ਮੋਦੀ ਨੇ ਅੰਬਾਨੀ ਨੂੰ 30 ਹਜ਼ਾਰ ਕਰੋੜ ਦਿਤੇ : ਰਾਹੁਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨੋਟਬੰਦੀ ਤੇਜੀਐਸਟੀ ਨੇ ਡੂੰਘੀ ਸੱਟ ਮਾਰੀ

Modi a 'failed PM', gifted Rs 30000 crore to Anil Ambani : Rahul Gandhi

ਬਾਜ਼ੀਪੁਰਾ :  ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੀ 'ਘੱਟੋ ਘੱਟ ਆਮਦਨ ਯੋਜਨਾ' ਅਰਥਵਿਵਸਥਾ ਵਿਚ ਨਵੀਂ ਜਾਨ ਪਾਏਗੀ ਅਤੇ ਦੇਸ਼ ਵਿਚ ਰੁਜ਼ਗਾਰ ਦੇ ਮੌਕੇ ਪੈਦਾ ਕਰੇਗੀ ਜੋ ਨੋਟਬੰਦੀ ਅਤੇ ਜੀਐਸਟੀ ਦੀ ਮਾਰ ਝੇਲ ਰਹੇ ਹਨ। ਗੁਜਰਾਤ ਦੇ ਬਾਜ਼ੀਪੁਰਾ ਵਿਚ ਚੋਣ ਰੈਲੀ ਨੂੰ ਸੰਬੋਧਤ ਕਰਦਿਆਂ ਰਾਹੁਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਇਆ ਅਤੇ 'ਚੌਕੀਦਾਰ ਚੋਰ ਹੈ' ਵਿਅੰਗ ਕਸਿਆ। ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਨੇ ਰਾਫ਼ੇਲ ਲੜਾਕੂ ਜਹਾਜ਼ ਸੌਦੇ ਵਿਚ ਕਾਰੋਬਾਰੀ ਅਨਿਲ ਅੰਬਾਨੀ ਨੂੰ 30 ਹਜ਼ਾਰ ਕਰੋੜ ਰੁਪਏ ਦਿਤੇ।

ਕਾਂਗਰਸ ਪ੍ਰਧਾਨ ਨੇ ਕਿਹਾ, 'ਅਸੀਂ ਨਿਆਏ ਯੋਜਨਾ ਤਹਿਤ ਗ਼ਰੀਬਾਂ ਨੂੰ 72000 ਰੁਪਏ ਦੇਣ ਦਾ ਵਾਅਦਾ ਕੀਤਾ  ਹੈ ਜੋ ਦੇਸ਼ ਵਿਚ ਗ਼ਰੀਬਾਂ ਦੀ ਆਰਥਕ ਹਾਲਤ ਨੂੰ ਬਦਲ ਕੇ ਰੱਖ ਦੇਵੇਗਾ।' ਉਨ੍ਹਾਂ ਕਿਹਾ ਕਿ ਨਿਆਏ ਲੋਕ ਸਭਾ ਚੋਣਾਂ ਲਈ ਕਾਂਗਰਸ ਦੇ ਮਨੋਰਥ ਪੱਤਰ ਦੀ ਮੁੱਖ ਵਿਸ਼ੇਸ਼ਤਾਈ ਹੈ ਅਤੇ ਇਹ ਯੋਜਨਾ ਪਾਰਟੀ ਵਿਚ ਵਿਚਾਰ-ਚਰਚਾ ਮਗਰੋਂ ਤਿਆਰ ਕੀਤੀ ਗਈ। ਉਨ੍ਹਾਂ ਕਿਹਾ ਕਿ ਮੋਦੀ ਨੇ 2014 ਵਿਚ ਲੋਕਾਂ ਨੂੰ 15 ਲੱਖ ਰੁਪਏ ਦੇਣ ਦਾ ਝੂਠਾ ਵਾਅਦਾ ਕੀਤਾ ਸੀ ਪਰ ਕਾਂਗਰਸ 3.60 ਲੱਖ ਰੁਪਏ ਜ਼ਰੂਰ ਦੇਵੇਗੀ। 

ਕਾਂਗਰਸ ਪ੍ਰਧਾਨ ਨੇ 2016 ਦੀ ਨੋਟਬੰਦੀ ਦੇ ਫ਼ੈਸਲੇ ਦਾ ਮਜ਼ਾਕ ਉਡਾਉਂਦਿਆਂ ਕਿਹਾ, 'ਇਕ ਦਿਨ, ਨਰਿੰਦਰ ਮੋਦੀ ਨੇ ਇਹ ਐਲਾਨ ਕੀਤਾ ਕਿ 1000 ਅਤੇ 500 ਦੇ ਨੋਟ ਬੰਦ ਹੋ ਗਏ ਹਨ ਕਿਉਂਕਿ ਉਹ ਮੈਨੂੰ ਜ਼ਿਆਦਾ ਕਾਲਾ ਧਨ ਬਣਾਉਣ ਵਿਚ ਸਹਾਈ ਨਹੀਂ ਹੋ ਰਹੇ। ਇਸ ਲਈ ਮੈਂ 2000 ਰੁਪਏ ਦੇ ਨੋਟ ਲਿਆਵਾਂਗਾ ਕਿਉਂਕਿ ਉਨ੍ਹਾਂ ਜ਼ਰੀਏ ਅਸੀਂ ਹੋਰ ਜ਼ਿਆਦਾ ਕਾਲਾ ਧਨ ਜਮ੍ਹਾਂ ਕਰ ਸਕਾਂਗੇ।' ਰਾਹੁਲ ਨੇ ਜੀਐਸਟੀ ਲਾਗੂ ਕਰਨ ਸਬੰਧੀ ਮੋਦੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਸ ਨੇ ਗੱਬਰ ਸਿੰਘ ਟੈਕਸ ਪੇਸ਼ ਕੀਤਾ। ਇਹ ਦੋਵੇਂ ਫ਼ੈਸਲੇ ਦੇਸ਼ ਲਈ ਜ਼ੋਰਦਾਰ ਝਟਕੇ ਸਨ।