹੁਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲ ਕੀਤਾ ਕਿ ਪਿਛਲੇ ਪੰਜ ਸਾਲ ਵਿਚ ਉਨ੍ਹਾਂ ਦੀ ਸਰਕਾਰ ਨੇ ਕੀ ਕੀਤਾ? ''ਨੌਜੁਆਨਾਂ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਕਰਨ ਵਾਲੇ ਮੋਦੀ ਇਕ ਲੱਖ ਨੌਜੁਆਨਾਂ ਨੂੰ ਵੀ ਰੁਜ਼ਗਾਰ ਨਹੀਂ ਦੇ ਸਕੇ। ਮੋਦੀ ਨੇ ਰੁਜ਼ਗਾਰ ਦੇਣ ਦੇ ਵਾਅਦੇ 'ਤੇ ਨੌਜੁਆਨਾਂ ਨੂੰ ਝੂਠ ਬੋਲਿਆ।'' ਬਾਰਾਬੰਕੀ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਸੀਨੀਅਰ ਨੇਤਾ ਪੀਐਲ ਪੁਨੀਆ ਦੇ ਬੇਟੇ ਤਨੁਜ ਪੁਨੀਆ ਪਾਰਟੀ ਦੇ ਟਿਕਟ 'ਤੇ ਚੋਣ ਲੜ ਰਹੇ ਹਨ।

ਰਾਹੁਲ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਵਿਚ ਮੋਦੀ ਨੇ 15 ਲੋਕਾਂ ਦੀ ਮਦਦ ਕਰਨ ਵਾਲੀ ਸਰਕਾਰ ਚਲਾਈ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਅਚਾਨਕ ਨੋਟਬੰਦੀ ਦਾ ਫ਼ੈਸਲਾ ਲਿਆ ਗਿਆ ਅਤੇ ਪੂਰੇ ਦੇਸ਼ ਨੂੰ ਕਤਾਰ ਵਿਚ ਲਗਾ ਦਿਤਾ ਗਿਆ। ਰਾਹੁਲ ਨੇ ਕਿਹਾ, ''ਸਾਡੀ ਸਰਕਾਰ ਦੇ ਸੱਤਾ ਵਿਚ ਆਉਂਦਿਆਂ ਹੀ ਗ਼ਰੀਬ ਲੋਕਾਂ ਲਈ ਘੱਟ ਆਮਦਨ ਗਰੰਟੀ ਯੋਜਨਾ ਸ਼ੁਰੂ ਹੋਵੇਗੀ।''