ਚੂਹਿਆਂ ਨੇ ਕਿਸਾਨ ਦੀ ਮਿਹਨਤ ’ਤੇ ਫੇਰਿਆ ਪਾਣੀ, ਕੁਤਰੇ 50 ਹਜ਼ਾਰ,ਬੈਂਕ ਨੇ ਵੀ ਲੈਣ ਤੋਂ ਕੀਤਾ ਇਨਕਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਤਮਿਲਨਾਡੁ ਦੇ ਕੋਇੰਬਟੂਰ ਤੋਂ ਇੱਕ ਅਜੀਬੋ-ਗਰੀਬ ਘਟਨਾ ਸਾਹਮਣੇ ਆਈ ਹੈ। ਜਿੱਥੇ ਇਕ ਕਿਸਾਨ ਵਲੋਂ ਘਰ 'ਚ ਰੱਖੇ 50 ਹਜ਼ਾਰ...

Rat damage 50000 rupees

ਕੋਇੰਬਟੂਰ : ਤਮਿਲਨਾਡੁ ਦੇ ਕੋਇੰਬਟੂਰ ਤੋਂ ਇੱਕ ਅਜੀਬੋ-ਗਰੀਬ ਘਟਨਾ ਸਾਹਮਣੇ ਆਈ ਹੈ। ਜਿੱਥੇ ਇਕ ਕਿਸਾਨ ਵਲੋਂ ਘਰ 'ਚ ਰੱਖੇ 50 ਹਜ਼ਾਰ ਰੁਪਏ ਦੇ ਨੋਟਾਂ ਨੂੰ ਚੂਹਿਆਂ ਨੇ ਕੁਤਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਕਿਸਾਨ ਨੂੰ ਇਹ ਪੈਸੇ ਆਪਣੀ ਫਸਲ ਨੂੰ ਵੇਚਣ ਤੋਂ ਬਾਅਦ ਮਿਲੇ ਸਨ, ਜਿਸ ਨੂੰ ਉਸ ਨੇ ਆਪਣੀ ਝੌਂਪੜੀ 'ਚ ਰੱਖਿਆ ਸੀ। ਹਾਲ ਹੀ 'ਚ ਜਦੋਂ ਉਹ ਇਨ੍ਹਾਂ ਪੈਸਿਆਂ ਨੂੰ ਕਿਸੇ ਕੰਮ ਲਈ ਕੱਢਣ ਪਹੁੰਚਿਆ ਤਾਂ ਨੋਟਾਂ ਦੀ ਅਜਿਹੀ ਹਾਲਤ ਦੇਖ ਕੇ ਉਸ ਦੇ ਹੋਸ਼ ਉੱਡ ਗਏ।

ਬੈਂਕ ਨੇ ਵੀ ਨੋਟ ਬਦਲਣ ਤੋਂ ਕੀਤੀ ਨਾਂਹ
ਜਾਣਕਾਰੀ ਅਨੁਸਾਰ ਕੋਇੰਬਟੂਰ ਜ਼ਿਲੇ ਦੇ ਵੇਲਿੰਗਾੜੂ ਪਿੰਡ ਦੇ ਵਾਸੀ ਰੰਗਰਾਜ ਨੇ ਬੀਤੇ ਦਿਨੀਂ ਆਪਣੇ ਖੇਤ ਦੇ ਅਨਾਜ ਨੂੰ ਵੇਚ ਕੇ ਕੁੱਲ 50 ਹਜ਼ਾਰ ਰੁਪਏ ਇਕੱਠੇ ਕੀਤੇ ਸਨ। ਇਨ੍ਹਾਂ ਪੈਸਿਆਂ ਨੂੰ ਰੰਗਰਾਜ ਨੇ ਪਿੰਡ 'ਚ ਬਣੀ ਆਪਣੀ ਝੌਂਪੜੀ 'ਚ ਰੱਖਿਆ ਸੀ। ਹਾਲ ਹੀ 'ਚ ਜਦੋਂ ਉਹ ਇਨ੍ਹਾਂ ਪੈਸਿਆਂ ਕੱਢਣ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਬੈਗ 'ਚ ਰੱਖੇ ਸਾਰੇ ਨੋਟ ਚੂਹਿਆਂ ਨੇ ਕੁਤਰ ਦਿੱਤੇ ਹਨ। ਰੰਗਰਾਜ ਨੇ ਦੱਸਿਆ ਕਿ ਬੈਗ 'ਚ ਰੱਖੇ 500 ਅਤੇ 2000 ਰੁਪਏ ਦੇ ਨੋਟਾਂ ਨੂੰ ਚੂਹਿਆਂ ਨੇ ਕੁਤਰ ਦਿੱਤਾ ਅਤੇ ਜਦੋਂ ਉਹ ਬੈਂਕ ਕੋਲ ਇਨ੍ਹਾਂ ਨੂੰ ਬਦਲਵਾਉਣ ਲਈ ਪਹੁੰਚੇ ਤਾਂ ਬੈਂਕ ਨੇ ਨਵੇਂ ਨੋਟ ਦੇਣ ਤੋਂ ਇਨਕਾਰ ਕਰ ਦਿੱਤਾ।

ਪਰਿਵਾਰ 'ਤੇ ਆਇਆ ਆਰਥਿਕ ਸੰਕਟ
ਰੰਗਰਾਜ ਨੇ ਕਿਹਾ ਕਿ ਨੋਟਾਂ ਦੇ ਖਰਾਬ ਹੋਣ ਕਾਰਨ ਉਨ੍ਹਾਂ ਦੇ ਪਰਿਵਾਰ 'ਤੇ ਹੁਣ ਆਰਥਿਕ ਸੰਕਟ ਆ ਗਿਆ ਹੈ ਅਤੇ ਉਹ ਚਾਹੁੰਦੇ ਹਨ ਕਿ ਕਿਸੇ ਤਰ੍ਹਾਂ ਉਨ੍ਹਾਂ ਦੀ ਸਮੱਸਿਆ ਦਾ ਹੱਲ ਹੋ ਜਾਵੇ। ਦੱਸਣਯੋਗ ਹੈ ਕਿ ਕੁਝ ਸਮੇਂ ਪਹਿਲਾਂ ਆਸਾਮ ਦੇ ਤਿਨਸੁਕੀਆ ਜ਼ਿਲੇ 'ਚ ਵੀ ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਸੀ। ਤਿਨਸੁਕੀਆ ਜ਼ਿਲੇ 'ਚ ਖਰਾਬ ਪਏ ਇਕ ਏ.ਟੀ.ਐੱਮ. 'ਚ ਮੌਜੂਦ ਕੈਸ਼ ਨੂੰ ਚੂਹਿਆਂ ਨੇ ਕੁਤਰ ਦਿੱਤਾ ਸੀ। ਬੈਂਕ ਨੂੰ ਇਸ ਗੱਲ ਦਾ ਪਤਾ ਉਦੋਂ ਲੱਗਾ, ਜਦੋਂ ਏ.ਟੀ.ਐੱਮ. ਦੀ ਮੁਰੰਮਤ ਕਰਨ ਪੁੱਜੇ ਇੰਜੀਨੀਅਰਾਂ ਨੇ ਇੱਥੇ ਮਸ਼ੀਨ ਦਾ ਕੈਸ਼ ਪੈਨਲ ਖੋਲ੍ਹਿਆ। ਇਸ ਦੌਰਾਨ ਚੂਹਿਆਂ ਵਲੋਂ 10 ਲੱਖ ਰੁਪਏ ਤੋਂ ਵਧ ਦੀ ਨਕਦੀ ਦਾ ਨੁਕਸਾਨ ਕੀਤਾ ਗਿਆ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।