ਮਹਾਗਠਜੋੜ ਨੂੰ ਮਮਤਾ ਦਾ ਝਟਕਾ, ਭਾਜਪਾ ਦੇ ਨਾਲ-ਨਾਲ ਕਾਂਗਰਸ 'ਤੇ ਵੀ ਸਾਧਿਆ ਨਿਸ਼ਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਹਾਗਠਜੋੜ ਦੀਆਂ ਕੋਸ਼ਿਸ਼ਾਂ ਨੂੰ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਝਟਕਾ ਦੇ ਦਿਤਾ ਹੈ...

mamata banerjee

ਨਵੀਂ ਦਿੱਲੀ : ਮਹਾਗਠਜੋੜ ਦੀਆਂ ਕੋਸ਼ਿਸ਼ਾਂ ਨੂੰ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਝਟਕਾ ਦੇ ਦਿਤਾ ਹੈ। ਅਪਣੀ ਪਾਰਟੀ ਤ੍ਰਿਣਮੂਲ ਕਾਂਗਰਸ ਦੀ ਅਹਿਮ ਮੀਟਿੰਗ ਵਿਚ ਉਨ੍ਹਾਂ ਨੇ ਭਾਜਪਾ, ਕਾਂਗਰਸ ਅਤੇ ਸੀਪੀਐਮ 'ਤੇ ਜਮ ਕੇ ਹਮਲਾ ਬੋਲਿਆ। ਮਮਤਾ ਨੇ ਇਸ ਦੌਰਾਨ ਭਾਜਪਾ ਨੂੰ ਮਾਓਵਾਦੀਆਂ ਦੇ ਨਾਲ ਵੀ ਜੋੜਿਆ। ਮਮਤਾ ਨੇ ਭਾਜਪਾ, ਕਾਂਗਰਸ, ਮਾਕਪਾ ਅਤੇ ਮਾਓਵਾਦੀਆਂ 'ਤੇ ਦੋਸ਼ ਲਗਾਇਆ ਕਿ ਬੰਗਾਲ ਵਿਚ ਉਨ੍ਹਾਂ ਨੇ ਤ੍ਰਿਣਮੂਲ ਕਾਂਗਰਸ ਦੇ ਵਿਰੁਧ ਹੱਥ ਮਿਲਾ ਲਏ ਹਨ। 

ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਨੇ ਕਿਹਾ ਕਿ ਸੀਪੀਐਮ ਭਾਜਪਾ ਦੇ ਚਰਨਾਂ ਵਿਚ ਡਿਗੀ ਹੋਈ ਹੈ ਅਤੇ ਡੁੱਬਣ ਤੋਂ ਬਚਣ ਲਈ ਉਨ੍ਹਾਂ ਦੇ ਤਿਣਕਿਆਂ ਦਾ ਸਹਾਰਾ ਭਾਲ ਰਹੀ ਹੈ। ਕਾਂਗਰਸ ਦੇ ਨਿਯਮ ਅਤੇ ਸਿਧਾਂਤ ਕਿੱਥੇ ਹਨ? ਉਨ੍ਹਾਂ ਕਿਹਾ ਕਿ ਸੀਪੀਐਮ, ਮਾਓਵਾਦੀ ਅਤੇ ਭਾਜਪਾ ਇਹ ਸਾਰੇ ਸਮਾਜ ਦੇ ਕਲੰਕ ਹਨ। ਉਨ੍ਹਾਂ ਭਾਜਪਾ 'ਤੇ ਦੋਸ਼ ਲਗਾਇਆ ਕਿ ਰਾਜ ਵਿਚ ਵੋਟ ਫ਼ੀਸਦੀ ਵਧਾਉਣ ਲਈ ਭਗਵਾ ਦਲ ਈਵੀਐਮ ਨਾਲ ਛੇੜਛਾੜ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਵੋਟਰ ਸੂਚੀ ਦੀ ਮੁੜ ਸਮੀਖਿਆ ਦਾ ਕੰਮ ਸ਼ੁਰੂ ਹੋ ਗਿਆ ਹੈ।

ਯਕੀਨੀ ਕਰੋ ਕਿ ਪ੍ਰਕਿਰਿਆ ਦਾ ਪਾਲਣ ਕੀਤਾ ਜਾਵੇ। ਈਵੀਐਮ ਨਾਲ ਛੇੜਛਾੜ ਕਰਨਾ ਭਾਜਪਾ ਦੀ ਆਦਤ ਹੈ। ਸਾਡੀ ਪਾਰਟੀ ਦੇ ਵਰਕਰਾਂ ਨੂੰ ਚੌਕਸ ਰਹਿਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਨਿਗਰਾਨੀ ਕਰਨੀ ਚਾਹੀਦੀ ਹੈ। ਮਹੇਸ਼ਤਾਲਾ ਵਿਚ ਮਈ ਵਿਚ ਹੋਈਆਂ ਵਿਧਾਨ ਸਭਾ ਉਪ ਚੋਣਾਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਸ ਸਮੇਂ ਵਰਤੋਂ ਕੀਤੇ ਗਏ 30 ਫ਼ੀਸਦੀ ਈਵੀਐਮ ਠੀਕ ਤਰ੍ਹਾਂ ਨਾਲ ਕੰਮ ਨਹੀਂ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਈਵੀਐਮ ਮਸ਼ੀਨ ਨਾਲ ਛੇੜਛਾੜ ਕਰਦੀ ਹੈ।

ਹਰ ਮਸ਼ੀਨ ਦੀ ਨਿਗਰਾਨੀ ਕਰਨੀ ਹੋਵੇਗੀ।ਮਮਤਾ ਬੈਨਰਜੀ ਨੇ ਵਰਕਰਾਂ ਨੂੰ ਸਖ਼ਤ ਸੰਦੇਸ਼ ਦੇ ਕੇ ਉਨ੍ਹਾਂ ਨੂੰ ਅੰਦਰੂਨੀ ਕਲੇਸ ਅਤੇ ਆਤਮ ਸੰਤੋਸ਼ ਤੋਂ ਬਾਜ਼ ਆਉਣ ਅਤੇ ਇਕਜੁੱਟ ਹੋ ਕੇ ਕੰਮ ਕਰਨ ਲਈ ਆਖਿਆ। ਮਮਤਾ ਨੇ ਆਦਿਵਾਸੀ ਜੰਗਲ ਮਹਿਲ ਇਲਾਕੇ ਵਿਚ ਵਰਕਰਾਂ ਦੇ ਇਕ ਤਬਕੇ 'ਤੇ ਪਿਛਲੇ ਮਹੀਨੇ ਹੋਈਆਂ ਪੰਚਾਇਤ ਚੋਣਾਂ ਵਿਚ ਬੇਨਤੀਜਾ ਰਹਿਣ ਦਾ ਦੋਸ਼ ਲਗਾਇਆ, ਜਿਸ ਦੀ ਵਜ੍ਹਾ ਨਾਲ ਪਾਰਟੀ ਨੂੰ ਕੁੱਝ ਸੀਟਾਂ 'ਤੇ ਹਾਰ ਦਾ ਸਾਹਮਣਾ ਕਰਨਾ ਪਿਆ। ਤ੍ਰਿਣਮੂਲ ਕਾਂਗਰਸ ਦੀ ਵਿਸਤਾਰਤ ਕੋਰ ਕਮੇਟੀ ਦੀ ਮੀਟਿੰਗ ਵਿਚ ਮਮਤਾ ਨੇ ਕਿਹਾ ਕਿ ਅਸੀਂ ਸਾਲਾਂ ਦੇ ਸੰਘਰਸ਼ ਤੋਂ ਬਾਅਦ ਪਾਰਟੀ ਬਣਾਈ।

ਅਸੀਂ ਲੋਕਾਂ ਦੇ ਸਮਰਥਨ ਨਾਲ ਸੱਤਾ ਵਿਚ ਆਏ। ਜੇਕਰ ਕੁੱਝ ਵਰਕਰ ਇਹ ਸੋਚਦੇ ਹਨ ਕਿ ਉਹ ਪਾਰਟੀ ਤੋਂ ਵੱਡੇ ਹਨ ਤਾਂ ਬਾਹਰ ਜਾਣ ਲਈ ਦਰਵਾਜ਼ਾ ਖੁੱਲ੍ਹਾ ਹੈ। ਸਿਰਫ਼ ਮਮਤਾ ਬੈਨਰਜੀ ਕੰਮ ਕਰੇ ਅਤੇ ਹੋਰ ਸੱਤਾ ਵਿਚ ਹੋਣ ਦਾ ਆਨੰਦ ਲੈਣ, ਇਹ ਨਹੀਂ ਚੱਲ ਸਕਦਾ ਹੈ।ਤ੍ਰਿਣਮੂਲ ਕਾਂਗਰਸ ਸੁਪਰੀਮੋ ਮਮਤਾ ਬੈਨਰਜੀ ਨੇ ਭਾਜਪਾ ਨੂੰ ਕੱਟੜਪੰਥੀ ਸੰਗਠਨ ਦਸਿਆ ਜੋ ਲੋਕਾਂ ਨੂੰ ਧਾਰਮਿਕ ਆਧਾਰ 'ਤੇ ਵੰਡਣ ਵਿਚ ਲੱਗੀ ਹੋਈ ਹੈ। ਉਨ੍ਹਾਂ ਨੇ ਚੁਣੌਤੀ ਦਿਤੀ ਕਿ ਭਾਜਪਾ ਉਨ੍ਹਾਂ ਦੀ ਪਾਰਟੀ 'ਤੇ ਹਮਲਾ ਕਰ ਕੇ ਦਿਖਾਏ।

ਤ੍ਰਿਣਮੂਲ ਕਾਂਗਰਸ ਦੀ ਵਿਸਤਾਰਤ ਕੋਰ ਕਮੇਟੀ ਦੀ ਮੀਟਿੰਗ ਵਿਚ ਉਨ੍ਹਾਂ ਕਿਹਾ ਕਿ ਅਸੀਂ ਭਾਜਪਾ ਵਾਂਗ ਕੱਟੜਪੰਥੀ ਸੰਗਠਨ ਨਹੀਂ ਹਾਂ। ਉਹ ਹੰਕਾਰੀ ਅਤੇ ਅਸਹਿਣਸ਼ੀਲ ਹਨ। ਉਹ ਧਾਰਮਿਕ ਰੂਪ ਨਾਲ ਪੱਖਪਾਤੀ ਹੈ। ਉਹ ਮੁਸਲਿਮਾਂ, ਇਸਾਈਆਂ, ਸਿੱਖਾਂ ਨੂੰ ਪਸੰਦ ਨਹੀਂ ਕਰਦੀ, ਉਹ ਹਿੰਦੂਆਂ ਵਿਚ ਵੀ ਵੱਡੀ ਜਾਤੀ ਅਤੇ ਪਿਛੜੀ ਜਾਤੀ ਦੇ ਲੋਕਾਂ ਵਿਚਕਾਰ ਭੇਦਭਾਵ ਕਰਦੇ ਹਨ।